ਕੈਪਟਨ ਤੇ ਉਸ ਦੇ ਪੁੱਤਰ ਦੀਆਂ ਮੁਸ਼ਕਲਾਂ ਅਜੇ ਵੀ ਬਰਕਰਾਰ, 13 ਅਗਸਤ ਨੂੰ ਹੋਵੇਗੀ ਬਹਿਸ

07/30/2019 9:52:44 AM

ਲੁਧਿਆਣਾ (ਮਹਿਰਾ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਦੀਆਂ ਮੁਸ਼ਕਲਾਂ ਘੱਟ ਨਹੀਂ ਹੁੰਦੀਆਂ ਨਜ਼ਰ ਆ ਰਹੀਆਂ। ਇਨਕਮ ਟੈਕਸ ਵਿਭਾਗ ਵਲੋਂ ਇਨ੍ਹਾਂ ਦੋਵਾਂ ਖਿਲਾਫ ਲੁਧਿਆਣਾ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਪੀ. ਐੱਸ ਕਾਲੇਕਾ ਦੀ ਅਦਾਲਤ 'ਚ ਚੱਲ ਰਹੇ ਮਾਮਲੇ 'ਚ ਆਪਣੀਆਂ ਗਵਾਹੀਆਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿਸ ਤੋਂ ਬਾਅਦ ਅਦਾਲਤ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੂੰ ਅਦਾਲਤ 'ਚ ਤਲਬ ਕਰਨ ਜਾਂ ਨਾ ਕਰਨ 'ਤੇ ਬਹਿਸ ਨੂੰ ਲੈ ਕੇ ਮਾਮਲੇ ਨੂੰ 13 ਅਗਸਤ ਲਈ ਟਾਲ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਨਕਮ ਟੈਕਸ ਵਿਭਾਗ ਵਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਰਣਇੰਦਰ ਸਿੰਘ ਵਿਰੁੱਧ ਪਟੀਸ਼ਨ ਦਾਇਰ ਕੀਤੀ ਗਈ ਹੈ।

ਸ਼ਿਕਾਇਤ 'ਚ ਵਿਭਾਗ ਨੇ ਕੈਪਟਨ ਤੇ ਰਣਇੰਦਰ ਸਿੰਘ 'ਤੇ ਦੋਸ਼ ਲਾਇਆ ਕਿ ਕੈਪਟਨ ਅਤੇ ਬੇਟੇ ਦੀਆਂ ਵਿਦੇਸ਼ਾਂ 'ਚ ਕਈ ਚੱਲ-ਅਚੱਲ ਜਾਇਦਾਦਾਂ ਹਨ ਅਤੇ ਉਸ ਨੇ ਵਿਭਾਗ ਨੂੰ ਹਨੇਰੇ 'ਚ ਰੱਖ ਕੇ ਜਰਕੰਦਾਂ ਟਰੱਸਟ ਜ਼ਰੀਏ ਕਈ ਲਾਭ ਹਾਸਲ ਕੀਤੇ ਹਨ। ਇਨਕਮ ਟੈਕਸ ਵਿਭਾਗ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਜਾਣ ਬੁੱਝ ਕੇ ਇਸ ਸਬੰਧੀ ਦਸਤਾਵੇਜ਼ ਵੀ ਵਿਭਾਗ ਤੋਂ ਲੁਕਾਏ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਕੈਪਟਨ ਅਤੇ ਉਨ੍ਹਾਂ ਦੇ ਬੇਟੇ ਨੇ ਸਰਕਾਰੀ ਅਧਿਕਾਰੀਆਂ ਨੂੰ ਆਪਣੀ ਡਿਊਟੀ ਤੋਂ ਰੋਕਣ ਅਤੇ ਅੜਚਨਾਂ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਵਿਭਾਗ ਨੇ ਬਾਕਾਇਦਾ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਨੋਟਿਸ ਵੀ ਭੇਜਿਆ ਸੀ ਪਰ ਕੈਪਟਨ ਸਿੰਘ ਨੇ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।

rajwinder kaur

This news is Content Editor rajwinder kaur