ਹੁਕਮਨਾਮਾ ਪ੍ਰਸਾਰਣ ਦੇ ਵਿਵਾਦ ਤੋਂ ਬਾਅਦ ਚੈਨਲ ਦਾ ਯੂ-ਟਰਨ

01/15/2020 6:46:00 PM

ਜਲੰਧਰ/ਅੰਮ੍ਰਿਤਸਰ—  ਹੁਕਮਨਾਮੇ ਸਬੰਧੀ ਪੈਦਾ ਹੋਏ ਵਿਵਾਦ 'ਤੇ ਟੀ. ਵੀ. ਚੈਨਲ ਪੀ. ਟੀ. ਸੀ. ਪੰਜਾਬੀ ਨੇ ਯੂ-ਟਰਨ ਲੈ ਲਿਆ ਹੈ। ਯੂ-ਟਰਨ ਲੈਂਦੇ ਪੀ. ਟੀ. ਸੀ. ਚੈਨਲ ਨੇ ਕਿਹਾ ਹੈ ਕਿ ਜੋ ਸ੍ਰੀ ਦਰਬਾਰ ਸਾਹਿਬ ਤੋਂ ਹੁਕਮਨਾਮਾ ਸਿੱਧਾ ਪ੍ਰ੍ਰਸਾਰਿਤ ਕੀਤਾ ਜਾਂਦਾ ਹੈ, ਉਸ ਦੀ ਵਰਤੋਂ ਕੋਈ ਵੀ ਕਰ ਸਕਦਾ ਹੈ ਅਤੇ ਇਸ 'ਤੇ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ। ਹੁਕਮਨਾਮੇ ਦੀ ਆਡੀਓ ਨੂੰ ਰੋਕਦੇ ਹੋਏ ਚੈਨਲ ਨੇ ਕਿਹਾ ਕਿ ਇਸ ਦੀ ਆਡੀਓ ਦੇ ਵਿਸ਼ੇਸ਼ ਅਧਿਕਾਰ ਹਨ। ਚੈਨਲ ਨੇ ਕਿਹਾ ਕਿ ਕੋਈ ਵੀ ਆਪਣੇ ਪੋਰਟਲ ਤੋਂ ਹੁਕਮਨਾਮਾ ਦੀ ਵਰਤੋਂ ਕਰ ਸਕਦਾ ਹੈ।

ਚੈਨਲ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਰਬਿੰਦਰਾ ਨਾਰਾਇਣ ਨੇ ਸਪੱਸ਼ਟ ਕੀਤਾ ਕਿ ਉਹ ਇਸ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਏ ਗਏ ਕਿਸੇ ਵੀ ਫੈਸਲੇ ਨੂੰ ਸਵੀਕਾਰ ਕਰਨਗੇ। ਉਨ੍ਹਾਂ ਕਿਹਾ ਕਿ ਬੇਲੌੜੇ ਅਤੇ ਗੁੰਝਲਦਾਰ ਵਿਵਾਦ ਨੂੰ ਖਤਮ ਕਰਨਾ ਅਸੀਂ ਆਪਣਾ ਫਰਜ਼ ਸਮਝਦੇ ਹਾਂ। ਅਸੀਂ ਸਪੱਸ਼ਟ ਕਰਦੇ ਹਾਂ ਕਿ ਕੋਈ ਵੀ ਸਾਡੇ ਵੈੱਬ ਪੋਰਟਲ ਤੋਂ ਪਵਿੱਤਰ ਹੁਕਮਨਾਮਾ ਲੈ ਸਕਦਾ ਹੈ ਅਤੇ ਇਸ ਨੂੰ ਜਨਤਕ ਤੌਰ 'ਤੇ ਪ੍ਰ੍ਰਸਾਰਿਤ ਕਰ ਸਕਦਾ ਹੈ। ਇਸ 'ਤੇ ਸਾਨੂੰ ਕੋਈ ਵੀ ਇਤਰਾਜ਼ ਨਹੀਂ ਹੈ।

ਉਨ੍ਹਾਂ ਸਪੱਸ਼ਟੀਕਰਨ ਦਿੰਦੇ ਕਿਹਾ ਕਿ ਕੁਝ ਲੋਕ, ਸੰਸਥਾਵਾਂ, ਗੁਰੂ ਮਰਿਆਦਾ ਦੀ ਉਲੰਘਣਾ ਕਰਦੇ ਹੁਕਮਨਾਮੇ ਦਾ ਵਪਾਰਕ ਸ਼ੋਸ਼ਣ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ ਅਤੇ ਇਥੋਂ ਤੱਕ ਕਿ ਆਲੇ-ਦੁਆਲੇ ਇਤਰਾਜ਼ਯੋਗ ਅਤੇ ਅਸ਼ਲੀਲ ਸਮੱਗਰੀ ਨੂੰ ਉਤਸ਼ਾਹਤ ਕਰ ਰਹੀਆਂ ਸਨ, ਸਾਡਾ ਇਤਰਾਜ਼ ਸਿਰਫ ਇਥੋਂ ਤੱਕ ਸੀਮਤ ਸੀ।

ਨਾਰਾਇਣ ਨੇ ਕਿਹਾ ਕਿ ਉਹ ਮਰਿਆਦਾ ਦੀ ਉਲੰਘਣਾ ਕਰਨ ਜਾਂ ਗੁਰਬਾਣੀ ਦੀ ਬੇਅਦਬੀ ਕਰਨ ਵਾਲਿਆਂ ਦਾ ਮੁੱਦਾ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਇਸ 'ਤੇ ਜੋ ਵੀ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਕਰੇਗਾ, ਅਸੀਂ ਉਸ ਫੈਸਲੇ ਨੂੰ ਸਵੀਕਾਰ ਕਰਾਂਗੇ। ਚੈਨਲ ਮੁਖੀ ਨੇ ਦੱਸਿਆ ਕਿ ਸਿੱਖ ਪੰਥ ਪਹਿਲਾਂ ਵੀ ਵੱਖ-ਵੱਖ ਮੁੱਦਿਆਂ ਅਤੇ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਇਸ ਲਈ ਅਸੀਂ ਇਸ ਨੂੰ ਹੋਰ ਵਧਾਉਣਾ ਨਹੀਂ ਚਾਹੁੰਦੇ।

ਉਨ੍ਹਾਂ ਕਿਹਾ ਕਿ ਇਕ ਚੈਨਲ ਨੇ ਹੇਮੰਕੁਟ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਲੱਖਾਂ ਰੁਪਏ ਅਦਾ ਕੀਤੇ ਸਨ। ਇਸ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋ ਗੁਰਦੁਆਰਿਆਂ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਦੋ ਚੈਨਲਾਂ ਨੂੰ ਪੈਸੇ ਅਦਾ ਕੀਤੇ। ਸਾਲ ਉਨ੍ਹਾਂ ਕਿਹਾ ਕਿ ਪੀ. ਟੀ.  ਸੀ. ਚੈਨਲ ਪ੍ਰਸਾਰਣ ਨਾ ਸਿਰਫ ਡੇਟਾ ਰਹਿਤ ਨਿਭਾਅ ਰਿਹਾ ਹੈ ਸਗੋਂ ਹੁਣ ਤੱਕ ਬਣਦੀ ਫੀਸ ਵੀ ਲਗਾਤਾਰ ਦਿੰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਅਸੀਂ 2012-13 ਤੋਂ ਐੱਸ. ਜੀ. ਪੀ. ਸੀ. ਨੂੰ 10 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਣ ਕੀਤਾ ਹੈ। ਫਿਰ ਵੀ ਜੇਕਰ ਕਿਸੇ ਨੇ ਕੋਈ ਪ੍ਰਸ਼ਨ ਕਰਨਾ ਹੈ ਜਾਂ ਸਾਡੇ ਨਾਲ ਵਿਚਾਰ ਕਰਨਾ ਚਾਹੁੰਦਾ ਹੈ ਤਾਂ ਸਾਡੇ ਦਰਵਾਜ਼ੇ ਖੁੱਲ੍ਹੇ ਹਨ।

shivani attri

This news is Content Editor shivani attri