‘ਕੈਮਿਸਟ ਦਵਾਈ ਵੇਚਦੇ ਹਨ, ਨਸ਼ਾ ਨਹੀਂ

07/28/2018 3:54:01 AM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)-  ਪੰਜਾਬ ਵਿਚ ਚੱਲ ਰਹੇ 25 ਹਜ਼ਾਰ ਮੈਡੀਕਲ ਸਟੋਰਾਂ ਅਤੇ ਸਟੋਰਾਂ ਨਾਲ ਜੁਡ਼ੇ 1 ਲੱਖ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੀ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਕੀਤੀ ਜਾਣ ਵਾਲੀ ਜਾਂਚ ਨਾਲ ਆ ਰਹੀ ਪਰੇਸ਼ਾਨੀਆਂ ਨੂੰ ਲੈ ਕੇ ਅੱਜ ਸ਼ਹਿਰ ਭਰ ਦੇ ਕੈਮਿਸਟਾਂ ਨੇ ਸਵੇਰੇ 9 ਤੋਂ 12 ਵਜੇ ਤੱਕ ਮੈਡੀਕਲ ਸਟੋਰ ਬੰਦ ਰੱਖ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਕੈਮਿਸਟਾਂ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਤਰੀਕੇ ਨਾਲ ਰੋਸ ਜ਼ਾਹਿਰ ਕਰ ਰਹੇ ਹਨ ਜਿਸ ਦੀ ਲਡ਼ੀ ਦੇ ਤਹਿਤ ਵੀਰਵਾਰ ਦੇਰ ਸ਼ਾਮ ਨੂੰ ਸ਼ਹਿਰ ਦੇ ਮੁੱਖ ਮਾਰਗਾਂ ’ਤੇ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ ਜਦੋਂਕਿ ਇਸੇ ਲਡ਼ੀ ਤਹਿਤ 30 ਜੁਲਾਈ ਨੂੰ  ਮੈਡੀਕਲ ਸਟੋਰਾਂ ਮਾਲਕਾਂ ਨੇ ਹਡ਼ਤਾਲ ਰੱਖ ਕੇ ਸਟੋਰਾਂ  ਨੂੰ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ।
ਜ਼ਿਲਾ ਪ੍ਰਧਾਨ ਹਰਮੇਸ਼ ਪੁਰੀ ਨੇ ਦੱਸਿਆ ਕਿ ਬਹੁਤ ਸਾਰੀ ਦਵਾਈਆਂ ਜੋ ਐੱਨ.ਡੀ.ਪੀ.ਐੱਸ. ਦੇ ਘੇਰੇ ਵਿਚ ਆਉਂਦੀਆਂ ਹਨ ਆਨਲਾਈਨ ਉਪਲੱਬਧ ਹਨ ਜਦੋਂ ਕਿ ਸਰਕਾਰ, ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਅਜਿਹੇ ਵੇਚੇ ਜਾਣ ਵਾਲੇ ਨਸ਼ਿਆਂ ਦੇ ਖਿਲਾਫ ਕੋਈ ਕਾਰਵਾਈ ਕਰਨ ’ਚ ਪੂਰੀ ਤਰ੍ਹਾਂ ਨਾਲ ਅਸਮਰੱਥ ਹੈ।ਪ੍ਰਧਾਨ ਹਰਮੇਸ਼ ਪੁਰੀ ਅਤੇ ਜਨਰਲ ਸਕੱਤਰ ਸਤਨਾਮ ਪਨੇਸਰ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਪੰਜਾਬ ਸਰਕਾਰ ਦੀ ਨਸ਼ਾ ਰੋਕੂ ਅਤੇ ਤੰਦਰੁਸਤ ਪੰਜਾਬ ਮਿਸ਼ਨ ਵਿਚ ਪੂਰੀ ਤਰ੍ਹਾਂ ਨਾਲ ਹੈ। ਇਸ ਮੌਕੇ ਸੰਜੀਵ ਪੁਰੀ, ਰਵਿੰਦਰ ਗੌਤਮ, ਤਰੁਣ ਅਰੋਡ਼ਾ, ਅਨਿਲ ਬਾਲੀ, ਮੱਗਾ ਸੈਣੀ, ਕੁਲਦੀਪ ਮੱਲੀ, ਵਿਪਨ ਸ਼ਰਮਾ, ਯਸ਼ ਵਿਜ, ਗੁਰਨਾਮ ਸਿੰਘ ਚਾਹਲ, ਨਰੇਸ਼ ਸ਼ਰਮਾ, ਬਲਦੇਵ ਸਿੰਘ, ਸਤੀਸ਼ ਕੁਮਾਰ  ਅਤੇ ਕੈਲਾਸ਼ ਆਦਿ ਮੌਜੂਦ ਸਨ। 

ਸਰਕਾਰ ਖਿਲਾਫ ਕੈਂਡਲ ਮਾਰਚ ਕੱਢਿਆ
ਬੰਗਾ,  (ਚਮਨ ਲਾਲ/ਰਾਕੇਸ਼)- ਕੈਮਿਸਟ ਐਸੋਸੀਏਸ਼ਨ ਬੰਗਾ ਦੇ ਸਮੂਹ ਮੈਂਬਰਾਂ ਵੱਲੋਂ ਆਪਣੀ ਯੂਨੀਅਨ ਦੇ ਪ੍ਰਧਾਨ  ਵਿਕਰਮਜੀਤ ਚੋਪਡ਼ਾ ਦੀ ਯੋਗ ਅਗਵਾਈ ਹੇਠ ਸਰਕਾਰ ਤੇ ਪ੍ਰਸ਼ਾਸਨ ਦੁਆਰਾ ਉਨ੍ਹਾਂ ਦੇ ਕੰਮ ਵਿਚ ਵੱਧ ਰਹੀਅਾਂ ਦਿਨ ਪ੍ਰਤੀ ਦਿਨ ਵਧੀਕੀਆ ਵਿਰੁੱਧ ਦੇਰ ਰਾਤ ਬੰਗਾ ਮੁੱਖ ਮਾਰਗ ’ਤੇ ਇਕ ਕੈਂਡਲ ਮਾਰਚ ਕੱਢਿਆ ਗਿਆ। ਉਥੇ ਹੀ ਅੱਜ ਸਵੇਰੇ 11 ਵਜੇ ਤੱਕ ਬੰਗਾ ਦੇ ਸਮੂਹ ਮੈਡੀਕਲ ਸਟੋਰ ਬੰਦ ਰੱਖ ਸਰਕਾਰ ਵਿਰੁੱਧ ਆਪਣਾ ਰੋਸ ਜ਼ਾਹਿਰ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਯੂਨੀਅਨ ਦੇ ਪ੍ਰਧਾਨ  ਵਿਕਰਮਜੀਤ ਚੋਪਡ਼ਾ ਤੇ ਜਨਰਲ ਸਕੱਤਰ ਵਿਨੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ  ਕੰਮ ਕਰਦੇ ਕਈ ਕਈ ਸਾਲ ਬੀਤ ਚੁੱਕੇ ਹਨ ਪਰ ਕਿਸੇ ਵੀ ਸਰਕਾਰ ਨੇ ਅਜਿਹਾ ਧੱਕਾ ਅੱਜ ਤਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਸਮੂਹ ਕੈਮਿਸਟ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹੇ ਹਨ। ਪਰ ਆਏ ਦਿਨ ਦੁਕਾਨਾਂ ਦੀ ਚੈਕਿੰਗ ਕਰਨਾ  ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੀ ਉਨ੍ਹਾਂ ਪ੍ਰਤੀ ਇਹ ਹੀ ਨੀਤੀ ਰਹੀ ਤਾਂ ਉਹ ਸਰਕਾਰ ਵਿਰੁੱਧ ਵੱਡਾ ਸੰਘਰਸ਼ ਛੇੜਨਗੇ।  ਇਸ ਮੌਕੇ ਹਾਜ਼ਰ ਸਮੂਹ ਕੈਮਿਸਟਾਂ ਵਿਚ ਸ਼ਿਵਮ, ਅਜੇ ਗੌਡ਼, ਭੂਸ਼ਣ ਕੁਮਾਰ, ਦੀਪਕ ਗੁਲਾਟੀ, ਪਰਦੀਪ ਕੁਮਾਰ ਸੇਠੀ, ਅਸ਼ੋਕ ਕੁਮਾਰ, ਨਿਖਿਲ ਭਾਰਦਵਾਜ, ਸੁਰਜੀਤ ਰਾਮ, ਸਤਨਾਮ ਸਿੰਘ, ਰਮਨ ਖੋਸਲਾ, ਕਮਲ ਕੁਮਾਰ, ਸੋਮ ਨਾਥ, ਦਲੀਪ ਖੋਸਲਾ, ਚੇਤਨ ਆਨੰਦ, ਵਰਿੰਦਰ ਚੋਪਡ਼ਾ, ਕੌਸ਼ਲ ਕੁਮਾਰ ਸਰੀਨ, ਮੁਕੇਸ਼ ਕੁਮਾਰ ਜੋਸ਼ੀ ਤੋਂ ਇਲਾਵਾ ਹੋਰ ਬਹੁਤ ਸਾਰੇ ਕੈਮਿਸਟ ਤੇ ਵਰਕਰ ਹਾਜ਼ਰ ਸਨ।

ਰੂਪਨਗਰ, (ਕੈਲਾਸ਼)-ਸੂਬੇ ’ਚ ਨਸ਼ਾਖੋਰੀ ਨੂੰ ਖਤਮ ਕਰਨ ਦੀ ਮੁਹਿੰਮ ਦੀ ਆਡ਼  ’ਚ ਦਵਾਈ ਵਿਕਰੇਤਾਵਾਂ   ਨੂੰ ਤੰਗ ਪ੍ਰੇਸ਼ਾਨ ਕਰਨ ਸਬੰਧੀ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਬੀਤੀ ਸ਼ਾਮ ਰੂਪਨਗਰ ਦੇ ਸਮੂਹ ਕੈਮਿਸਟਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਕੇ ਕੈਂਡਲ ਮਾਰਚ ਕੱਢਿਆ। ਇਸ ਮੌਕੇ  ਜ਼ਿਲਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਜਿੰਦਰ ਜੱਗੀ, ਸਿਟੀ ਪ੍ਰਧਾਨ ਰੋਜ਼ੀ ਮਲਹੋਤਰਾ, ਗੁਰਪ੍ਰੀਤ ਸਿੰਘ ਕੋਹਲੀ, ਅਰੁਣਜੀਤ ਸਿੰਘ ਆਦਿ ਨੇ ਕਿਹਾ ਕਿ  ਸਰਕਾਰ ਕੈਮਿਸਟਾਂ ਨੂੰ  ਤੰਗ ਪ੍ਰੇਸ਼ਾਨ ਕਰ ਰਹੀ ਹੈ। ਸਾਰੀਅਾਂ  ਦਵਾਈਅਾਂ ਦੀਆਂ ਦੁਕਾਨਾਂ 27 ਤੇ 28 ਜੁਲਾਈ ਨੂੰ ਸਵੇਰੇ 11 ਵਜੇ ਤੱਕ ਬੰਦ ਰੱਖੀਆਂ ਜਾਣਗੀਆਂ ਅਤੇ 30 ਜੁਲਾਈ ਨੂੰ 24 ਘੰਟੇ ਦੀ ਮੁਕੰਮਲ ਹਡ਼ਤਾਲ ਕੀਤੀ ਜਾਵੇਗੀ।
ਉਕਤ ਅਾਯੋਜਿਤ ਕੈਂਡਲ ਮਾਰਚ ’ਚ ਘਨੌਲੀ, ਮੀਆਂਪੁਰ, ਪੁਰਖਾਲੀ ਦੇ ਸਮੂਹ ਕੈਮਿਸਟ  ਸ਼ਾਮਲ ਹੋਏ। ਕੈਂਡਲ ਮਾਰਚ ਦਾ ਅਾਯੋਜਨ ਹਸਪਤਾਲ ਚੌਕ ਤੋਂ ਲੈ ਕੇ ਸਥਾਨਕ ਬੇਲਾ ਚੌਕ ਤੱਕ ਕੀਤਾ ਗਿਆ ਅਤੇ  ਨਾਅਰੇਬਾਜ਼ੀ ਕੀਤੀ ਗਈ। ਕੈਂਡਲ ਮਾਰਚ ’ਚ ਵਰਿੰਦਰਪਾਲ ਸਿੰਘ, ਸੰਨੀ ਗੋਇਲ, ਗੁਰਚਰਨ ਸਿੰਘ, ਮਨਜੀਤ ਸਿੰਘ, ਗੁਲਸ਼ਨ ਕੁਮਾਰ, ਨਰਿੰਦਰ ਕੁਮਾਰ, ਕੈਲਾਸ਼ ਆਹੂਜਾ, ਸੰਜੀਵ ਵਰਮਾ, ਪਵਨ ਕੁਮਾਰ, ਰਾਜੇਸ਼ ਨਿਜਾਵਨ, ਰਣਦੀਪ ਗੁਪਤਾ, ਰਾਕੇਸ਼ ਗੁਪਤਾ, ਅਭਿਜੀਤ ਆਹੂਜਾ, ਗਗਨਦੀਪ ਰਿਸ਼ੀ, ਬਲਦੇਵ ਬਾਂਸਲ ਅਤੇ ਹੋਰ ਮੌਜੂਦ ਸਨ।