ਕੋਰਟ ਨੇ ਮਾਂ ਨੂੰ ਦਿੱਤੀ ਬੱਚਿਆਂ ਦੀ ਕਸਟਡੀ ਪਿਤਾ ਹਸਪਤਾਲ ਤੋਂ ਚੁੱਕ ਕੇ ਲੈ ਗਿਆ

06/29/2017 8:13:55 AM

ਚੰਡੀਗੜ੍ਹ (ਬਰਜਿੰਦਰ) - ਸੜਕ ਹਾਦਸੇ 'ਚ ਜ਼ਖਮੀ ਹੋਣ ਤੋਂ ਬਾਅਦ ਪੀ. ਜੀ. ਆਈ. ਦੀ ਐਮਰਜੈਂਸੀ 'ਚ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੀ ਇਕ ਮਾਂ ਨਾਲ ਪੀ. ਜੀ. ਆਈ. ਮਿਲਣ ਆਏ ਉਸਦੇ 2 ਬੱਚਿਆਂ ਨੂੰ ਉਨ੍ਹਾਂ ਦੇ ਪਿਤਾ ਵਲੋਂ ਕੋਰਟ ਦੇ ਹੁਕਮਾਂ ਖਿਲਾਫ ਜਾ ਕੇ ਆਪਣੀ ਕਸਟਡੀ 'ਚ ਲੈਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੀ. ਜੀ. ਆਈ. ਦੀ ਪੁਲਸ ਚੌਕੀ ਤੇ ਸੈਕਟਰ-11 ਥਾਣਾ ਪੁਲਸ ਵਲੋਂ ਸਬੰਧਿਤ ਵਿਅਕਤੀ ਖਿਲਾਫ ਕਾਰਵਾਈ ਨਾ ਕੀਤੇ ਜਾਣ 'ਤੇ ਆਈ. ਜੀ. ਪੀ. ਨੂੰ ਸ਼ਿਕਾਇਤ ਦਿੱਤੀ ਗਈ ਹੈ।
ਪੀ. ਜੀ. ਆਈ. 'ਚ ਵੈਂਟੀਲੇਟਰ 'ਤੇ ਪਈ ਔਰਤ ਦੇ ਭਰਾ ਖਰੜ ਵਾਸੀ ਰੋਹਨ ਕਟੋਚ ਨੇ ਆਈ. ਜੀ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਮੰਗ ਕੀਤੀ ਹੈ ਕਿ ਸੈਕਟਰ-15 ਵਾਸੀ ਰਾਹੁਲ ਮਹਿਰਾ (ਔਰਤ ਦਾ ਪਤੀ) ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਏ।  
ਦੋਸ਼ ਲਾਇਆ ਗਿਆ ਹੈ ਕਿ ਰਾਹੁਲ ਨੇ ਦੋ ਨਾਬਾਲਿਗ ਬੱਚਿਆਂ ਧਰੁਪ ਮਹਿਰਾ ਤੇ ਆਰੂਸ਼ ਮਹਿਰਾ ਨੂੰ ਕੋਰਟ ਦੇ ਹੁਕਮਾਂ ਦੇ ਬਾਵਜੂਦ ਬਿਨਾਂ ਕਾਨੂੰਨੀ ਕਸਟਡੀ ਮਨਜ਼ੂਰੀ ਦੇ ਪੀ. ਜੀ. ਆਈ. ਦੀ ਨਿਊਰੋ ਸਰਜਰੀ ਐਮਰਜੈਂਸੀ ਦੇ ਬਾਹਰੋਂ ਚੁੱਕ ਲਿਆ। ਉਥੇ ਹੀ ਸ਼ਿਕਾਇਤ 'ਚ ਰੋਹਨ ਨੇ ਮੰਗ ਕੀਤੀ ਹੈ ਕਿ ਦੋਵੇਂ ਬੱਚਿਆਂ ਦੀ ਕਸਟਡੀ ਉਨ੍ਹਾਂ ਦੀ ਭੈਣ ਸ਼ਵੇਤਾ ਕਟੋਚ ਨੂੰ ਵਾਪਿਸ ਦਿਵਾਈ ਜਾਏ। ਪੁਲਸ ਨੇ ਕੇਸ 'ਚ ਸਿਰਫ ਡੀ. ਡੀ. ਆਰ. ਦਰਜ ਕੀਤੀ ਹੈ, ਉਥੇ ਹੀ ਮਾਮਲੇ 'ਚ ਰਾਹੁਲ ਮਹਿਰਾ ਨੇ ਦੱਸਿਆ ਕਿ ਮੈਂ ਬੱਚਿਆਂ ਦਾ ਪਿਤਾ ਹਾਂ, ਮੇਰੀ ਪਤਨੀ ਇਸ ਸਮੇਂ ਬੱਚਿਆਂ ਨੂੰ ਪਾਲਣ ਦੀ ਹਾਲਤ 'ਚ ਨਹੀਂ ਹੈ। ਮੈਂ ਪਤਨੀ ਦੇ ਪਰਿਵਾਰ ਤੋਂ ਪੁੱਛ ਕੇ ਬੱਚਿਆਂ ਨੂੰ ਲੈ ਕੇ ਆਇਆ ਸੀ।
ਪੁਲਸ ਨੇ ਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਕੀਤੀ ਕਾਰਵਾਈ
ਆਈ. ਜੀ. ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਕੋਰਟ ਆਰਡਰ ਦਿਖਾਉਣ ਦੇ ਬਾਵਜੂਦ ਪੁਲਸ ਨੇ ਰਾਹੁਲ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਉਸਦੇ ਸੈਕਟਰ-15 ਸਥਿਤ ਘਰ ਜਾਣਾ ਜ਼ਰੂਰੀ ਸਮਝਿਆ। ਫੋਨ 'ਤੇ ਰਾਹੁਲ ਨੇ ਬੱਚਿਆਂ ਦੀ ਕਸਟਡੀ ਦੇਣ ਤੋਂ ਇਨਕਾਰ ਕਰ ਦਿੱਤਾ। ਆਈ. ਜੀ. ਤੋਂ ਮੰਗ ਕੀਤੀ ਗਈ ਹੈ ਕਿ ਐੱਫ. ਆਈ. ਆਰ. ਦਰਜ ਕੀਤੀ ਜਾਏ ਪਰ ਕੇਸ ਦੀ ਜਾਂਚ ਸੈਕਟਰ-11 ਥਾਣਾ ਪੁਲਸ ਨੂੰ ਨਾ ਦਿੱਤੀ ਜਾਏ ਕਿਉਂਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਪੱਖ ਦੀਆਂ ਪਹਿਲਾਂ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਨਹੀਂ ਕੀਤੀ। ਰਾਹੁਲ ਨੂੰ ਪ੍ਰਭਾਵਸ਼ਾਲੀ ਵਿਅਕਤੀ ਦੱਸਿਆ ਗਿਆ ਹੈ।  ਪੀ. ਜੀ. ਆਈ. ਚੌਕੀ ਇੰਚਾਰਜ ਰਾਣਪਾਲ ਸਿੰਘ ਦੇ ਵਿਵਹਾਰ 'ਤੇ ਵੀ ਸਵਾਲ ਚੁੱਕਦਿਆਂ ਕਿਹਾ ਗਿਆ ਕਿ 24 ਜੂਨ ਨੂੰ ਦਿੱਤੀ ਸ਼ਿਕਾਇਤ ਦੇ ਬਾਵਜੂਦ ਪੁਲਸ ਨੇ ਕਾਰਵਾਈ ਨਹੀਂ ਕੀਤੀ। ਉਨ੍ਹਾਂ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਤੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਪਤੀ-ਪਤਨੀ 'ਚ ਚੱਲ ਰਿਹੈ ਕਾਨੂੰਨੀ ਵਿਵਾਦ
ਅਸਲ 'ਚ 19 ਜੂਨ ਨੂੰ ਸ਼ਵੇਤਾ ਕਟੋਚ ਨਾਂ ਦੀ ਔਰਤ ਦਾ ਐਕਸੀਡੈਂਟ ਹੋ ਗਿਆ ਸੀ। ਉਸਨੂੰ ਤੁਰੰਤ ਜੀ. ਐੱਮ. ਸੀ. ਐੱਚ.-32 ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ. ਜੀ. ਆਈ. ਐਡਵਾਂਸ ਟ੍ਰਾਮਾ ਸੈਂਟਰ 'ਚ ਭਰਤੀ ਕਰਵਾਇਆ ਗਿਆ ਸੀ। ਉਹ ਫਿਲਹਾਲ ਐਮਰਜੈਂਸੀ ਨਿਊਰੋ ਸਰਜਰੀ 'ਚ ਵੈਂਟੀਲੇਟਰ 'ਤੇ ਹੈ। ਸ਼ਵੇਤਾ ਦੀ ਗੰਭੀਰ ਹਾਲਤ ਨੂੰ ਵੇਖ ਕੇ ਡਾਕਟਰਾਂ ਨੇ 25 ਜੂਨ ਨੂੰ ਆਪ੍ਰੇਸ਼ਨ ਦੀ ਤਰੀਕ ਦਿੱਤੀ ਸੀ। ਸ਼ਵੇਤਾ ਤੇ ਉਸਦੇ ਪਤੀ 'ਚ ਕਈ ਕਾਨੂੰਨੀ ਵਿਵਾਦ ਚੱਲ ਰਹੇ ਹਨ। ਪੰਚਕੂਲਾ ਕੋਰਟ ਨੇ ਜਨਵਰੀ 2015 'ਚ 10 ਤੇ 9 ਸਾਲ ਦੇ ਦੋਵੇਂ ਬੱਚਿਆਂ ਦੀ ਅੰਤ੍ਰਿਮ ਕਸਟਡੀ ਉਸਦੀ ਭੈਣ ਨੂੰ ਦਿੱਤੀ ਸੀ ਤੇ ਨਾਲ ਹੀ ਉਸਦੇ ਪਤੀ ਨੂੰ ਵਿਜ਼ਿਟ ਦਾ ਹੱਕ ਦਿੱਤਾ ਸੀ।