ਜਲੰਧਰ ਤੋਂ ਟਿਕਟ ਮਿਲਣ ਮਗਰੋਂ ਚੰਨੀ ਦਾ ਪਹਿਲਾ ਬਿਆਨ, ਕਿਹਾ– ‘ਮੈਂ ਤੁਹਾਡੇ ਵਿਚਕਾਰ ਸੁਦਾਮਾ ਬਣ ਕੇ ਆਉਣਾ ਹੈ’

04/15/2024 5:36:08 AM

ਪੰਜਾਬ ਡੈਸਕ– ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਹਾਈ ਕਮਾਂਡ ਨੇ ਜਲੰਧਰ ਤੋਂ ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ ਹੈ। ਜਲੰਧਰ ’ਚ ਇਸ ਵਾਰ ਚਰਨਜੀਤ ਸਿੰਘ ਚੰਨੀ ਤੇ ‘ਆਪ’ ਛੱਡ ਭਾਜਪਾ ’ਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਵਿਚਾਲੇ ਤਗੜਾ ਮੁਕਾਬਲਾ ਦੇਖਣ ਨੂੰ ਮਿਲਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ : ਰਾਤ ਵੇਲੇ ਕੁੜੀ ਨੂੰ ਮਿਲਣ ਆਏ ਨੌਜਵਾਨ ਦਾ ਦਾਦੇ-ਪੋਤੇ ਨੇ ਇੱਟਾਂ-ਰੌੜੇ ਮਾਰ ਕਰ ’ਤਾ ਕਤਲ

ਚਰਨਜੀਤ ਸਿੰਘ ਚੰਨੀ ਵਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਲੈ ਕੇ ਟਿਕਟ ਮਿਲਣ ਤੋਂ ਪਹਿਲਾਂ ਹੀ ਤਿੱਖੀਆਂ ਪ੍ਰਤੀਕਿਰਿਆਵਾਂ ਕੀਤੀਆਂ ਜਾ ਚੁੱਕੀਆਂ ਹਨ। ਚੰਨੀ ਨੇ ਰਿੰਕੂ ਨੂੰ ਇਥੋਂ ਤਕ ਆਖ ਦਿੱਤਾ ਹੈ ਕਿ ਉਸ ਬੰਦੇ ਦਾ ਕੋਈ ਸਟੈਂਡ ਨਹੀਂ ਹੈ।

ਹੁਣ ਟਿਕਟ ਮਿਲਣ ਮਗਰੋਂ ਚੰਨੀ ਨੇ ਐਕਸ ’ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਚੰਨੀ ਨੇ ਲਿਖਿਆ, ‘‘ਮੈਂ ਇੰਡੀਅਨ ਨੈਸ਼ਨਲ ਕਾਂਗਰਸ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ’ਤੇ ਯਕੀਨ ਕਰਕੇ ਮੈਨੂੰ ਜਲੰਧਰ ਤੋਂ ਲੋਕ ਸਭਾ ਦੀ ਟਿਕਟ ਦਿੱਤੀ। ਜਲੰਧਰ ਦੀ ਸੇਵਾ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ।’’

ਅਖੀਰ ਚੰਨੀ ਨੇ ਲਿਖਿਆ, ‘‘ਜਲੰਧਰ ਵਾਲਿਓਂ ਮੈਂ ਤੁਹਾਡੇ ਵਿਚਕਾਰ ਸੁਦਾਮਾ ਬਣ ਕੇ ਆਉਣਾ ਹੈ ਤੇ ਆਸ਼ਾ ਕਰਦਾ ਹਾਂ ਕਿ ਤੁਸੀਂ ਮੈਨੂੰ ਸ਼੍ਰੀ ਕ੍ਰਿਸ਼ਨ ਦੀ ਤਰ੍ਹਾਂ ਨਿਵਾਜੋਗੇ।’’

ਦੱਸ ਦੇਈਏ ਕਿ ਫਿਲੌਰ ਤੋਂ ਕਾਂਗਰਸ ਪਾਰਟੀ ਦੇ ਐੱਮ. ਐੱਲ. ਏ. ਵਿਕਰਮਜੀਤ ਸਿੰਘ ਚੌਧਰੀ, ਚੰਨੀ ਨੂੰ ਟਿਕਟ ਦਿੱਤੇ ਜਾਣ ਤੋਂ ਪਹਿਲਾਂ ਹੀ ਨਾਰਾਜ਼ ਚੱਲ ਰਹੇ ਹਨ। ਵਿਕਰਮਜੀਤ ਸਿੰਘ ਚੌਧਰੀ ਜਲੰਧਰ ਤੋਂ ਲੋਕ ਸਭਾ ਚੋਣ ਲੜਨਾ ਚਾਹੁੰਦੇ ਸਨ ਪਰ ਪਾਰਟੀ ਨੇ ਚੰਨੀ ਦੇ ਨਾਂ ’ਤੇ ਮੋਹਰ ਪਹਿਲਾਂ ਹੀ ਲਗਾ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh