ਮੁੱਖ ਮੰਤਰੀ ਪੀ. ਪੀ. ਈ. ਕਿੱਟਾਂ ਦੀ ਖਰੀਦ ’ਚ ਹੋਏ ਘਪਲਿਆਂ ਦੀ ਸਮਾਂ-ਬੱਧ ਜਾਂਚ ਕਰਵਾਉਣ : ਅਕਾਲੀ ਦਲ

05/20/2020 12:19:40 AM

ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਪੀ. ਪੀ. ਈ. ਕਿੱਟਾਂ ਅਤੇ ਐਨ-95 ਮਾਸਕਾਂ ਦੀ ਖਰੀਦ ’ਚ ਵਾਰ-ਵਾਰ ਹੋ ਰਹੇ ਘਪਲਿਆਂ ਦੀ ਇਕ ਉਚ ਪੱਧਰੀ ਜਾਂਚ ਕਰਵਾਉਣ ਲਈ ਆਖਆਿ ਹੈ। ਪਾਰਟੀ ਨੇ ਉਜਾਗਰ ਕੀਤਾ ਹੈ ਕਿ ਕਿਸ ਤਰ੍ਹਾਂ ਅੰਮ੍ਰਿਤਸਰ ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰਾਂ ਤੋਂ ਬਾਅਦ ਹੁਣ ਲੁਧਿਆਣਾ ਸਿਵਲ ਹਸਪਤਾਲ ਦੇ ਸਮੁੱਚੇ ਸਟਾਫ਼ ਨੇ ਉਨ੍ਹਾਂ ਨੂਂੰ ਦਿੱਤੀਆਂ ਘਟੀਆ ਕਿਸਮ ਦੀਆਂ ਸੁਰੱਖਿਆ ਕਿੱਟਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਲੁਧਆਿਣਾ ’ਚ ਚਾਰ ਮੈਡੀਕਲ ਸਟਾਫ਼ ਮੈਂਬਰਾਂ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਮਗਰੋਂ ਮੁੱਖ ਮੰਤਰੀ ਨੂੰ ਪੀ. ਪੀ. ਈ. ਕਿੱਟਾਂ, ਦਸਤਾਨਿਆਂ ਅਤੇ ਮਾਸਕਾਂ ਦੀ ਖਰੀਦ ਦੀ ਇਕ ਸਮਾਂ-ਬੱਧ ਜਾਂਚ ਕਰਵਾਉਣ ਲਈ ਆਖਿਆ ਹੈ। ਅਕਾਲੀ ਆਗੂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਨ੍ਹਾਂ ਮੂਹਰਲੀ ਕਤਾਰ ਦੇ ਯੋਧਿਆਂ ਦੀਆਂ ਜਾਨਾਂ ਕਿਸੇ ਵੀ ਕੀਮਤ ’ਤੇ ਖ਼ਤਰੇ ’ਚ ਨਹੀਂ ਪਾਉਣ ਦੇਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ 'ਚ ਇਹ ਸੁਨੇਹਾ ਜਾਵੇਗਾ ਕਿ ਸਰਕਾਰ ਨੂੰ ਉਨ੍ਹਾਂ ਡਾਕਟਰਾਂ, ਨਰਸਿੰਗ ਸਟਾਫ਼ ਅਤੇ ਬਾਕੀ ਕਰਮਚਾਰੀਆਂ ਨਾਲ ਕੋਈ ਹਮਦਰਦੀ ਨਹੀਂ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀ ਸੁਰੱਖਿਆ ਦੀ ਪ੍ਰਵਾਹ ਕੀਤੇ ਬਿਨਾਂ ਸਰਕਾਰੀ ਹਸਪਤਾਲਾਂ ’ਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਚੀਮਾ ਨੇ ਮੰਗ ਕੀਤੀ ਹੈ ਕਿ ਘਟੀਆ ਕਿਸਮ ਦੀਆਂ ਸਾਰੀਆਂ ਪੀ.ਪੀ.ਈ. ਕਿੱਟਾਂ ਅਤੇ ਐਨ-95 ਮਾਸਕ ਸਪਲਾਈ ਕਰਨ ਵਾਲਿਆਂ ਨੂੰ ਵਾਪਸ ਕਰ ਦਿੱਤੇ ਜਾਣ ਅਤੇ ਉਨ੍ਹਾਂ ਨੂੰ ਵਧੀਆ ਕੁਆਲਟੀ ਦੀਆਂ ਸੁਰੱਖਿਆ ਕਿੱਟਾਂ ਅਤੇ ਮਾਸਕ ਦੇਣ ਲਈ ਕਿਹਾ ਜਾਵੇ। ਇਸੇ ਦੌਰਾਨ ਅਕਾਲੀ ਆਗੂ ਨੇ ਲੁਧਆਿਣਾ ਸਿਵਲ ਹਸਪਤਾਲ ਦੇ ਉਨ੍ਹਾਂ ਡਾਕਟਰਾਂ ਅਤੇ ਮੈਡੀਕਲ ਸਟਾਫ਼ ਦੀ ਸ਼ਲਾਘਾ ਕੀਤੀ, ਜਿਹੜੇ ਘਟੀਆ ਕਿਸਮ ਦੀਆਂ ਕਿੱਟਾਂ ਦੇਣ ਵਿਰੁਧ ਸੰਕੇਤਕ ਪ੍ਰਦਰਸ਼ਨ ਕਰਨ ਤੋਂ ਬਾਅਦ ਜਲਦੀ ਆਪਣੀਆਂ ਡਿਊਟੀਆਂ ’ਤੇ ਪਰਤ ਗਏ। । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਕਾਰਵਾਈ ਕਰਦਿਆਂ ਮੈਡੀਕਲ ਸਟਾਫ਼ ਨੂੰ ਵਧੀਆ ਕਿਸਮ ਦੀਆਂ ਪੀ.ਪੀ.ਈ. ਕਿੱਟਾਂ ਮੁਹੱਈਆ ਕਰਵਾਉਣੀਆਂ ਚਾਹੀਦੀਆ ਹਨ, ਨਹੀਂ ਤਾਂ ਇਸ ਮਹਾਮਾਰੀ ਖ਼ਿਲਾਫ਼ ਲੜਾਈ 'ਚ ਸੂਬੇ ਨੂੰ ਬਹੁਤ ਵੱਡਾ ਧੱਕਾ ਲੱਗੇਗਾ।

Bharat Thapa

This news is Content Editor Bharat Thapa