''ਮੀ-ਟੂ'' ਵਿਵਾਦ ''ਤੇ ਚਰਨਜੀਤ ਚੰਨੀ ਨੇ ਦਿੱਤੀ ਸਫਾਈ

10/30/2018 7:21:28 PM

ਚੰਡੀਗੜ੍ਹ : 'ਮੀ-ਟੂ' ਵਿਵਾਦ 'ਚ ਫਸੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਡੀਆ ਦੇ ਸਾਹਮਣੇ ਆ ਕੇ ਸਫਾਈ ਦਿੱਤੀ ਹੈ। ਚੰਨੀ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਮਹਿਲਾ ਅਫਸਰ ਨੂੰ ਉਕਤ ਮੈਸੇਜ ਗਲਤੀ ਨਾਲ ਭੇਜਿਆ ਗਿਆ ਸੀ ਅਤੇ ਉਹ ਇਸ ਸਾਰੇ ਮਾਮਲੇ ਲਈ ਮੁਆਫੀ ਵੀ ਮੰਗ ਚੁੱਕੇ ਹਨ। ਚੰਨੀ ਨੇ ਕਿਹਾ ਕਿ ਉਨ੍ਹਾਂ ਵਲੋਂ ਮੈਸੇਜ ਗਲਤੀ ਨਾਲ ਗਿਆ ਸੀ, ਇਹ ਉਕਤ ਅਫਸਰ ਨੇ ਵੀ ਮੰਨ ਲਿਆ ਹੈ। ਚੰਨੀ ਨੇ ਅਕਾਲੀ ਦਲ 'ਤੇ ਇਸ ਮਾਮਲੇ ਨੂੰ ਤੂਲ ਦੇਣ ਦੇ ਦੋਸ਼ ਲਗਾਏ ਗਏ ਹਨ, ਇੰਨਾ ਹੀ ਨਹੀਂ ਚੰਨੀ ਨੇ ਕਿਹਾ ਕਿ ਅਕਾਲੀ ਦਲ 'ਤੇ ਇਸ ਸਾਰੇ ਘਟਨਾਕ੍ਰਮ 'ਤੇ ਸਾਜ਼ਿਸ਼ ਰਚਨ ਦੇ ਦੋਸ਼ ਵੀ ਲਗਾਏ ਹਨ। 

ਦੱਸਣਯੋਗ ਹੈ ਕਿ ਇਕ ਮਹਿਲਾ ਆਈ. ਏ. ਐੱਸ. ਅਫਸਰ ਨੇ ਕੈਬਨਿਟ ਮੰਤਰੀ ਚਰਨਜੀਤ ਚੰਨੀ 'ਤੇ ਅਸ਼ਲੀਲ ਮੈਸੇਜ ਭੇਜਣ ਦੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਵਿਰੋਧੀਆਂ ਵਲੋਂ ਲਗਾਤਾਰ ਚੰਨੀ ਨੂੰ ਕੈਬਨਿਟ 'ਚੋਂ ਅਸਤੀਫਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਕੋਲ ਇਸ ਸੰਬੰਧੀ ਇਕ ਸ਼ਿਕਾਇਤ ਆਈ ਸੀ ਪਰ ਸੰਬੰਧਤ ਮਾਮਲੇ ਵਿਚ ਉਕਤ ਮੰਤਰੀ ਮੁਆਫੀ ਮੰਗ ਚੁੱਕੇ ਹਨ ਅਤੇ ਮਹਿਲਾ ਅਫਸਰ ਵੀ ਇਸ ਕਾਰਵਾਈ ਤੋਂ ਸੰਤੁਸ਼ਟ ਹੈ। ਬਾਵਜੂਦ ਇਸ ਦੇ ਵਿਰੋਧੀਆਂ ਵਲੋਂ ਚੰਨੀ 'ਤੇ ਹਮਲੇ ਬੋਲੇ ਜਾ ਰਹੇ ਹਨ।