ਪੰਜਾਬ ਦੇ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਯੂ. ਕੇ. ਦੇ ਰੋਡ ਸ਼ੋਅ 'ਚ ਪੁੱਜੇ ਚੰਨੀ

09/23/2019 8:58:25 AM

ਚੰਡੀਗੜ੍ਹ : ਭਾਰਤ ਸਰਕਾਰ ਦੇ ਸੈਰ ਸਪਾਟਾ ਤੇ ਸਭਿਆਚਾਰ ਮੰਤਰਾਲੇ ਵਲੋਂ ਭਾਰਤੀ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਗਲਾਸਗੋ, ਮਨਚੈਸਟਰ (ਯੂ. ਕੇ.) ਅਤੇ ਡਬਲਿਨ(ਆਇਰਲੈਂਡ) ਵਿਖੇ ਤਿੰਨ ਰੋਡ ਸ਼ੋਅਜ਼ ਦਾ ਆਯੋਜਨ ਕੀਤਾ ਗਿਆ। ਗਲਾਸਗੋ 'ਚ ਕਰਵਾਏ ਗਏ ਰੋਡ ਸ਼ੋਅ 'ਚ ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰ ਮਾਮਲੇ, ਤਕਨੀਕੀ ਸਿੱਖਿਆ ਤੇ ਰੋਜ਼ਗਾਰ ਉੱਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਦੀ ਨੁਮਾਇੰਦਗੀ ਕੀਤੀ।

ਇਸ ਰੋਡ ਸ਼ੋਅ ਵਿੱਚ ਸ੍ਰੀਮਤੀ ਅੰਜੂ ਰੰਜਨ, ਆਈ. ਐਫ. ਐਸ.ਕਾਊਂਸਲ ਜਨਰਲ ਗਲਾਸਗੋ, ਯੂ. ਕੇ. ਸੈਰ-ਸਪਾਟਾ ਅਪ੍ਰੇਟਰਜ਼, ਟ੍ਰੈਵਲ ਏਜੰਟਜ਼, ਟੂਰਿਸਟ ਕਾਊਂਸਲਰਜ਼ , ਬਲਾਗਰਜ਼ ਅਤੇ ਹੋਟਾਈਲਰਜ਼ ਨੇ ਹਿੱਸਾ ਲਿਆ। ਇਸ ਦੌਰਾਨ ਭਾਰਤੀ ਪਰਵਾਸੀ ਭਾਈਚਾਰੇ ਵਿਸ਼ੇਸ਼ ਕਰਕੇ ਪੰਜਾਬੀਆਂ 'ਚੋਂ ਸੰਜੀਵ ਕੋਚਰ ਤੇ ਜਸਵੀਰ ਸਿੰਘ ਵੀ ਸ਼ਾਮਲ ਸਨ। ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰ ਮਾਮਲੇ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਆਉਣ ਲਈ ਪ੍ਰੇਰਿਆ ਜਿਥੇ ਕਿ ਵਿਸ਼ਵ ਪੱਧਰ ਦੀਆਂ ਸਹੂਲਤਾਂ ਜਿਵੇਂ ਹੋਟਲ, ਸੜਕਾਂ, ਰੇਲ ਮਾਰਗ , ਹਵਾਈ ਆਵਾਜਾਈ ਸਬੰਧੀ ਵਧੀਆ ਸਹੂਲਤਾਂ ਉਪਲਬਧ ਹਨ।

ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਪੰਜਾਬ ਦੁਨੀਆਂ ਭਰ ਵਿੱਚ ਆਉਣ ਵਾਲੇ ਸੈਲਾਨੀਆਂ ਦਾ ਪਸੰਦੀਦਾ ਸਥਾਨ ਬਣਕੇ ਉੱਭਰਿਆ ਹੈ। ਪੰਜਾਬੀ ਦੁਨੀਆਂ ਭਰ ਵਿਚ ਆਪਣੀ ਮੇਜ਼ਬਾਨੀ ਲਈ ਮਸ਼ਹੂਰ ਹਨ ਅਤੇ ਇਹ ਵੀ  ਇੱਕ ਕਾਰਨ ਹੈ ਕਿ ਪੰਜਾਬ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੈ। ਸ੍ਰੀ ਚੰਨੀ ਨੇ ਪ੍ਰਵਾਸੀ ਭਾਰਤੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜ਼ਸਨਾਂ ਵਿੱਚ ਸ਼ਾਮਲ ਹੋਣ ਲਈ ਵੀ ਸੱਦਾ ਦਿੱਤਾ ਜਿਸ ਲਈ ਸੂਬਾ ਸਰਕਾਰ ਵਲੋਂ ਬਿਹਤਰੀਨ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਗਲਾਸਗੋ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਵਿੱਚ ਰਹਿਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜ਼ਸਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਵੱਧ ਤੋਂ ਵਧ ਸੰੰਗਤਾਂ ਨੂੰ ਪ੍ਰੇਰਿਤ ਕਰਨ ਲਈ ਵੀ ਅਪੀਲ ਕੀਤੀ। ਇਸ ਮੌਕੇ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਜਨਰਲ ਸ੍ਰੀ ਵਿਕਾਸ ਰਸਤੋਗੀ  ਦੇ ਸੈਲਾਨੀ ਨੂੰ ਆਕਰਸ਼ਿਤ ਕਰਨ ਲਈ ਇਕ ਪੇਸ਼ਕਾਰੀ ਵੀ ਦਿੱਤੀ। ਗਲਾਸਗੋ ਦੇ ਇਸ ਰੋਡ ਸ਼ੋਅ ਵਿੱਚ ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਤੋਂ ਰੀਨੂ ਅਤੇ ਸ੍ਰੀਮਤੀ ਸ਼ੋਭਾ ਅਤੇ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Babita

This news is Content Editor Babita