ਚੀਫ ਖਾਲਸਾ ਦੀਵਾਨ ਦੇ ਵਟਸਐਪ ਗਰੁੱਪ 'ਚ ਮੈਂਬਰ ਨੇ ਪਾਈਆਂ ਅਸ਼ਲੀਲ ਤਸਵੀਰਾਂ (ਵੀਡੀਓ)

03/24/2019 6:36:11 PM

ਅੰਮ੍ਰਿਤਸਰ : ਇਕ ਵਾਰ ਫਿਰ ਚੀਫ ਖਾਲਸਾ ਦੀਵਾਨ ਸੰਸਥਾ ਉਸ ਵੇਲੇ ਮੁੜ ਚਰਚਾ ਵਿਚ ਆ ਗਈ ਜਦੋਂ ਸੰਸਥਾ ਦੇ ਮੈਂਬਰਾਂ ਦੇ ਵਟਸਐਪ ਗਰੁੱਪ 'ਸੀਕੇਡੀ ਅਪਡੇਟਸ' ਵਿਚ ਇਕ ਮੈਂਬਰ ਨੇ ਅਸ਼ਲੀਲ ਤਸਵੀਰਾਂ ਪਾ ਦਿੱਤੀਆਂ। ਇਸ ਦਾ ਗਰੁੱਪ ਮੈਂਬਰਾਂ ਨੇ ਸਖ਼ਤ ਇਤਰਾਜ਼ ਕੀਤਾ ਅਤੇ ਦੇਰ ਸ਼ਾਮ ਨੂੰ ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਵਲੋਂ ਅਸ਼ਲੀਲ ਤਸਵੀਰਾਂ ਪਾਉਣ ਵਾਲੇ ਮੈਂਬਰ ਨੂੰ ਚੀਫ ਖਾਲਸਾ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਇਸ ਵਟਸਐਪ ਗਰੁੱਪ ਵਿਚ ਦੀਵਾਨ ਦੇ ਲਗਪਗ 147 ਮੈਂਬਰ ਹਨ, ਜਿਨ੍ਹਾਂ ਵਿਚ ਕੁਝ ਮਹਿਲਾ ਮੈਂਬਰ ਵੀ ਸ਼ਾਮਲ ਹਨ। ਸ਼ਨੀਵਾਰ ਦੁਪਹਿਰ ਸਮੇਂ ਪਾਈਆਂ ਗਈਆਂ ਇਨ੍ਹਾਂ ਅਸ਼ਲੀਲ ਤਸਵੀਰਾਂ ਬਾਰੇ ਗਰੁੱਪ ਦੇ ਮੈਂਬਰਾਂ ਵਿਚ ਵਿਰੋਧ ਸ਼ੁਰੂ ਹੋ ਗਿਆ। ਗਰੁੱਪ ਦੇ ਮੈਂਬਰਾਂ ਨੇ ਇਨ੍ਹਾਂ ਤਸਵੀਰਾਂ ਦਾ ਸਖ਼ਤ ਇਤਰਾਜ਼ ਕੀਤਾ ਅਤੇ ਤਸਵੀਰਾਂ ਪਾਉਣ ਵਾਲੇ ਮੈਂਬਰ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ।
ਇਨ੍ਹਾਂ ਤਸਵੀਰਾਂ ਦਾ ਵਿਰੋਧ ਹੋਣ ਮਗਰੋਂ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਖ਼ਿਲਾਫ਼ ਕਾਰਵਾਈ ਕਰਦਿਆਂ ਦੀਵਾਨ ਦੇ ਮੈਂਬਰ ਨੂੰ ਪਹਿਲਾਂ ਵਟਸਐਪ ਗਰੁੱਪ 'ਚੋਂ ਹਟਾਇਆ ਗਿਆ ਅਤੇ ਮਗਰੋਂ ਉਸ ਦੀ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ। ਉਨ੍ਹਾਂ ਆਖਿਆ ਕਿ ਇਸ ਹਰਕਤ ਦੀ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਕਾਰਵਾਈ ਨੂੰ ਦੀਵਾਨ ਦੇ ਅਕਸ ਨੂੰ ਢਾਹ ਲਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਅਤੇ ਆਖਿਆ ਕਿ ਅਜਿਹੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ ਸੀ, ਤਾਂ ਜੋ ਭਵਿੱਖ ਵਿਚ ਕੋਈ ਹੋਰ ਅਜਿਹੀ ਕਾਰਵਾਈ ਨਾ ਕਰੇ। ਉਨ੍ਹਾਂ ਦੱਸਿਆ ਕਿ ਇਹ ਤਸਵੀਰਾਂ ਪਾਉਣ ਵਾਲੇ ਨੇ ਆਖਿਆ ਕਿ ਇਹ ਤਸਵੀਰਾਂ ਉਸ ਦੇ ਪਰਿਵਾਰਕ ਮੈਂਬਰ ਵਲੋਂ ਗ਼ਲਤੀ ਨਾਲ ਗਰੁੱਪ ਵਿਚ ਸ਼ਾਮਲ ਕਰ ਦਿੱਤੀਆਂ ਗਈਆਂ ਸਨ, ਜਿਸ ਬਾਰੇ ਉਸ ਨੂੰ ਜਾਣਕਾਰੀ ਨਹੀਂ ਸੀ, ਇਸ ਕਾਰਵਾਈ 'ਤੇ ਉਸ ਨੂੰ ਵੀ ਅਫ਼ਸੋਸ ਹੈ।

Gurminder Singh

This news is Content Editor Gurminder Singh