ਚਰਨਜੀਤ ਚੰਨੀ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣਨ ਨਾਲ ਦੋਆਬਾ ਦੀ ਦਲਿਤ ਰਾਜਨੀਤੀ ’ਚ ਬਣਨਗੇ ਨਵੇਂ ਸਮੀਕਰਨ

09/20/2021 4:56:58 PM

ਜਲੰਧਰ (ਚੋਪੜਾ)-ਆਲ ਇੰਡੀਆ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਵਿਚ ਦਲਿਤ ਰਾਜਨੀਤੀ ’ਤੇ ਖੇਡੇ ਗਏ ਮਾਸਟਰ ਕਾਰਡ ਨਾਲ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਬਣਨ ਨਾਲ ਸੂਬੇ ਦੀ ਦਲਿਤ ਰਾਜਨੀਤੀ ਖਾਸ ਕਰ ਕੇ ਦੋਆਬਾ ਦੀ ਦਲਿਤ ਰਾਜਨੀਤੀ ਵਿਚ ਨਵੇਂ ਸਮੀਕਰਨ ਬਣਨਗੇ। ਮੁੱਖ ਮੰਤਰੀ ਦੇ ਨਾਂ ’ਤੇ ਚੱਲੀ 36 ਘੰਟੇ ਲੰਮੀ ਜੱਦੋਜਹਿਦ ਉਪਰੰਤ ਮੁੱਖ ਮੰਤਰੀ ਵਜੋਂ ਚੰਨੀ ਦੇ ਨਾਂ ਦਾ ਐਲਾਨ ਹੁੰਦੇ ਹੀ ਸਾਬਕਾ ਸੰਸਦ ਮੈਂਬਰ ਅਤੇ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟਰੇਨਿੰਗ ਪੰਜਾਬ ਦੇ ਚੇਅਰਮੈਨ ਮੋਹਿੰਦਰ ਸਿੰਘ ਕੇ. ਪੀ. ਦਾ ਵੀ ਰਾਜਨੀਤਿਕ ਕੱਦ ਇਕ ਵਾਰ ਫਿਰ ਤੋਂ ਵਧ ਗਿਆ ਹੈ। ਜਗ ਜ਼ਾਹਰ ਹੈ ਕਿ ਮੋਹਿੰਦਰ ਸਿੰਘ ਕੇ. ਪੀ. ਮੁੱਖ ਮੰਤਰੀ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਹਨ। ਕੇ. ਪੀ. ਦੀ ਧੀ ਦਾ ਵਿਆਹ ਮੁੱਖ ਮੰਤਰੀ ਚੰਨੀ ਦੇ ਛੋਟੇ ਭਰਾ ਨਾਲ ਹੋਇਆ ਹੈ।

ਜ਼ਿਕਰਯੋਗ ਹੈ ਕਿ ਇਕ ਸਮੇਂ ਪੰਜਾਬ ਦੇ ਦਲਿਤ ਆਗੂਆਂ ਵਿਚ ਵੱਡਾ ਚਿਹਰਾ ਮੰਨੇ ਜਾਂਦੇ ਕੇ. ਪੀ. ਨੂੰ ਪਿਛਲੇ ਕੁਝ ਸਾਲਾਂ ਤੋਂ ਦੋਆਬਾ ਦੀ ਰਾਜਨੀਤੀ ਵਿਚ ਅਣਡਿੱਠ ਕੀਤਾ ਜਾ ਰਿਹਾ ਸੀ। ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਕੈਬਨਿਟ ਵਿਚ ਸ਼ਾਮਲ ਰਹੇ ਕੇ. ਪੀ. ਜਲੰਧਰ ਤੋਂ ਸੰਸਦ ਮੈਂਬਰ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹਿ ਚੁੱਕੇ ਹਨ। ਹੁਣ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਨ ਉਪਰੰਤ ਦੋਆਬਾ ਵਿਚ ਦਲਿਤ ਰਾਜਨੀਤੀ ਦੀ ਧੁਰੀ ਇਕ ਵਾਰ ਕੇ. ਪੀ.ਦੇ ਆਲੇ-ਦੁਆਲੇ ਘੁੰਮਣੀ ਤੈਅ ਮੰਨੀ ਜਾ ਰਹੀ ਹੈ, ਜਿਸ ਨਾਲ ਕੇ. ਪੀ. ਧੜਾ ਵੀ ਇਕ ਵਾਰ ਫਿਰ ਤੋਂ ਮਜ਼ਬੂਤ ਹੋ ਕੇ ਉਭਰੇਗਾ।

ਇਹ ਵੀ ਪੜ੍ਹੋ : ਕੈਪਟਨ ਦੇ ਕਾਰਨਾਮਿਆਂ ਦਾ ਖੋਲਾਂਗਾ ਚਿੱਠਾ, ਮੁਹੰਮਦ ਮੁਸਤਫ਼ਾ ਦੀ ਧਮਕੀ
ਕੈਪਟਨ ਅਮਰਿੰਦਰ ਸਮਰਥਕ ਅਤੇ ਦਲਿਤ ਆਗੂਆਂ ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਵਿਧਾਇਕ ਰਿੰਕੂ ਦੀਆਂ ਵਧ ਸਕਦੀਆਂ ਹਨ ਦਿੱਕਤਾਂ
ਜ਼ਿਲ੍ਹੇ ਵਿਚ ਦਲਿਤ ਰਾਜਨੀਤੀ ਨੂੰ ਆਪਣੇ ਕੰਟਰੋਲ ਵਿਚ ਰੱਖਣ ਦੀ ਕਵਾਇਦ ਵਿਚ ਜੁਟੇ ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਵਿਧਾਇਕ ਰਿੰਕੂ ਦੀਆਂ ਵੀ ਦਿੱਕਤਾਂ ਵਧਣੀਆਂ ਤੈਅ ਮੰਨਿਆ ਜਾ ਰਿਹਾ ਹੈ ਕਿਉਂਕਿ ਦੋਵਾਂ ਆਗੂਆਂ ਦਾ ਕੇ. ਪੀ. ਨਾਲ ਛੱਤੀ ਦਾ ਅੰਕੜਾ ਰਿਹਾ ਹੈ। ਸਾਲ 2009 ਵਿਚ ਜਲੰਧਰ ਲੋਕ ਸਭਾ ਦੀ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਮੋਹਿੰਦਰ ਸਿੰਘ ਦੀ ਬਜਾਏ ਸੰਤੋਖ ਚੌਧਰੀ 2014 ਦੀਆਂ ਲੋਕ ਸਭਾ ਚੋਣਾਂ ਵਿਚ ਟਿਕਟ ਪ੍ਰਾਪਤ ਕਰਨ ਵਿਚ ਸਫਲ ਰਹੇ ਅਤੇ ਕੇ. ਪੀ. ਦੇ ਸਿਟਿੰਗ ਸੰਸਦ ਮੈਂਬਰ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜਲੰਧਰ ਦੀ ਬਜਾਏ ਹਾਈਕਮਾਨ ਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਦੀ ਚੋਣ ਲੜਾਈ ਪਰ ਉਹ ਚੋਣ ਹਾਰ ਗਏ। ਇਸ ਉਪਰੰਤ ਵੈਸਟ ਵਿਧਾਨ ਸਭਾ ਹਲਕੇ ਦੀ ਅਗਵਾਈ ਕਰਦੇ ਆ ਰਹੇ ਮੋਹਿੰਦਰ ਸਿੰਘ ਕੇ. ਪੀ. ਪਰਿਵਾਰ ਤੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੁਸ਼ੀਲ ਰਿੰਕੂ ਟਿਕਟ ਖੋਹਣ ਵਿਚ ਸਫ਼ਲ ਰਹੇ ਕਿਉਂਕ ਕੇ. ਪੀ. ਖੁਦ 2007 ਦੀਆਂ ਵਿਧਾਨ ਸਭਾ ਚੋਣਾਂ ਅਤੇ 2012 ਵਿਚ ਉਨ੍ਹਾਂ ਦੀ ਪਤਨੀ ਵੈਸਟ ਵਿਧਾਨ ਸਭਾ ਹਲਕੇ ਤੋਂ ਚੋਣ ਹਾਰ ਗਈ ਸੀ, ਜਿਸ ਕਾਰਨ ਹਾਈਕਮਾਨ ਨੇ ਨਵੇਂ ਚਿਹਰੇ ਸੁਸ਼ੀਲ ਰਿੰਕੂ ’ਤੇ ਦਾਅ ਖੇਡਿਆ ਅਤੇ ਉਨ੍ਹਾਂ ਸਾਬਕਾ ਕੈਬਨਿਟ ਮੰਤਰੀ ਭਗਤ ਚੂਨੀ ਲਾਲ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਕਿਉਂਕਿ ਕੇ. ਪੀ. ਵਰਗੇ ਕੱਦਾਵਰ ਆਗੂ ਨੂੰ ਪਾਰਟੀ ਚੋਣ ਲੜਾਉਣ ਦੀ ਇੱਛੁਕ ਸੀ ਤਾਂ ਉਨ੍ਹਾਂ ਨੂੰ ਚੋਣਾਂ ਤੋਂ ਸਿਰਫ਼ 15-20 ਦਿਨ ਪਹਿਲਾਂ ਆਦਮਪੁਰ ਰਿਜ਼ਰਵ ਹਲਕੇ ਦੀ ਟਿਕਟ ਦਿੱਤੀ ਗਈ ਪਰ ਕੇ. ਪੀ. ਨੂੰ ਉਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਜਲੰਧਰ ’ਚ ਲੱਗੇ ‘ਬਾਬਾ ਸੋਢਲ’ ਜੀ ਦੇ ਜੈਕਾਰੇ, ਤਸਵੀਰਾਂ ’ਚ ਵੇਖੋ ਸ਼ਰਧਾਲੂਆਂ ਦਾ ਉਮੜਿਆ ਸੈਲਾਬ

2019 ਦੀਆਂ ਲੋਕ ਸਭਾ ਚੋਣਾਂ ਵਿਚ ਕੇ. ਪੀ. ਨੇ ਹਾਈਕਮਾਨ ਅੱਗੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਦਿਆਂ 2014 ਵਿਚ ਸਿਟਿੰਗ ਸੰਸਦ ਮੈਂਬਰ ਹੋਣ ਦੇ ਬਾਵਜੂਦ ਖੋਹੇ ਗਏ ਹਲਕੇ ਤੋਂ ਟਿਕਟ ਵਾਪਸ ਉਨ੍ਹਾਂ ਨੂੰ ਦੇਣ ਦੀ ਮੰਗ ਕੀਤੀ ਅਤੇ ਟਿਕਟ ਦੇ ਮਜ਼ਬੂਤ ਦਾਅਵੇਦਾਰ ਬਣੇ ਪਰ ਟਿਕਟ ਦੀ ਲੜਾਈ ਵਿਚ ਸੰਸਦ ਮੈਂਬਰ ਚੌਧਰੀ ਬਾਜ਼ੀ ਮਾਰਨ ਵਿਚ ਸਫ਼ਲ ਰਹੇ। ਹਾਈਕਮਾਨ ਦੇ ਫ਼ੈਸਲੇ ਤੋਂ ਨਾਰਾਜ਼ ਕੇ. ਪੀ. ਨੂੰ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਮਨਾਉਣ ਉਨ੍ਹਾਂ ਦੇ ਘਰ ਪਹੁੰਚੇ ਸਨ, ਜਿਸ ਉਪਰੰਤ ਉਨ੍ਹਾਂ ਨੂੰ ਟੈਕਨੀਕਲ ਬੋਰਡ ਪੰਜਾਬ ਦਾ ਚੇਅਰਮੈਨ ਅਹੁਦਾ ਵੀ ਸੌਂਪਿਆ ਗਿਆ।
ਪਰ ਇਨ੍ਹਾਂ ਸਾਲਾਂ ਵਿਚ ਦਲਿਤ ਰਾਜਨੀਤੀ ਦੇ ਸਮੀਕਰਨ ਵੀ ਬਦਲੇ ਅਤੇ ਪਾਵਰ ਸੈਕਟਰ ਬਣੇ ਸੰਸਦ ਮੈਂਬਰ ਚੌਧਰੀ ਅਤੇ ਵਿਧਾਇਕ ਰਿੰਕੂ ਵੱਡੇ ਦਲਿਤ ਆਗੂਆਂ ਵਜੋਂ ਆਪਣੀ ਪੈਠ ਬਣਾਉਣ ਵਿਚ ਕਾਫੀ ਹੱਦ ਤਕ ਸਫਲ ਰਹੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੇ ਕਲੇਸ਼ ਵਿਚ ਕੈਪਟਨ ਦੇ ਅਸਤੀਫਾ ਦੇਣ ਤਕ ਸੰਸਦ ਮੈਂਬਰ ਚੌਧਰੀ ਅਤੇ ਵਿਧਾਇਕ ਰਿੰਕੂ ਕੈਪਟਨ ਧੜੇ ਨਾਲ ਡਟ ਕੇ ਖੜ੍ਹੇ ਰਹੇ, ਜਿਸ ਕਾਰਨ ਦੋਵਾਂ ਆਗੂਆਂ ਦਾ ਸਿੱਧੂ ਧੜੇ ਦੇ ਟਾਰਗੈੱਟ ’ਤੇ ਰਹਿਣਾ ਵੀ ਮੰਨਿਆ ਜਾ ਰਿਹਾ ਹੈ। ਭਾਵੇਂ ਫਿਲਹਾਲ ਚੰਨੀ ਦੇ ਹੱਥ ਮੁੱਖ ਮੰਤਰੀ ਦਾ ਅਹੁਦਾ 5-6 ਮਹੀਨਿਆਂ ਲਈ ਆਇਆ ਹੈ ਪਰ ਸਿੱਧੂ ਧੜੇ ਨਾਲ ਸਬੰਧਤ ਅਤੇ ਮੁੱਖ ਮੰਤਰੀ ਹੋਣ ਕਾਰਨ ਉਨ੍ਹਾਂ ਦਾ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਟਿਕਟਾਂ ਦੀ ਵੰਡ ਵਿਚ ਵੱਡਾ ਹੱਥ ਰਹੇਗਾ।

ਦੂਜੇ ਪਾਸੇ ਕੇ. ਪੀ . ਇਕ ਵਾਰ ਫਿਰ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੈਸਟ ਹਲਕੇ ਤੋਂ ਆਪਣਾ ਮਜ਼ਬੂਤ ਦਾਅਵਾ ਰੱਖਣਗੇ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਕੇ. ਪੀ. ਨੇ ਵੈਸਟ ਹਲਕੇ ਵਿਚ ਆਪਣੀਆਂ ਸਰਗਰਮੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਹੁਣ ਬਦਲੇ ਰਾਜਨੀਤਿਕ ਸਮੀਕਰਨਾਂ ਉਪਰੰਤ ਮੰਨਿਆ ਜਾ ਰਿ ਹਾ ਹੈ ਕਿ ਮੋਹਿੰਦਰ ਸਿੰਘ ਕੇ. ਪੀ. ਤਾਕਤਵਰ ਹੋ ਕੇ ਉਭਰਨਗੇ ਅਤੇ ਮੁੱਖ ਮੰਤਰੀ ਦਾ ਰਿਸ਼ਤੇਦਾਰ ਹੋਣ ਕਾਰਨ ਉਨ੍ਹਾਂ ਦੀ ਰਾਜਨੀਤਿਕ ਪੈਠ ਕਾਫੀ ਵਧ ਜਾਵੇਗੀ। ਜੇਕਰ ਕੇ. ਪੀ. ਦਾ ਦਬਦਬਾ ਵਧਦਾ ਹੈ ਤਾਂ ਸੰਸਦ ਮੈਂਬਰ ਚੌਧਰੀ ਅਤੇ ਵਿਧਾਇਕ ਰਿੰਕੂ ਨਾਲ ਦਲਿਤ ਰਾਜਨੀਤੀ ਵਿਚ ਦਬਦਬੇ ਦੀ ਲੜਾਈ ਵਿਚ ਆਉਣ ਵਾਲੇ ਸਮੇਂ ਕਾਫ਼ੀ ਅਸਰ ਵੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ : 'ਲਵ ਮੈਰਿਜ' ਦੀ ਮਿਲੀ ਖ਼ੌਫ਼ਨਾਕ ਸਜ਼ਾ, ਸੱਸ ਤੇ ਸਾਲਿਆਂ ਨੇ ਕੀਤਾ ਕਿਰਪਾਨਾਂ ਤੇ ਕੈਂਚੀ ਨਾਲ ਨੌਜਵਾਨ ਦਾ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri