ਸੰਵਿਧਾਨ ਦੇ ਦਾਇਰੇ ''ਚ ਰਹਿ ਕੇ ਅਕਾਲੀਆਂ ''ਤੇ ਹੋਵੇਗੀ ਕਾਰਵਾਈ: ਕੈਪਟਨ

05/02/2019 6:47:59 PM

ਜਲੰਧਰ—ਜਗ ਬਾਣੀ ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨਾਲ ਕੀਤੀ ਗਈ ਵਿਸ਼ੇਸ਼ ਇੰਟਰਵਿਊ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਅਕਾਲੀਆਂ 'ਤੇ ਕਾਰਵਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਮੇਰਾ ਕੰਮ ਨਹੀਂ ਇਸ ਦੇਸ਼ 'ਚ ਕਾਨੂੰਨ ਅਤੇ ਸੰਵਿਧਾਨ ਵੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਾਨੂੰਨ ਦੇ ਘੇਰੇ 'ਚ ਰਹਿ ਕੇ ਕੰਮ ਕਰਨਾ ਹੋਵੇਗਾ।

ਸ : ਤੁਹਾਡੇ ਨੇਤਾ ਕਹਿੰਦੇ ਹਨ ਕਿ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੂੰ ਸ਼ਰਮ ਆ ਰਹੀ ਹੈ। ਇਸ ਸਬੰਧੀ ਤੁਸੀਂ ਕੀ ਕਹੋਗੇ?
ਜ : ਅਸੀਂ ਕਾਰਵਾਈ ਕਿਵੇਂ ਕਰ ਸਕਦੇ ਹਾਂ। ਉਸ 'ਤੇ ਕਮਿਸ਼ਨ ਬੈਠਾ ਹੋਇਆ ਹੈ। ਮਾਮਲਾ ਅਦਾਲਤ ਵਿਚ ਹੈ। ਕੁਝ ਲੋਕ ਸੋਚਦੇ ਹਨ ਕਿ ਅਮਰਿੰਦਰ ਸਿੰਘ ਆ ਗਿਆ ਹੈ ਅਤੇ ਸਭ ਨੂੰ ਫੜ ਕੇ ਬੰਦ ਕਰ ਦੇਵੇਗਾ। ਇਹ ਮੇਰਾ ਕੰਮ ਨਹੀਂ ਹੈ। ਇਸ ਦੇਸ਼ ਵਿਚ ਕਾਨੂੰਨ ਅਤੇ ਸੰਵਿਧਾਨ ਹੈ। ਸਾਨੂੰ ਕਾਨੂੰਨ ਅਤੇ ਸੰਵਿਧਾਨ ਦੇ ਘੇਰੇ ਵਿਚ ਰਹਿ ਕੇ ਕੰਮ ਕਰਨਾ ਹੋਵੇਗਾ। ਜੇ ਕਾਨੂੰਨ ਕਹਿੰਦਾ ਹੈ ਕਿ ਕੋਈ ਦੋਸ਼ੀ ਹੈ ਤਾਂ ਉਸ ਨੂੰ ਜੇਲ ਵਿਚ ਸੁੱਟਿਆ ਜਾਣਾ ਚਾਹੀਦਾ ਹੈ। ਪਿਛਲੀ ਵਾਰ ਮੈਂ ਬਾਦਲ ਨੂੰ ਜੇਲ ਵਿਚ ਨਹੀਂ ਪਾਇਆ ਸੀ। ਉਨ੍ਹਾਂ ਦਾ ਵਕੀਲ ਮਤੇਵਾਲ ਅਦਾਲਤ ਵਿਚ ਨਹੀਂ ਪੁੱਜਿਆ ਅਤੇ ਅਦਾਲਤ ਨੇ ਬਾਦਲ ਨੂੰ ਜੇਲ ਅੰਦਰ ਭੇਜ ਦਿੱਤਾ। ਹੁਣ ਮੇਰੇ 'ਤੇ ਕਈ ਦੋਸ਼ ਲਾਏ ਜਾ ਰਹੇ ਹਨ ਕਿ ਮੈਂ ਕਾਰਵਾਈ ਨਹੀਂ ਕਰਦਾ। ਮੈਂ ਹਮੇਸ਼ਾ ਸੰਵਿਧਾਨ ਦੇ ਘੇਰੇ ਵਿਚ ਰਹਿ ਕੇ ਕੰਮ ਕੀਤਾ ਹੈ।

ਸ : ਨਵਜੋਤ ਸਿੰਘ ਸਿੱਧੂ ਅਤੇ ਸੁੱਖੀ ਰੰਧਾਵਾ ਇਸ ਮਾਮਲੇ ਵਿਚ ਸਭ ਤੋਂ ਵੱਧ ਹਮਲਾਵਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ?
ਜ : ਬਿਲਕੁੱਲ ਹੋਣੀ ਚਾਹੀਦੀ ਹੈ ਅਤੇ ਹੋ ਵੀ ਰਹੀ ਹੈ ਪਰ ਇਹ ਕਹਿਣਾ ਕਿ ਫੜ ਕੇ ਅੰਦਰ ਸੁੱਟ ਦਿਓਂ, ਮੈਂ ਇੰਝ ਨਹੀਂ ਕਰ ਸਕਦਾ। ਇਸ ਦਾ ਫੈਸਲਾ ਅਦਾਲਤ ਕਰੇਗੀ।

ਸ : ਕੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸ਼ਮਸ਼ੇਰ ਸਿੰਘ ਦੂਲੋ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ?
ਜ :ਦੂਲੋ ਬਾਰੇ ਜਿੰਨਾ ਬੋਲੋ, ਓਨਾ ਹੀ ਚੰਗਾ ਹੈ। ਕੀ ਇਹ ਚੰਗੀ ਗੱਲ ਹੈ ਕਿ ਉਸ ਨੇ ਆਪਣੀ ਪਤਨੀ ਅਤੇ ਬੇਟੇ ਨੂੰ ਆਮ ਆਦਮੀ ਪਾਰਟੀ ਵਿਚ ਭੇਜ ਦਿੱਤਾ। ਪਾਰਟੀ ਨੇ ਉਸ ਨੂੰ ਕੀ ਨਹੀਂ ਦਿੱਤਾ? ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਰਿਹਾ ਅਤੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਹੈ। ਉਸ ਨੂੰ ਪਾਰਟੀ ਨਾਲ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ। ਉਸ ਨੂੰ ਆਪਣੇ ਬੇਟੇ ਅਤੇ ਪਤਨੀ ਨੂੰ ਆਮ ਆਦਮੀ ਪਾਰਟੀ ਵਿਚੋਂ ਵਾਪਸ ਲਿਆਉਣਾ ਚਾਹੀਦਾ ਹੈ।

ਸ : ਚੋਣਾਂ ਦੌਰਾਨ ਰੇਤ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ ਅਤੇ ਟਰਾਂਸਪੋਰਟ ਮਾਫੀਆ ਦਾ ਮੁੱਦਾ ਉਛਲਿਆ ਪਰ ਕੋਈ ਕਾਰਵਾਈ ਨਹੀਂ ਹੋਈ?
ਜ : ਕਿਵੇਂ ਨਹੀਂ ਹੋਈ। ਤੁਸੀਂ ਕਹਿੰਦੇ ਹੋ ਕਿ ਕੀ ਮੈਂ ਸਾਰੀਆਂ ਬੱਸਾਂ ਬੰਦ ਕਰ ਦਿਆਂ।

ਸ : ਸੁਖਬੀਰ ਚੁਣੌਤੀ ਦਿੰਦੇ ਹਨ ਕਿ ਜਾਂ ਤਾਂ ਮੈਨੂੰ ਚੋਰ ਸਾਬਿਤ ਕਰੋ ਜਾਂ ਚੋਰ ਕਹਿਣਾ ਬੰਦ ਕਰੋ?
ਜ : ਅਸੀਂ ਟਰਾਂਸਪੋਰਟ ਨੂੰ ਲੈ ਕੇ ਨੀਤੀ ਬਣਾ ਸਕਦੇ ਸੀ। ਅਸੀਂ ਬਣਾ ਵੀ ਦਿੱਤੀ। ਇਸ ਪਾਲਿਸੀ ਅਧੀਨ ਟਰਾਂਸਪੋਰਟ ਨੂੰ ਚੱਲਣਾ ਹੋਵੇਗਾ। ਜੇ ਤੁਸੀ ਕਹਿੰਦੇ ਹੋ ਕਿ ਮੈਂ ਸਾਰੀਆਂ ਬੱਸਾਂ ਬੰਦ ਕਰ ਦਿਆਂ ਤਾਂ ਇੰਝ ਨਹੀਂ ਹੋ ਸਕਦਾ।

ਸ : ਕੀ ਇਸ ਦਾ ਮਤਲਬ ਪਹਿਲਾਂ ਸਭ ਕੁਝ ਠੀਕ ਚੱਲ ਰਿਹਾ ਸੀ?
ਜ : ਮੈਂ ਇਹ ਨਹੀਂ ਕਿਹਾ ਕਿ ਪਹਿਲਾਂ ਸਭ ਠੀਕ ਚੱਲ ਰਿਹਾ ਸੀ। ਉਸ ਸਮੇਂ ਇਕ ਲਾਇਸੈਂਸ ਹੁੰਦਾ ਸੀ ਅਤੇ 13 ਬੱਸਾਂ ਚੱਲਦੀਆਂ ਸਨ। ਕੀ ਇਹ ਸਭ ਠੀਕ ਸੀ?

ਸ : ਕੀ ਤੁਸੀਂ ਇਹ ਸਭ ਬੰਦ ਕਰ ਦਿੱਤਾ?
ਜ : ਸਪੱਸ਼ਟ ਹੈ ਕਿ ਬੱਸਾਂ ਬੰਦ ਹੋਈਆਂ ਹਨ। ਨਵੀਂ ਪਾਲਿਸੀ ਵਿਚ ਤੁਸੀਂ ਇੰਝ ਨਹੀਂ ਕਰ ਸਕਦੇ ਪਰ ਮੈਂ ਇਹ ਨਹੀਂ ਚਾਹੁੰਦਾ ਕਿ ਬੱਸਾਂ ਬੰਦ ਕਰ ਦਿਓ। ਮੈਂ ਕੋਈ ਸੈਂਸਰ ਨਹੀਂ ਬੈਠਾ ਹਾਂ ਕਿ ਕੇਬਲ ਨੂੰ ਬੰਦ ਕਰ ਦਿਆਂਗਾ। ਇਹ ਆਜ਼ਾਦ ਦੇਸ਼ ਹੈ। ਇਥੇ ਬੋਲਣ ਅਤੇ ਕੰਮ ਕਰਨ ਦੀ ਪੂਰੀ ਆਜ਼ਾਦੀ ਹੈ।

ਸ : ਤੁਹਾਡੇ ਆਗੂ ਕਹਿੰਦੇ ਹਨ ਕਿ ਅਸੀਂ ਚੋਣਾਂ ਦੌਰਾਨ ਵਾਅਦੇ ਕੀਤੇ ਸਨ ਕਿ ਅਕਾਲੀਆਂ ਦੇ ਕਾਰੋਬਾਰ ਨੂੰ ਗੈਰ-ਕਾਨੂੰਨੀ ਸਾਬਿਤ ਕਰਾਂਗੇ?
ਜ : ਗੈਰ-ਕਾਨੂੰਨੀ ਤਾਂ ਦੱਸ ਹੀ ਦਿੱਤਾ ਹੈ। ਇਕ ਪਰਮਿਟ 'ਤੇ 13 ਬੱਸਾਂ ਗੈਰ-ਕਾਨੂੰਨੀ ਨਹੀਂ ਸਨ ਭਲਾ? ਕੀ ਇਹ ਗੜਬੜ ਨਹੀਂ ਹੈ? ਜੇ ਕੋਈ 10-20 ਬੱਸਾਂ ਨਵੀਆਂ ਖਰੀਦ ਰਿਹਾ ਹੈ ਤਾਂ ਅਸੀਂ ਉਸ ਵਿਚ ਰੁਕਾਵਟ ਨਹੀਂ ਪਾ ਸਕਦੇ।

Shyna

This news is Content Editor Shyna