ਅਕਾਲੀ-ਭਾਜਪਾ ਵਫਦ ਦੀ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ, ਕੱਢੀ ਕਾਂਗਰਸ ਖਿਲਾਫ ਭੜਾਸ

09/08/2018 4:01:29 PM

ਚੰਡੀਗੜ੍ਹ : ਸ਼ਨੀਵਾਰ ਨੂੰ ਅਕਾਲੀ-ਭਾਜਪਾ ਗਠਜੋੜ ਦੇ ਇਕ ਵਫਦ ਨੇ ਸੂਬੇ ਦੇ ਮੁੱਖ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਅਤੇ ਬਲਾਕ ਸਮਿਤੀਆਂ ਅਤੇ ਜ਼ਿਲਾ ਪਰਿਸ਼ਦ ਦੀਆਂ ਚੋਣਾਂ ਲਈ ਭਰੇ ਜਾ ਰਹੇ ਨਾਮਜ਼ਦਗੀ ਪੱਤਰਾਂ ਦਾ ਸਮਾਂ ਵਧਾਉਣ ਦੀ ਮੰਗ ਕੀਤੀ। ਵਫਦ ਨੇ ਇਸ ਦੇ ਨਾਲ ਹੀ ਗੈਰ ਜ਼ਿੰਮੇਵਾਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ ਵੀ ਸਖਤ ਕਾਰਵਾਈ ਦੀ ਮੰਗ ਕੀਤੀ। ਵਫਦ ਦਾ ਕਹਿਣਾ ਸੀ ਵੱਖ-ਵੱਖ ਜ਼ਿਲਿਆਂ 'ਚ ਹੁਕਮਰਾਨ ਪਾਰਟੀ ਦੇ ਦਬਾਅ ਹੇਠ ਚੋਣ ਪ੍ਰਕਿਰਿਆ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੀਆਂ ਥਾਵਾਂ 'ਤੇ ਨਿਰਪੱਖ ਚੋਣ ਪ੍ਰਕਿਰਿਆ ਲਈ ਮਾਹੌਲ ਨਜ਼ਰ ਹੀ ਨਹੀਂ ਆ ਰਿਹਾ । 

ਵਫਦ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ ਹੁਕਮਾਂ 'ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਰਸਤੇ 'ਚ ਅੜਿੱਕੇ ਪਾਏ ਜਾਂਦੇ ਰਹੇ ਹਨ ਅਤੇ ਬਹੁਤ ਸਾਰੀਆਂ ਥਾਵਾਂ 'ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਜਾ ਰਿਹਾ ਹੈ। ਵਫਦ ਨੇ ਇਸ ਮੌਕੇ ਅੱਜ ਦੀਆਂ ਅਖਬਾਰਾਂ ਦੀਆਂ ਸੁਰਖੀਆਂ 'ਚ ਥਾਂ-ਥਾਂ ਚੱਲੀਆਂ ਗੋਲੀਆਂ ਅਤੇ ਭਾਰੀ ਹਿੰਸਕ ਘਟਨਾਵਾਂ ਦੀ ਮੂੰਹ ਬੋਲਦੀਆਂ ਤਸਵੀਰਾਂ ਪੇਸ਼ ਵੀ ਪੇਸ਼ ਕੀਤੀਆਂ। ਵਫਦ ਨੇ ਮੰਗ ਕੀਤੀ ਕਿ ਇਸ ਸਭ 'ਤੇ ਰੋਕ ਲਾ ਕੇ ਸੂਬੇ 'ਚ ਨਿਰਪੱਖ ਢੰਗ ਨਾਲ ਚੋਣਾਂ ਕਰਵਾਈਆਂ ਜਾਣ।