ਐੱਸ. ਡੀ. ਐੱਮ. ਵੱਲੋਂ ਆਈਲੈਟਸ ਤੇ ਵੀਜ਼ਾ ਐਡਵਾਈਜ਼ਰ ਸੈਂਟਰਾਂ ਦੀ ਚੈਕਿੰਗ

06/22/2018 4:27:52 AM

ਸੁਲਤਾਨਪੁਰ ਲੋਧੀ, (ਧੀਰ, ਅਸ਼ਵਨੀ)- ਪਵਿੱਤਰ ਨਗਰੀ 'ਚ ਫਰਜ਼ੀ ਆਈਲੈਟਸ ਸੈਂਟਰਾਂ ਰਾਹੀਂ ਨੌਜਵਾਨਾਂ ਦੇ ਭਵਿੱਖ ਨਾਲ ਕਥਿਤ ਤੌਰ 'ਤੇ ਖਿਲਵਾੜ ਕਰ ਰਹੇ ਕੁਝ ਸਟੱਡੀ ਪੁਆਇੰਟ ਤੇ ਵੀਜ਼ਾ ਸੈਂਟਰਾਂ ਦੇ ਸਬੰਧ 'ਚ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅੱਜ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਸ਼ਹਿਰ 'ਚ ਸਥਿਤ ਕੁਝ ਆਇਲੈਟਸ ਸੈਂਟਰ, ਵੀਜ਼ਾ ਕੌਂਸਲਿੰਗ ਸੈਂਟਰਾਂ 'ਤੇ ਪ੍ਰਸ਼ਾਸਕ ਅਮਲੇ ਦੇ ਨਾਲ ਅਚਨਚੇਤ ਚੈਕਿੰਗ ਕੀਤੀ, ਜਿਸ ਕਾਰਨ ਜਿਥੇ ਫਰਜ਼ੀ ਸਟੱਡੀ ਸੈਂਟਰਾਂ 'ਚ ਭੜਥੂ ਪੈ ਗਿਆ, ਉਥੇ ਪੁਲਸ ਨੂੰ ਇਕ ਸਟੱਡੀ ਸੈਂਟਰਾਂ ਤੋਂ ਵੱਡੀ ਮਾਤਰਾ 'ਚ ਪਾਸਪੋਰਟ ਤੇ ਹੋਰ ਕਾਗਜ਼ਾਤ ਮਿਲੇ ਹਨ।
 ਗੌਰਤਲਬ ਹੈ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਵੱਲੋਂ ਬਿਨਾਂ ਪ੍ਰਸ਼ਾਸਨ ਦੀ ਇਜਾਜ਼ਤ ਤੇ ਲਾਇਸੈਂਸ ਤੋਂ ਬਿਨਾਂ ਖੋਲ੍ਹੇ ਆਇਲੈਟਸ ਤੇ ਸਟੱਡੀ ਸੈਂਟਰਾਂ ਨੂੰ ਬਗੈਰ ਆਗਿਆ ਤੋਂ ਸਟੱਡੀ ਸੈਂਟਰ ਤੇ ਵੀਜ਼ਾ ਐਡਵਾਈਜ਼ ਪੁਆਇੰਟ ਖੋਲ੍ਹਣ ਤੋਂ ਤਾੜਨਾ ਕੀਤੀ ਗਈ। ਇਸ ਸਬੰਧੀ ਕੁਝ ਸਟੱਡੀ ਪੁਆਇੰਟਾਂ ਨੇ ਤਾਂ ਜ਼ਿਲਾ ਪ੍ਰਸ਼ਾਸਨ ਨੂੰ ਆਗਿਆ ਲੈਣ ਵਾਸਤੇ ਬੇਨਤੀ ਲਿਖ ਕੇ ਭੇਜ ਦਿੱਤੀ ਸੀ ਪਰ ਸ਼ਹਿਰ 'ਚ ਇਕ ਪ੍ਰਸਿੱਧ ਸਟੱਡੀ ਸੈਂਟਰ ਜੋ ਪਹਿਲਾਂ ਸਟੱਡੀ ਤੇ ਆਇਲੈਟਸ ਦੇ ਨਾਂ 'ਤੇ ਬੱਚਿਆਂ ਨੂੰ ਆਇਲੈਟਸ ਕਰਵਾ ਕੇ ਬਾਹਰ ਭੇਜਣ ਦਾ ਕੰਮ ਕਰਦਾ ਸੀ ਪਰ ਕੁਝ ਦਿਨਾਂ ਤੋਂ ਉਸ ਨੇ ਆਪਣਾ ਨਾਂ ਬਦਲ ਕੇ ਹੋਰ ਰੱਖ ਲਿਆ ਸੀ। ਸ਼ਹਿਰ 'ਚ ਅਜਿਹੇ ਫਰਜ਼ੀਵਾੜੇ ਸਬੰਧੀ ਮਿਲ ਰਹੀਆਂ ਵਾਰ-ਵਾਰ ਸ਼ਿਕਾਇਤਾਂ 'ਤੇ ਅੱਜ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਅਚਨਚੇਤ ਚੈਕਿੰਗ ਅਭਿਆਨ ਚਲਾਇਆ।
ਇਸ ਸਬੰਧੀ ਜਦੋਂ ਐੱਸ. ਡੀ. ਐੱਮ. ਡਾ. ਚਾਰੂਮਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਝ ਸਟੱਡੀ ਸੈਂਟਰਾਂ ਤੇ ਵੀਜ਼ਾ ਐਡਵਾਈਜ਼ਰ ਸੈਂਟਰਾਂ 'ਤੇ ਛਾਪੇਮਾਰੀ ਕੀਤੀ ਗਈ ਹੈ, ਜਿਨ੍ਹਾਂ 'ਚੋਂ ਕੁਝ ਨੂੰ ਜ਼ਰੂਰੀ ਦਸਤਾਵੇਜ਼ ਜੋ ਅਧੂਰੇ ਸਨ, ਉਨ੍ਹਾਂ ਨੂੰ ਪੂਰਾ ਕਰਨ ਵਾਸਤੇ ਕਿਹਾ ਗਿਆ ਹੈ। ਸ਼ਹਿਰ 'ਚ ਇਕ ਸਟੱਡੀ ਸੈਂਟਰ ਤੇ ਸਾਨੂੰ ਕੁਝ ਅਨਿਯਮਤਾਵਾਂ ਮਿਲੀਆਂ ਹਨ, ਜਿਨ੍ਹਾਂ ਦੇ ਰਿਕਾਰਡ ਦੀ ਅਸੀਂ ਪੂਰੀ ਬਾਰੀਕੀ ਨਾਲ ਜਾਂਚ ਕਰ ਰਹੇ ਹਾਂ। ਜਾਂਚ ਤੋਂ ਬਾਅਦ ਅਸੀਂ ਤਹਾਨੂੰ ਕੁਝ ਦੱਸ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇ ਉਸ ਸਟੱਡੀ ਸੈਂਟਰ ਦੇ ਵਿਰੁੱਧ ਸਾਨੂੰ ਪੂਰੇ ਦਸਤਾਵੇਜ਼ ਜੋ ਜ਼ਰੂਰੀ ਹੁੰਦੇ ਹਨ ਨਾ ਮਿਲੇ ਤਾਂ ਉਸ ਦੇ ਵਿਰੁੱਧ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਫਰਜ਼ੀ ਸਟੱਡੀ ਸੈਂਟਰ ਨੂੰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਐੱਸ. ਐੱਚ. ਓ. ਸਰਬਜੀਤ ਸਿੰਘ, ਸਟੈਨੋ ਐੱਸ. ਡੀ. ਐੱਮ. ਜਗਦੀਸ਼ ਕੁਮਾਰ ਅਤੇ ਹੋਰ ਵੀ ਅਧਿਕਾਰੀ ਹਾਜ਼ਰ ਸਨ।