ਗੈਂਗਸਟਰਾਂ ''ਤੇ ਰੋਕ ਲਈ ਮੁੱਖ ਮੰਤਰੀ ''ਪਕੋਕਾ'' ਨੂੰ ਜਲਦੀ ਲਾਗੂ ਕਰਨ ਦੇ ਪੱਖ ''ਚ

01/15/2018 11:12:29 AM

ਜਲੰਧਰ (ਧਵਨ) — ਗੈਂਗਸਟਰਾਂ ਦੀਆਂ ਕਾਰਵਾਈਆਂ 'ਤੇ ਰੋਕ ਲਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਪਕੋਕਾ' (ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ) ਨੂੰ ਜਲਦੀ ਲਾਗੂ ਕਰਨ ਦੇ ਪੱਖ 'ਚ ਹਨ। ਭਾਵੇਂ ਪਿਛਲੇ ਕੁੱਝ ਮਹੀਨਿਆਂ ਤੋਂ 'ਪਕੋਕਾ' ਨੂੰ ਲਾਗੂ ਕਰਨ ਨੂੰ ਲੈ ਕੇ ਅੰਤਿਮ ਫੈਸਲਾ ਨਹੀਂ ਲਿਆ ਜਾ ਸਕਿਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਕੈਬਨਿਟ ਸਬ ਕਮੇਟੀਆਂ ਇਸ ਸਬੰਧ 'ਚ ਜਲਦੀ ਫੈਸਲਾ ਲੈ ਕੇ ਸਰਕਾਰ ਨੂੰ ਭੇਜੇ ਤਾਂ ਜੋ ਇਸ ਨੂੰ ਲਾਗੂ ਕਰਕੇ ਗੈਂਗਸਟਰਾਂ ਤੇ ਸਮਾਜ ਵਿਰੋਧੀ ਹੋਰ ਤਾਕਤਾਂ 'ਤੇ ਰੋਕ ਲਗਾਉਣ ਲਈ ਕਾਰਵਾਈ ਤੇਜ਼ ਕੀਤੀ ਜਾ ਸਕੇ।
ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੈਬਨਿਟ ਸਬ ਕਮੇਟੀ ਦੀ ਬੈਠਕ ਵੀ ਹੁਣ ਅਗਲੇ ਕੁਝ ਦਿਨਾਂ 'ਚ ਬੁਲਾਈ ਜਾ ਸਕਦੀ ਹੈ। ਕਮੇਟੀ ਦੇ ਕੁੱਝ ਮੈਂਬਰ ਪੁਲਸ ਨੂੰ ਅਸੀਮਤ ਸ਼ਕਤੀਆਂ ਦੇਣ ਦੇ ਪੱਖ 'ਚ ਨਹੀਂ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸਦੀ ਪੁਲਸ ਗਲਤ ਵਰਤੋਂ ਕਰ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਕੈਬਨਿਟ ਸਬ ਕਮੇਟੀ ਦੀ ਅਜੇ ਤਕ ਸਿਰਫ ਇਕ ਹੀ ਬੈਠਕ ਹੋਈ ਹੈ। ਮੁੱਖ ਮੰਤਰੀ ਨੇ ਕਮੇਟੀ ਮੈਂਬਰਾਂ ਨੂੰ ਜਲਦੀ ਆਪਣੀ ਰਿਪੋਰਟ ਦੇਣ ਦੇ ਹੁਕਮ ਦਿੱਤੇ ਹਨ। ਰਿਪੋਰਟ ਮਗਰੋਂ ਜੇਕਰ ਮੁੱਖ ਮੰਤਰੀ ਸਮਝਣਗੇ ਕਿ ਇਸ ਨੂੰ ਸੋਧੇ ਜਾਣ ਦੀ ਲੋੜ ਹੈ ਤਾਂ ਉਹ ਅਧਿਕਾਰੀਆਂ ਤੋਂ ਸੋਧ ਕਰਵਾ ਲੈਣਗੇ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਕ ਸੁਝਾਅ ਇਹ ਵੀ ਦਿੱਤਾ ਗਿਆ ਹੈ ਕਿ ਗੈਂਗਸਟਰਾਂ ਦੀਆਂ ਕਾਰਵਾਈਆਂ 'ਤੇ ਪੂਰੀ ਤਰ੍ਹਾਂ ਰੋਕ ਲਾਉਣ ਦੇ ਬਾਅਦ ਤਿੰਨ ਸਾਲ ਪਿੱਛੋਂ 'ਪਕੋਕਾ' 'ਤੇ ਮੁੜ ਵਿਚਾਰ ਕੀਤਾ ਜਾਵੇਗਾ। ਉਦੋਂ ਉਸ ਸਮੇਂ ਦੀਆਂ ਕਾਰਵਾਈਆਂ ਅਤੇ ਅਮਨ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਧਿਆਨ 'ਚ ਰੱਖ ਕੇ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਦੇ ਇਲਾਵਾ ਸੂਬੇ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਵੀ 'ਪਕੋਕਾ' ਨੂੰ ਜਲਦੀ ਲਾਗੂ ਕਰਨ ਦੇ ਪੱਖ 'ਚ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਸਰਕਾਰ ਵਲੋਂ ਜਲਦੀ ਹੀ 'ਪਕੋਕਾ' ਦੇ ਸਬੰਧ 'ਚ ਅੰਤਿਮ ਫੈਸਲਾ ਲੈ ਲਿਆ ਜਾਵੇਗਾ। ਸਰਕਾਰ ਵਲੋਂ ਬਣਾਈ ਗਈ ਇਸ ਕਮੇਟੀ 'ਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸ਼ਾਮਲ ਕੀਤਾ ਗਿਆ ਹੈ।