ਚਰਨਜੀਤ ਸਿੰਘ ਚੱਢਾ ਨੂੰ ਖਾਲਸਾ ਕਾਲਜ ਨੇ ਕੀਤਾ ਅਹੁਦੇ ਤੋਂ ਫਾਰਗ

12/29/2017 8:57:33 PM

ਅੰਮ੍ਰਿਤਸਰ— ਬੀਤੇ ਦਿਨੀਂ ਵਾਇਰਲ ਹੋਈ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਅਸ਼ਲੀਲ ਵੀਡੀਓ ਦਾ ਮੁੱਦਾ ਸੁਰਖੀਆਂ 'ਚ ਹੈ। ਇਸ ਮਾਮਲੇ 'ਚ ਖਾਲਸਾ ਕਾਲਜ ਦੇ ਗਵਰਨਿੰਗ ਕੌਂਸਲ ਅੰਮ੍ਰਿਤਸਰ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਇਕ ਪੱਤਰ ਜਾਰੀ ਕਰਕੇ ਚਰਨਜੀਤ ਸਿੰਘ ਚੱਢਾ ਨੂੰ ਖਾਲਸਾ ਕਾਲਜ ਦੀ ਕੌਂਸਲ ਦੇ ਉਪ ਪ੍ਰਧਾਨ ਦੇ ਅਹੁਦੇ ਤੋਂ ਤੁਰੰਤ ਫਾਰਗ ਕਰ ਦਿੱਤਾ।
ਸੱਤਿਆਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੀਡੀਆ 'ਚ ਆਈਆਂ ਖਬਰਾਂ ਪੜੀਆਂ ਹਨ ਤੇ ਉਨ੍ਹਾਂ ਨੂੰ ਇਸ ਸਬੰਧੀ ਔਰਤ ਦੀ ਪੁਲਸ ਨੂੰ ਦਿੱਤੀ ਸ਼ਿਕਇਤ ਵੀ ਮਿਲੀ ਹੈ। ਇਸ ਸਾਰੀ ਘਟਨਾ ਨੂੰ ਦੇਖਦੇ ਹੋਏ ਚਰਨਜੀਤ ਸਿੰਘ ਚੱਢਾ ਨੂੰ ਕੌਂਸਲ ਦੇ ਉਪ ਪ੍ਰਧਾਨ ਦੇ ਅਹੁਦੇ ਤੋਂ ਫਾਰਗ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੱਢਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਅਸ਼ਲੀਲ ਵੀਡੀਓ ਦੇ ਮਾਮਲੇ 'ਚ ਪੁਲਸ ਨੇ ਚਰਨਜੀਤ ਸਿੰਘ ਚੱਢਾ ਅਤੇ ਉਸ ਦੇ ਬੇਟੇ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ।
ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਚਰਨਜੀਤ ਚੱਢਾ ਨੂੰ ਤਲਬ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਔਰਤ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਰਨਜੀਤ ਸਿੰਘ ਚੱਢਾ ਨੂੰ ਸਿੱਖਾਂ ਦੀ ਪ੍ਰਸਿੱਧ ਸੰਸਥਾ ਚੀਫ ਖਾਲਸਾ ਦੀਵਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਵਿਵਾਦਾਂ 'ਚ ਘਿਰੇ ਚਰਨਜੀਤ ਸਿੰਘ ਚੱਢਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਤਾਂ ਨਹੀਂ ਦਿੱਤਾ ਪਰ ਕਮੇਟੀ ਵਲੋਂ ਕਿਹਾ ਗਿਆ ਸੀ ਕਿ ਜਦੋਂ ਤੱਕ ਜਾਂਚ ਨਹੀਂ ਹੋ ਜਾਂਦੀ, ਉਸ ਸਮੇਂ ਤੱਕ ਚੱਢਾ ਪ੍ਰਧਾਨ ਦੇ ਅਹੁਦੇ 'ਤੇ ਨਹੀਂ ਰਹਿਣਗੇ।