ਮੁੱਖ ਸਕੱਤਰ ਵਲੋਂ ਭਰਤੀ ਮੁਹਿੰਮ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼

06/16/2021 2:57:21 AM

ਚੰਡੀਗੜ੍ਹ (ਰਮਨਜੀਤ)- ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਵੱਖ-ਵੱਖ ਵਿਭਾਗਾਂ ਵਿਚ ਸ਼ੁਰੂ ਕੀਤੀ ਗਈ ਭਰਤੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੇ ਸਬੰਧ ਵਿਚ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਸਾਰੇ ਵਿਭਾਗ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ। ਇਹ ਨਿਰਦੇਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੋਜ਼ਗਾਰ ਸਿਰਜਣ ਸਬੰਧੀ ਪ੍ਰਮੁੱਖ ਯੋਜਨਾ ‘ਘਰ-ਘਰ ਰੋਜ਼ਗਾਰ’ ਅਨੁਸਾਰ ਛੇਤੀ ਰੋਜ਼ਗਾਰ ਉਪਲਬਧ ਕਰਾਉਣ ਦੇ ਸਬੰਧ ਵਿਚ ਦਿੱਤੇ ਗਏ ਹਨ।

ਸੋਮਵਾਰ ਇਥੇ ਸੂਬਾਈ ਰੋਜਗਾਰ ਯੋਜਨਾ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪ੍ਰਸ਼ਾਸ਼ਨਿਕ ਸਕੱਤਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 1 ਅਪ੍ਰੈਲ, 2017 ਤੋਂ ਹੁਣ ਤੱਕ ਯੋਗ ਬੇਰੋਜਗਾਰ ਨੌਜਵਾਨਾਂ ਨੂੰ 17.61 ਲੱਖ ਨੌਕਰੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 58,508 ਨੌਕਰੀਆਂ ਸਰਕਾਰੀ ਵਿਭਾਗਾਂ ਵਿਚ ਦੇਣ ਤੋਂ ਇਲਾਵਾ 7.06 ਲੱਖ ਨੌਕਰੀਆਂ ਪ੍ਰਾਈਵੇਟ ਖੇਤਰ ਵਿਚ ਅਤੇ 9.97 ਲੱਖ ਨੌਜਵਾਨਾਂ ਨੂੰ ਸਵੈ-ਰੁਜਗਾਰ ਦੇ ਉੱਦਮ ਵਿਚ ਸਹਾਇਤਾ ਕੀਤੀ ਗਈ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਸਰਕਾਰੀ ਖੇਤਰ ਵਿਚ 1 ਲੱਖ ਨੌਜਵਾਨਾਂ ਦੀ ਭਰਤੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਿਚ 61,336 ਆਸਾਮੀਆਂ ਭਰਨ ਲਈ 14 ਅਕਤੂਬਰ, 2020 ਨੂੰ ਸੂਬਾਈ ਰੋਜਗਾਰ ਯੋਜਨਾ ਨੂੰ ਮਨਜੂਰੀ ਦਿੱਤੀ ਸੀ।

ਮੰਤਰੀ ਮੰਡਲ ਦੇ ਇਸ ਫੈਸਲੇ ’ਤੇ ਅਮਲ ਕਰਦਿਆਂ, ਸਰਕਾਰ ਵਲੋਂ ਪਹਿਲਾਂ ਹੀ 33,553 ਆਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤੇ ਜਾ ਚੁੱਕੇ ਹਨ ਜਦੋਂਕਿ ਵੱਖ-ਵੱਖ ਵਿਭਾਗਾਂ ਵਿਚ ਭਰਤੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ ਅਤੇ 1 ਅਪ੍ਰੈਲ, 2020 ਤੋਂ ਹੁਣ ਤਕ 9,019 ਨਿਯੁਕਤੀਆਂ ਕੀਤੀਆਂ ਗਈਆਂ ਹਨ।

Bharat Thapa

This news is Content Editor Bharat Thapa