70 ਲੋਕਾਂ ਨੂੰ ਠੱਗਣ ਵਾਲੇ ਏਜੰਟ ਨੂੰ ਕਾਬੂ ਕਰ ਥਾਣੇ ਲੈ ਕੇ ਗਏ ਨੌਜਵਾਨ, ਅੱਗਿਓਂ ਮਿਲਿਆ ਅਜੀਬ ਜਵਾਬ

04/20/2023 2:08:50 PM

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ’ਚ ਵਿਦੇਸ਼ ਭੇਜਣ ਦੇ ਨਾਮ ’ਤੇ 70 ਦੇ ਕਰੀਬ ਨੌਜਵਾਨਾਂ ਨਾਲ ਠੱਗੀ ਮਾਰਨ ਵਾਲੇ ਏਜੰਟ ਨੂੰ ਬੀਤੀ ਰਾਤ ਨੌਜਵਾਨਾਂ ਨੇ ਕਾਬੂ ਕਰ ਲਿਆ ਹੈ, ਜਿਸ ਤੋਂ ਬਾਅਦ ਜਦੋਂ ਏਜੰਟ ਨੂੰ ਬਰਿਆਰ ਪੁਲਸ ਚੌਂਕੀ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਸਿਟੀ ਪੁਲਸ ਦਾ ਮਾਮਲਾ ਕਹਿ ਕੇ ਉੱਥੇ ਭੇਜ ਦਿੱਤਾ ਪਰ ਜਦੋਂ ਨੌਜਵਾਨਾਂ ਨੇ ਏਜੰਟ ਨੂੰ ਸਿਟੀ ਪੁਲਸ ਸਟੇਸ਼ਨ ਲਿਆਂਦਾ ਤਾਂ ਉੱਥੋਂ ਦੇ ਕਰਮਚਾਰੀਆਂ ਨੇ ਬਰਿਆਰ ਪੁਲਸ ਚੌਂਕੀ ਦਾ ਮਾਮਲਾ ਕਹਿ ਕੇ ਉੱਥੇ ਭੇਜ ਦਿੱਤਾ, ਜਿਸ ਕਾਰਨ ਸਾਰੀ ਰਾਤ ਨੌਜਵਾਨ ਏਜੰਟ ਨੂੰ ਲੈ ਕੇ ਘੁੰਮਦੇ ਰਹੇ ਅਤੇ ਪ੍ਰੇਸ਼ਾਨ ਹੁੰਦੇ ਰਹੇ। ਜਾਣਕਾਰੀ ਅਨੁਸਾਰ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਵੱਲੋਂ ਕੁਝ ਦਿਨ ਪਹਿਲਾਂ ਗੁਰਦਾਸਪੁਰ ’ਚ ਏਜੰਟ ਦੇ ਦਫ਼ਤਰ ਬਾਹਰ ਹੰਗਾਮਾਂ ਵੀ ਕੀਤਾ ਗਿਆ ਸੀ ਪਰ ਠੱਗ ਏਜੰਟ ਉੱਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ, ਜਿਸ ਤੋਂ ਪ੍ਰੇਸ਼ਾਨ ਨੌਜਵਾਨਾਂ ਬੀਤੀ ਰਾਤ ਨੂੰ ਇਸ ਠੱਗ ਏਜੰਟ ਨੂੰ ਕਾਬੂ ਕੀਤਾ।

ਇਹ ਵੀ ਪੜ੍ਹੋ- ਭਾਰਤੀ ਸੀਮਾ ’ਚ ਦੋ ਵਾਰ ਦਾਖ਼ਲ ਹੋਇਆ ਪਾਕਿ ਡਰੋਨ, BSF ਦੀ ਫਾਇਰਿੰਗ ਮਗਰੋਂ ਪਰਤਿਆ ਵਾਪਸ

ਇਸ ਸਬੰਧੀ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਦੱਸਿਆ ਕਿ ਇਸ ਠੱਗ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂ ’ਤੇ 70 ਦੇ ਕਰੀਬ ਨੌਜਵਾਨਾਂ ਕੋਲੋਂ ਲੱਖਾਂ ਰੁਪਏ ਲਏ ਸਨ, ਜਿਸ ਤੋਂ ਬਾਅਦ ਨੌਜਵਾਨਾਂ ਨੂੰ ਝੂਠੇ ਵੀਜ਼ੇ ਅਤੇ ਝੂਠੀਆਂ ਟਿਕਟਾਂ ਦਿੱਤੀਆਂ ਗਈਆਂ ਸਨ। ਪਿਛਲੇ ਦਿਨੀਂ ਨੌਜਵਾਨਾਂ ਵੱਲੋਂ ਗੁਰਦਾਸਪੁਰ ਦੀ ਬਰਾਂਚ ਦੇ ਅੱਗੇ ਹੰਗਾਮਾਂ ਵੀ ਕੀਤਾ ਗਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ, ਜਿਸ ਤੋਂ ਬਾਅਦ ਰਾਤੀ 9 ਵਜੇ ਦੇ ਕਰੀਬ ਏਜੰਟ ਵੱਲੋਂ ਨੌਜਵਾਨਾਂ ਨੂੰ ਫੋਨ ਕਰ ਕੇ ਕਿਹਾ ਗਿਆ ਕਿ ਜੇਕਰ ਤੁਸੀਂ ਆਪਣੇ ਪਾਸਪੋਰਟ ਵਾਪਸ ਲੈਣੇ ਹਨ ਤਾਂ ਤਿੰਨ-ਤਿੰਨ ਹਜ਼ਾਰ ਰੁਪਏ ਉਸ ਨੂੰ ਆਨਲਾਈਨ ਭੇਜੋ ਤੇ ਆਪਣੇ ਪਾਸਪੋਰਟ ਲੈ ਲਵੋ, ਜਿਸ ਤੋਂ ਬਾਅਦ ਗੁਰਦਾਸਪੁਰ ਦੇ ਕਾਹਨੂੰਵਾਨ ਚੌਂਕ ’ਚ ਨੌਜਵਾਨਾਂ ਨੇ ਇਸ ਏਜੰਟ ਨੂੰ ਕਾਬੂ ਕਰ ਲਿਆ ਅਤੇ ਬਾਅਦ ਵਿਚ ਨੌਜਵਾਨਾਂ ਨੇ ਏਜੰਟ ਨੂੰ ਬਰਿਆਰ ਚੌਂਕੀ ’ਚ ਲਿਆਂਦਾ ਗਿਆ। ਜਿਥੇ ਪੁਲਸ ਵੱਲੋਂ ਕਹਿ ਦਿੱਤਾ ਗਿਆ ਕਿ ਇਸ ਨੂੰ ਸਿਟੀ ਥਾਣੇ ਲੈ ਜਾਓ, ਜਿਸ ਤੋਂ ਬਾਅਦ ਨੌਜਵਾਨ ਸਿਟੀ ਥਾਣੇ ਪਹੁੰਚੇ ਤਾਂ ਸਿਟੀ ਥਾਣੇ ਦੀ ਵੀ ਪੁਲਸ ਨੇ ਕੋਈ ਵੀ ਕਾਰਵਾਈ ਕਰਨ ਤੋਂ ਮਨਾ ਕਰ ਦਿੱਤਾ ਅਤੇ ਕਹਿ ਦਿੱਤਾ ਗਿਆ ਕਿ ਇਹ ਸਾਡੀ ਹੱਦ ’ਚ ਨਹੀਂ ਹੈ। ਇਸ ਨੂੰ ਬਰਿਆਰ ਚੌਂਕੀ ਲੈ ਜਾਓ ਅਤੇ ਪੁਲਸ ਵੱਲੋਂ ਨੌਜਵਾਨਾਂ ਦਾ ਕੋਈ ਵੀ ਸਾਥ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ- ਨੌਜਵਾਨਾਂ ਲਈ ਮਿਸਾਲ ਬਣਿਆ ਗੁਰਦਾਸਪੁਰ ਦਾ ਅੰਮ੍ਰਿਤਬੀਰ ਸਿੰਘ, ਚੜ੍ਹਦੀ ਜਵਾਨੀ ਮਾਰੀਆਂ ਵੱਡੀਆਂ ਮੱਲ੍ਹਾਂ

ਨੌਜਵਾਨਾਂ ਨੇ ਦੱਸਿਆ ਕਿ ਜਦੋਂ ਇਸ ਮਾਮਲੇ ਸਬੰਧੀ ਐੱਸ. ਐੱਸ. ਪੀ. ਗੁਰਦਾਸਪੁਰ ਨੂੰ ਫੋਨ ਕੀਤਾ ਤੇ ਉਨ੍ਹਾਂ ਦੇ ਦਫ਼ਤਰ ਵਿਚ ਹਾਜ਼ਰ ਮੁਲਾਜ਼ਮ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਸਵੇਰੇ 9 ਵਜੇ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਨੌਜਵਾਨਾਂ ਨੇ ਕਿਹਾ ਕਿ ਪੁਲਸ ਨੇ ਤਾਂ ਕੁਝ ਨਹੀਂ ਕੀਤਾ ਪਰ ਜੇਕਰ ਅਸੀਂ ਇਸ ਏਜੰਟ ਨੂੰ ਕਾਬੂ ਕੀਤਾ ਹੈ ਤਾਂ ਪੁਲਸ ਆਪਣੀ ਹਿਰਾਸਤ ਵਿਚ ਨਹੀਂ ਲੈ ਰਹੀ। ਨੌਜਵਾਨਾਂ ਨੇ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਹੀਂ ਹੋਈ ਤਾਂ ਅਸੀਂ ਸੜਕਾਂ ’ਤੇ ਧਰਨੇ ਲਗਾਉਣ ਲਈ ਮਜ਼ਬੂਰ ਹੋਵਾਂਗੇ। ਦੂਜੇ ਪਾਸੇ ਜਦ ਐੱਸ. ਐੱਸ. ਪੀ. ਗੁਰਦਾਸਪੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan