ਅੰਮ੍ਰਿਤਪਾਲ ਤੇ ਗੈਂਗਸਟਰਾਂ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀਆਂ ਵੱਡੀਆਂ ਗੱਲਾਂ

03/19/2023 1:51:06 PM

ਜਲੰਧਰ (ਰਮਨਦੀਪ ਸਿੰਘ ਸੋਢੀ)- ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਸੱਤਾ ’ਚ ਆਏ ਇਕ ਸਾਲ ਪੂਰਾ ਹੋ ਗਿਆ ਹੈ। ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਆਪਣੀਆਂ ਉਪਲੱਬਧੀਆਂ ਗਿਣਾਈਆਂ ਜਾ ਰਹੀਆਂ ਹਨ, ਉਥੇ ਹੀ ਵਿਰੋਧੀ ਪਾਰਟੀਆਂ ਵੱਲੋਂ ਵੱਖ-ਵੱਖ ਮਸਲਿਆਂ ’ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਪੰਜਾਬ ਦੀ ਕਾਨੂੰਨ ਵਿਵਸਥਾ, ਅਰਥਵਿਵਸਥਾ ਅਤੇ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਵਿਰੋਧੀ ਧਿਰ ਸਵਾਲ ਉਠਾ ਰਿਹਾ ਹੈ। ਅਜਿਹੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਨ੍ਹਾਂ ਸਭ ਸਵਾਲਾਂ ’ਤੇ ਕੀ ਸੋਚਦੇ ਹਨ, ਮਾਨ ਦਾ ਪੰਜਾਬ ਨੂੰ ਲੈ ਕੇ ਫਿਊਚਰ ਪਲਾਨ ਕੀ ਹੈ ਅਤੇ ਸਰਕਾਰ ਦੇ ਇਕ ਸਾਲ ਦਾ ਉਹ ਕਿਸ ਤਰ੍ਹਾਂ ਮੁਲਾਂਕਣ ਕਰਦੇ ਹਨ, ਇਨ੍ਹਾਂ ਤਮਾਮ ਵਿਸ਼ਿਆਂ ’ਤੇ ਮੁੱਖ ਮੰਤਰੀ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕੀਤੀ, ਜਿਸ ’ਚ ਲਾਰੈਂਸ ਬਿਸ਼ਨੋਈ ’ਤੇ ਖੁੱਲ੍ਹ ਕੇ ਚਰਚਾ ਹੋਈ।

ਵਿਰੋਧੀ ਦਲਾਂ ਵੱਲੋਂ ਪੰਜਾਬ ’ਚ ਸ਼ਾਂਤੀ ਭੰਗ ਹੋਣ ਦੇ ਦੋਸ਼ ਲਾਏ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰਾਂ ਦੇ ਮੁੱਦੇ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਮੇਰੀ ਪਹਿਲ ਹੈ। ਲੋਕਾਂ ਨੇ ਮੇਰੇ ’ਤੇ ਭਰੋਸਾ ਕੀਤਾ ਹੈ। ਮੈਂ ਇਸ ਮੀਡੀਆ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਗੱਲ-ਗੱਲ ’ਤੇ ਗੋਲੀਆਂ ਚਲਾਉਣ ਲੱਗ ਗਏ, ਅਸੀਂ ਆਖਿਰ ਸਾਬਿਤ ਕੀ ਕਰਨਾ ਚਾਹੁੰਦੇ ਹਾਂ। ਇਕ ਜ਼ਮਾਨਾ ਸੀ ਜਦੋਂ ਬਰਾਤ ਜਾਂਦੀ ਸੀ ਤਾਂ 5-5 ਦਿਨ ਕੁੜੀ ਵਾਲਿਆਂ ਦੇ ਇਥੇ ਰਹਿੰਦੇ ਸੀ। ਕਦੇ ਕੋਈ ਮੁਸ਼ਕਿਲ-ਪ੍ਰੇਸ਼ਾਨੀ ਨਹੀਂ ਆਉਂਦੀ ਸੀ ਪਰ ਹੁਣ ਅਸੀਂ ਵਿਆਹਾਂ ਵਿਚ ਹੀ ਗੋਲੀਆਂ ਚਲਾਉਣ ਲੱਗ ਗਏ ਹਾਂ, ਕਦੇ ਗੋਲੀ ਆਰਕੈਸਟ੍ਰਾ ਨੂੰ ਲੱਗਦੀ ਹੈ ਤਾਂ ਕਦੇ ਲਾੜੇ ਨੂੰ ਲੱਗ ਜਾਂਦੀ ਹੈ। ਹਾਲ ਇਹ ਹੋ ਗਿਆ ਹੈ ਕਿ ਹੁਣ ਬਰਾਤ ਨੂੰ 5 ਘੰਟੇ ਰੱਖਣਾ ਮੁਸ਼ਕਿਲ ਹੋ ਗਿਆ ਹੈ। ਇਸ ਕਾਰਨ ਅਸੀਂ ਅਸਲਾ ਲਾਇਸੈਂਸ ਦੇ ਕੇਸ ਰੀਵਿਊ ਕੀਤੇ ਹਨ, ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਫੋਟੋ ਪਾਉਣ ਵਾਲਿਆਂ ’ਤੇ ਸਖ਼ਤੀ ਕੀਤੀ ਹੈ।

ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਬੋਲੇ, ਖਾਲਿਸਤਾਨ ਦਾ ਪੰਜਾਬ ’ਚ ਕੋਈ ਰੌਲਾ ਨਹੀਂ, ਅੰਮ੍ਰਿਤਪਾਲ ਨੂੰ ਲੈ ਕੇ ਸਰਕਾਰ ਨੇ ਦੇ ਦਿੱਤਾ ਜਵਾਬ

ਪਿਛਲੀਆਂ ਸਰਕਾਰਾਂ ਦੀ ਦੇਣ ਹਨ ਗੈਂਗਸਟਰ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ’ਚ ਗੈਂਗਸਟਰ ਕੋਈ 4-5 ਮਹੀਨੇ ’ਚ ਪੈਦਾ ਨਹੀਂ ਹੋ ਗਏ। ਮੈਂ ਵਿਰੋਧੀ ਧਿਰ ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ ਨਾਭਾ ਜੇਲ੍ਹ ਬ੍ਰੇਕ, ਥਾਣੇ ਦੇ ਸਾਹਮਣੇ ਧੀ ਦੀ ਇੱਜ਼ਤ ਬਚਾਉਣ ਆਏ ਐੱਸ. ਐੱਚ. ਓ . ਨੂੰ ਗੋਲੀ ਮਾਰਨ ਦੀ ਘਟਨਾ, ਸੁੱਖਾ ਕਾਹਲਵਾਂ ਨੂੰ ਪੁਲਸ ਕੋਲੋਂ ਖੋਹ ਕੇ ਸ਼ਰੇਆਮ ਮਾਰਨਾ, ਇਹ ਸਭ ਕਿਸਦੇ ਰਾਜ ’ਚ ਹੋਇਆ ਹੈ। ਇਹ ਲੋਕ ਜਿੰਨਾ ਪ੍ਰਚਾਰ ਕਰ ਰਹੇ ਹਨ, ਓਨੀ ਗੱਲ ਹੈ ਨਹੀਂ। ਮੇਰਾ ਮੰਨਣਾ ਹੈ ਕਿ ਗੈਂਗਸਟਰ ਪਿਛਲੀਆਂ ਸਰਕਾਰਾਂ ਦੀ ਹੀ ਦੇਣ ਹਨ।
ਅਸੀਂ ਸੈਂਕੜਿਆਂ ਦੀ ਗਿਣਤੀ ’ਚ ਗੈਂਗਸਟਰ ਫੜੇ ਹਨ। ਪੁਲਸ ’ਤੇ ਜੇਕਰ ਕਿਸੇ ਨੇ ਹਮਲਾ ਕੀਤਾ ਹੈ ਤਾਂ ਐਨਕਾਊਂਟਰ ਵੀ ਹੋਇਆ ਹੈ। ਸਭ ਤੋਂ ਵੱਡੀ ਗੱਲ ਕਿ ਅਸੀਂ ਕਿਸੇ ਮਾਫ਼ੀਆ ਨੂੰ ਸਰਪ੍ਰਸਤੀ ਨਹੀਂ ਦਿੱਤੀ ਹੈ, ਜਿਸ ਤਰ੍ਹਾਂ ਵਿਰੋਧੀ ਧਿਰ ਦੇ ਲੋਕ ਚੋਣਾਂ ’ਚ ਇਨ੍ਹਾਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਕੋਲ ਕਹਿਣ ਨੂੰ ਕੁਝ ਨਹੀਂ ਹੈ। ਲਾ ਐਂਡ ਆਰਡਰ ਦੀ ਦੁਹਾਈ ਦੇ ਕੇ ਆਪਣੇ ਚਾਰ ਗੰਨਮੈਨ ਵਧਾ ਲੈਂਦੇ ਹਨ। ਇਨ੍ਹਾਂ ਲੋਕਾਂ ਨੂੰ ਸਮੱਸਿਆ ਇਹ ਹੈ ਕਿ ਇਨ੍ਹਾਂ ਦੇ ਹੱਥੋਂ ਰਾਜਭਾਗ ਖੁੰਝ ਗਿਆ ਅਤੇ ਆਮ ਲੋਕਾਂ ਦੀ ਸਰਕਾਰ ਬਣ ਗਈ। ਇਹ ਲੋਕ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਸਾਨੂੰ ਸਰਕਾਰ ਚਲਾਉਣੀ ਵੀ ਆਉਂਦੀ ਹੈ।

ਲਾ ਐਂਡ ਆਰਡਰ ਦੇ ਮਾਮਲੇ ’ਚ ਪੰਜਾਬ ਬਿਹਤਰ ਸੂਬਾ
ਜਦੋਂ ਮੁੱਖ ਮੰਤਰੀ ਨੂੰ ਤੁਹਾਡੇ ਇਕ ਸਾਲ ਦੇ ਕਾਰਜਕਾਲ ’ਚ ਹੋਈਆਂ ਘਟਨਾਵਾਂ ’ਤੇ ਕੀ ਕਹੋਗੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਜਿਸ ਅਖ਼ਬਾਰ ਨੂੰ ਲੈ ਕੇ ਵਿਰੋਧੀ ਧਿਰ ਲਾ ਐਂਡ ਆਰਡਰ ਦੀ ਦੁਹਾਈ ਦੇ ਰਿਹਾ ਸੀ, ਉਸੇ ਅਖ਼ਬਾਰ ਦੇ ਫਰਵਰੀ ਦੇ ਅੰਕ ’ਚ ਲਾ ਐਂਡ ਆਰਡਰ ਦੇ ਮਾਮਲੇ ਵਿਚ ਇਕ ਰਿਪੋਰਟ ਛਪੀ ਹੈ, ਜਿਸ ’ਚ ਪੰਜਾਬ ਗੁਜਰਾਤ ਤੋਂ ਬਾਅਦ ਦੂਜੇ ਨੰਬਰ ’ਤੇ ਲਾ ਐਂਡ ਆਰਡਰ ਦੇ ਮਾਮਲੇ ’ਚ ਬਿਹਤਰ ਸੂਬਾ ਦੱਸਿਆ ਗਿਆ। ਜਿੱਥੋਂ ਤੱਕ ਬੇਅਦਬੀ ਦੀ ਘਟਨਾ ਦੀ ਗੱਲ ਹੈ, ਉਸ ਨਾਲ ਲੱਖਾਂ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਇਨ੍ਹਾਂ ਲੋਕਾਂ ਨੂੰ ਤਾਂ ਕਦੇ ਮੁਆਫ਼ ਨਹੀਂ ਕੀਤਾ ਜਾ ਸਕਦਾ। ਅਸੀਂ ਤਾਂ ਉਸ ਮਾਮਲੇ ’ਚ ਵੀ ਚਲਾਨ ਪੇਸ਼ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਬੇਅਦਬੀ ਦੇ ਮੁੱਦੇ 'ਤੇ CM ਮਾਨ ਨੇ ਘੇਰੇ ਅਕਾਲੀ, ਕਿਹਾ-ਅਦਾਲਤ ’ਚ ਪੇਸ਼ ਹੋਣ ਤੋਂ ਭੱਜ ਰਹੇ ਹਨ ਬਾਦਲ

ਫਿਕਰ ਨਾ ਕਰੋ, ਮੈਂ ਹਾਂ ਨਾ
ਪੰਜਾਬ ’ਚ ਕਤਲ ਅਤੇ ਫਿਰੌਤੀ ਨੂੰ ਲੈ ਕੇ ਲੋਕ ਸਹਿਮੇ ਹੋਏ ਹਨ। ਇਸ ’ਤੇ ਮੁੱਖ ਮੰਤਰੀ ਨੇ ਕਿਹਾ–ਤੁਸੀਂ ਫਿਕਰ ਨਾ ਕਰੋ, ਮੈਂ ਹਾਂ ਨਾ। ਮੈਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਹਿਮ ਅਤੇ ਡਰ ਦਾ ਮਾਹੌਲ ਰੱਖਣ ਦੀ ਲੋੜ ਨਹੀਂ। ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ। ਇੱਥੋਂ ਦੇ ਲੋਕਾਂ ਦੀ ਆਪਸੀ ਸਾਂਝ ਮਜ਼ਬੂਤ ਹੈ। ਇਥੇ ਏ. ਕੇ.-47 ਚੱਲ ਹਟੀ, ਬੰਬ ਵੀ ਚੱਲ ਹਟੇ, ਇਹ ਨਹੀਂ ਟੁੱਟੇਗਾ। ਕੁਝ 2-4 ਸਮਾਜ ਵਿਰੋਧੀ ਅਨਸਰ ਜੋ ਅਜਿਹੇ ਕੰਮ ਕਰ ਰਹੇ ਹਨ, ਇਨ੍ਹਾਂ ਦੀ ਜੋ ਜਗ੍ਹਾ ਬਣਦੀ ਹੈ, ਉੱਥੇ ਪਹੁੰਚਾਵਾਂਗੇ। ਜੇ ਕੋਈ ਕਾਨੂੰਨ ਖ਼ਿਲਾਫ਼ ਚੱਲੇਗਾ ਤਾਂ ਕਾਨੂੰਨ ਤਾਂ ਉਸ ’ਤੇ ਵੀ ਲਾਗੂ ਹੋਵੇਗਾ। ਜੇ ਨੌਜਵਾਨਾਂ ਨੂੰ ਕੋਈ ਕਹਿ ਰਿਹਾ ਹੈ ਕਿ ਮੇਰੇ ਨਾਲ ਉਹੀ ਆਓ, ਜਿਸ ਨੇ ਮਰਨਾ ਹੋਵੇ ਤਾਂ ਉਨ੍ਹਾਂ ਲਈ ਇਹ ਗੱਲ ਕਹਿ ਰਿਹਾ ਹਾਂ ਕਿ ਬਸ ਕਰੋ, ਪੰਜਾਬ ਵਿਚ ਲੋਕਾਂ ਨੇ ਮੌਤ ਦੇ ਤਾਂਡਵ ਬਹੁਤ ਵੇਖੇ ਹਨ।

ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਹੋਣ ਲੱਗੀਆਂ ਤਿਆਰੀਆਂ, ਡੀ. ਸੀ. ਨੇ ਅਧਿਕਾਰੀਆਂ ਤੋਂ ਮੰਗੀ ਇਹ ਰਿਪੋਰਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri