ਐਮ. ਪੀ. ਚੌਧਰੀ ਸੰਤੋਖ ਸਿੰਘ ਤੇ ਡੀ. ਸੀ. ਨੇ ਭੋਗਪੁਰ ਦਾਣਾ ਮੰਡੀ ''ਚ ਝੋਨੇ ਦੀ ਖਰੀਦ ਕਰਵਾਈ ਸ਼ੁਰੂ

10/05/2019 9:13:56 PM

ਭੋਗਪੁਰ,(ਸੂਰੀ): ਆ੍ਹੜਤੀਆਂ ਵੱਲੋਂ ਕਿਸਾਨਾਂ ਦੇ ਵੇਰਵੇ ਵਿਭਾਗ ਦੇ ਪੋਰਟਲ 'ਤੇ ਦਰਜ਼ ਨਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਝੋਨੇ ਦੀ ਖਰੀਦ ਸਬੰਧੀ ਕੀਤੀ ਗਈ ਹੜਤਾਲ ਖਤਮ ਹੋਣ ਤੋਂ ਬਾਅਦ ਅੱਜ ਦਾਣਾ ਮੰਡੀ ਭੋਗਪੁਰ 'ਚ ਲੋਕ ਸਭਾ ਹਲਕਾ ਜਲੰਧਰ ਦੇ ਐਮ. ਪੀ. ਚੌਧਰੀ ਸੰਤੋਖ ਸਿੰਘ ਤੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵਲੋਂ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਐਸ. ਐਸ. ਪੀ. ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ, ਡੀ. ਐਮ. ਪਨਗ੍ਰੇਨ ਨਰਿੰਦਰ ਸਿੰਘ, ਡੀ. ਐਮ. ਮਾਰਕਫੈਡ ਸਚਿਨ ਗਰਗ, ਡੀ. ਐਮ ਵੇਅਰ ਹਾਊਸ ਕਨਰਦੀਪ ਸਿੰਘ, ਜ਼ਿਲ੍ਹਾ ਮੰਡੀ ਅਫਸਰ ਵਰਿੰਦਰ ਖੇੜਾ, ਆੜੀ ਯੂਨੀਅਨ ਭੋਗਪੁਰ ਦੇ ਪ੍ਰਧਾਨ ਰਾਜ ਕੁਮਾਰ ਰਾਜਾ ਵਿਸ਼ੇਸ਼ ਤੌਰ 'ਤੇ ਦਾਣਾ ਮੰਡੀ ਭੋਗਪੁਰ ਪੁੱਜੇ।

ਇਸ ਮੌਕੇ ਉਨ੍ਹਾਂ ਮੰਡੀ 'ਚ ਝੋਨੇ ਦੀ ਫਸਲ ਲੈ ਕੇ ਪੁੱਜੇ ਕਿਸਾਨ ਸਰਪੰਚ ਬਲਵਿੰਦਰ ਸਿੰਘ ਮੱਲ੍ਹੀ ਨੰਗਲ ਦਾ ਮੂੰਹ ਮਿੱਠਾ ਕਰਵਾ ਕੇ ਖਰੀਦ ਸ਼ੁਰੂ ਕਰਵਾਈ। ਮੈਂਬਰ ਪਾਰਲੀਮੈਂਟ, ਡਿਪਟੀ ਕਮਿਸ਼ਨਰ ਤੇ ਐਸ. ਐਸ. ਪੀ. ਵਲੋਂ ਭੋਗਪੁਰ ਦਾਣਾ ਮੰਡੀ 'ਚ ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਸ ਸਾਲ ਜ਼ਿਲ੍ਹੇ 'ਚ 9.63 ਲੱਖ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ। ਉਨ੍ਹਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਝੋਨੇ ਦੀ ਖਰੀਦ ਦੇ ਚੱਲ ਰਹੇ ਸੀਜ਼ਨ ਦੌਰਾਨ ਕਿਸਾਨਾਂ ਦੇ ਝੋਨੇ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇਗਾ। ਉਨ੍ਹਾ ਕਿਹਾ ਕਿ ਕਿਸਾਨਾਂ ਨੂੰ ਆਪਣੇ ਸੋਨੇ ਰੰਗੀ ਫ਼ਸਲ ਨੂੰ ਵੇਚਣ 'ਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਜ਼ਿਲੇ-ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟਾਂ, ਖ਼ਰੀਦ ਏਜੰਸੀਆਂ ਪਨਗਰੇਨ, ਮਾਰਕਫ਼ੈਡ, ਪਨਸਪ, ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਤੇ ਐਫ. ਸੀ. ਆਈ. ਦੇ ਮੁਖੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਖੁਦ ਮੰਡੀਆਂ 'ਚ ਜਾ ਕੇ ਝੋਨੇ ਦੀ ਖ਼ਰੀਦ ਪ੍ਰਕਿਰਿਆ ਦੀ ਨਿਗਰਾਨੀ ਕਰਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹ ਵੀ ਹਦਾਇਤਾਂ ਕੀਤੀਆਂ ਗਈਆ ਹਨ ਕਿ ਕਿਸਾਨਾਂ ਦੇ ਖ਼ਰੀਦੇ ਝੋਨੇ ਦੀ ਅਦਾਇਗੀ ਨੂੰ ਸਮੇਂ ਸਿਰ ਯਕੀਨੀ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਮੰਡੀਆਂ 'ਚ ਕਿਸਾਨਾਂ ਲਈ ਸ਼ੈਡ, ਪੀਣ ਵਾਲੇ ਪਾਣੀ ਅਤੇ ਝੋਨੇ ਦੀ ਮਿਆਰ ਨੂੰ ਮਾਪਣ ਵਾਲੇ ਯੰਤਰ ਮੁਹੱਈਆ ਕਰਵਾਏ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਮਤੀ ਮੈਂਬਰ ਬਲਵੰਤ ਸਿੰਘ ਬੰਤ, ਗੁਰਪ੍ਰੀਤ ਸਿੰਘ ਭੱਟੀ, ਪਰਮਿੰਦਰ ਸਿੰਘ ਮੱਲ੍ਹੀ, ਮੋਹਣ ਲਾਲ ਭੰਡਾਰੀ, ਜਸਵੀਰ ਸਿੰਘ ਸੈਣੀ, ਅਮਰਜੀਤ ਸਿੰਘ ਕੰਗ, ਸੁਨੀਲ ਦੱਤ ਸ਼ਰਮਾ, ਰਾਜ ਕੁਮਾਰ ਭੱਲਾ, ਸੁਕਿਨੀ ਅਰੋੜਾ, ਜਗਮੋਹਨ ਸੁਖੀਜਾ, ਜਸਪਾਲ ਸੁਖੀਜਾ, ਸਕੱਤਰ ਮਾਰਕੀਟ ਕਮੇਟੀ ਗਰੀਸ਼ ਸਹਿਗਲ, ਏਐਫਐਸਓ ਅਰੁਣ ਕਪੂਰ, ਰਜ਼ਨੀਸ਼ ਰਾਮਪਾਲ, ਵਿਕਾਸ ਰਾਣਾ, ਪ੍ਰੀਤਮ ਸਿੰਘ ਸੱਗਰਾਂਵਾਲੀ, ਜਗਜੀਤ ਸਿੰਘ ਜੰਡੀਰ, ਸਰਪੰਚ ਰਾਕੇਸ਼ ਭੱਲਾ, ਸਰਪੰਚ ਪ੍ਰਦੀਪ ਕੁਮਾਰ, ਤਰਸੇਮ ਲਾਲ ਗੇਹਲੜਾਂ, ਸਤ ਪ੍ਰਕਾਸ਼, ਕੌਂਸਲਰ ਜਸਪਾਲ ਸਿੰਘ ਆਦਿ ਹਾਜ਼ਰ ਸਨ।