ਘਰੋਂ ਲਾਪਤਾ 12 ਸਾਲਾ ਬੱਚੇ ਦੀ ਕਤਲ ਕੀਤੀ ਲਾਸ਼ ਬਰਾਮਦ, ਰੋ-ਰੋ ਹਾਲੋ-ਬੇਹਾਲ ਹੋਇਆ ਪਰਿਵਾਰ

08/06/2022 6:22:29 PM

ਸਮਰਾਲਾ (ਗਰਗ, ਬੰਗੜ) : ਸਥਾਨਕ ਅੰਬੇਡਕਰ ਕਲੋਨੀ ਦੇ ਲਾਪਤਾ 12 ਸਾਲਾ ਬੱਚੇ ਦੀ ਲਾਸ਼ ਅੱਜ ਉਸ ਦੇ ਘਰ ਤੋਂ ਕੁਝ ਦੂਰੀ ’ਤੇ ਮਾਛੀਵਾੜਾ ਬਾਈਪਾਸ ਕੋਲੋਂ ਬਰਾਮਦ ਹੋਈ ਹੈ। ਇਹ ਬੱਚਾ ਪਿਛਲੇ ਦੋ ਦਿਨ ਤੋਂ ਘਰੋਂ ਗਾਇਬ ਸੀ ਅਤੇ ਮਾਪੇ ਉਸ ਦੀ ਭਾਲ ਵਿਚ ਲੱਗੇ ਹੋਏ ਸਨ, ਕਿ ਕਿਸੇ ਨੇ ਉਸ ਦੀ ਲਾਸ਼ ਵੇਖ ਕੇ ਪਰਿਵਾਰ ਨੂੰ ਇਸ ਦੀ ਸੂਚਨਾ ਦਿੱਤੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੰਬੇਡਕਰ ਕਲੋਨੀ ਨਿਵਾਸੀ ਸੁਨੀਲ ਕੁਮਾਰ, ਜੋਕਿ ਖੰਨਾ ਵਿਖੇ ਮਜ਼ਦੂਰੀ ਕਰਦਾ ਹੈ ਦਾ ਬੇਟਾ ਹਰਸ਼ ਕੁਮਾਰ (12) ਦੋ ਦਿਨ ਤੋਂ ਘਰੋਂ ਲਾਪਤਾ ਸੀ। ਉਸ ਦੀ ਮਾਂ ਅਤੇ ਹੋਰ ਰਿਸ਼ਤੇਦਾਰ ਲਗਾਤਾਰ ਉਸ ਦੀ ਭਾਲ ਕਰ ਰਹੇ ਸਨ ਅਤੇ ਅੱਜ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ, ਇੱਕ ਬੱਚੇ ਦੀ ਲਾਸ਼ ਸ਼ਹਿਰ ਦੇ ਮਾਛੀਵਾੜਾ ਬਾਈਪਾਸ ਨੇੜੇ ਸੁੰਨਸਾਨ ਇਮਾਰਤ ਦੇ ਗਟਰ ਵਿਚ ਪਈ ਹੈ। ਹਰਸ਼ ਦੀ ਮਾਂ ਨੇ ਉੱਥੇ ਜਾ ਕੇ ਜਦੋਂ ਵੇਖਿਆ ਤਾਂ ਇਹ ਲਾਸ਼ ਉਸ ਦੇ ਹੀ ਮਾਸੂਮ ਪੁੱਤਰ ਦੀ ਸੀ।

ਇਹ ਵੀ ਪੜ੍ਹੋ : ਵਿਆਹ ਤੋਂ 13 ਸਾਲ ਬਾਅਦ ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤੀ ਨੇ ਖ਼ੁਦਕੁਸ਼ੀ ਨੋਟ ’ਚ ਬਿਆਨ ਕੀਤਾ ਦਰਦ

ਜਾਣਕਾਰੀ ਮਿਲਦੇ ਹੀ ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਕੇ ’ਤੇ ਪੁੱਜੇ ਅਤੇ ਬੜੀ ਖਰਾਬ ਹਾਲਤ ਵਿਚ ਪਈ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਪੜਤਾਲ ਵਿਚ ਹੀ ਬੱਚੇ ਨੂੰ ਕਤਲ ਕਰਕੇ ਲਾਸ਼ ਇੱਥੇ ਸੁਟਣ ਦੀ ਸ਼ੰਕਾ ਸਾਹਮਣੇ ਆ ਰਹੀ ਹੈ ਅਤੇ ਡੂੰਘਾਈ ਨਾਲ ਪੜਤਾਲ ਜਾਰੀ ਹੈ। ਉਧਰ ਬਹੁਤ ਹੀ ਗਰੀਬ ਪਰਿਵਾਰ ਆਪਣੇ ਬੱਚੇ ਦੀ ਮੌਤ ਤੋਂ ਬਾਅਦ ਡੂੰਘੇ ਸਦਮੇ ਵਿਚ ਹੈ ਅਤੇ ਦੱਸ ਰਿਹਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਪਹਿਲਾਂ ਵੀ ਉਨ੍ਹਾਂ ਦਾ ਬੱਚਾ ਘਰੋਂ ਚਲਾ ਜਾਂਦਾ ਸੀ ਅਤੇ 1-2 ਦਿਨਾਂ ਬਾਅਦ ਖੁਦ ਹੀ ਘਰ ਪਰਤ ਆਉਂਦਾ ਸੀ। 

Gurminder Singh

This news is Content Editor Gurminder Singh