ਚੇਂਜਿੰਗ ਰੂਮ ਦੀ ਵੀਡੀਓ ਵਾਇਰਲ, ਲਡ਼ਕੀ ਦੀ ਸ਼ਿਕਾਇਤ ’ਤੇ ਕੀਤੀ ਮਾਲ-ਸ਼ੋਅਰੂਮ ਦੀ ਜਾਂਚ

07/25/2018 6:14:44 AM

ਚੰਡੀਗਡ਼੍ਹ, (ਸੰਦੀਪ)- ਸ਼ੋਅਰੂਮ ਦੇ ਚੇਂਜਿੰਗ ਰੂਮ ’ਚ ਕੱਪਡ਼ੇ ਬਦਲ ਰਹੀਆਂ ਅੌਰਤਾਂ ਦੀ ਵੀਡੀਓ ਵਾਇਰਲ ਹੋਈ ਹੈ। ਇਸਦੇ ਨਾਲ ਆਏ ਮੈਸੇਜ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਵੀਡੀਓ ਸ਼ਹਿਰ ਦੇ ਇਕ ਨਾਮੀ ਮਾਲ ਦੇ ਸ਼ੋਅਰੂਮ ਦੇ ਚੇਂਜਿੰਗ ਰੂਮ ਦੀ ਹੈ। ਉਥੇ ਹੀ ਪੰਚਕੂਲਾ ਤੋਂ ਇਕ ਲਡ਼ਕੀ ਨੇ ਪੁਲਸ ਕੰਟਰੋਲ ਰੂਮ ’ਤੇ ਉਸਨੂੰ ਇਹ ਵੀਡੀਓ ਭੇਜੇ ਜਾਣ ਦੀ ਸ਼ਿਕਾਇਤ ਵੀ ਦਿੱਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਐੱਸ. ਐੱਸ. ਪੀ. ਨਿਲਾਂਬਰੀ ਜਗਦਲੇ ਨੇ ਇਸਦੀ ਜਾਂਚ ਦਾ ਜ਼ਿੰਮਾ ਡੀ. ਐੱਸ. ਪੀ.  ਈਸਟ ਸਤੀਸ਼ ਕੁਮਾਰ ਨੂੰ ਸੌਂਪਿਆ ਹੈ। ਸ਼ਹਿਰ  ਦੇ ਸਾਰੇ ਮਾਲਜ਼, ਸ਼ੋਅਰੂਮ, ਬਿਊਟੀ ਪਾਰਲਰ ਤੇ ਬੁਟੀਕ ਦੇ ਚੇਂਜਿੰਗ ਰੂਮਜ਼ ਦੀ ਜਾਂਚ ਕੀਤੀ ਜਾ ਰਹੀ ਹੈ।  
 ਏਲਾਂਤੇ ਮਾਲ ਦੀ ਦੱਸੀ ਜਾ  ਰਹੀ  ਹੈ ਵੀਡੀਓ  
 ਕੰਟਰੋਲ ਰੂਮ ’ਤੇ ਇਕ  ਲੜਕੀ  ਨੇ ਕਾਲ ਕਰਕੇ ਦੱਸਿਆ ਕਿ ਉਸਦੇ ਮੋਬਾਈਲ ’ਤੇ ਕਿਸੇ ਨੇ ਇਕ ਵੀਡੀਓ ਭੇਜੀ ਹੈ, ਜੋ ਏਲਾਂਤੇ ਮਾਲ ਦੀ ਦੱਸੀ ਜਾ  ਰਹੀ ਹੈ। ਉਸਨੇ ਪੁਲਸ ਨੂੰ ਇਸਦੀ ਜਾਂਚ ਕਰਨ ਦੀ  ਅਪੀਲ ਕੀਤੀ ਹੈ, ਤਾਂ ਕਿ ਪਤਾ ਲਾਇਆ ਜਾ ਸਕੇ ਕਿ ਅਖੀਰ ਇਹ ਕਿਸ ਜਗ੍ਹਾ ਦੀ ਹੈ ਤੇ ਕਿਸਨੇ ਕਿਹੜੇ ਉਦੇਸ਼ ਨਾਲ ਵਾਇਰਲ ਕੀਤੀ ਹੈ। ਇਸ ਵੀਡੀਓ ’ਚ ਚੇਂਜਿੰਗ ਰੂਮ ’ਚ ਕਈ ਅੌਰਤਾਂ  ਨੂੰ ਕੱਪਡ਼ਿਆਂ ਦੀ ਟਰਾਈ ਲੈਂਦੇ ਹੋਏ ਰਿਕਾਰਡ ਕੀਤਾ ਗਿਆ ਹੈ।  
 ਅਜੇ ਤੱਕ ਦੀ ਜਾਂਚ ’ਚ ਪਤਾ ਨਹੀਂ ਲੱਗਾ 
 ਪੁਲਸ ਨੇ ਸਭ ਤੋਂ ਪਹਿਲਾਂ ਏਲਾਂਤੇ ਮਾਲ ਦੇ ਸਾਰੇ ਸ਼ੋਅਰੂਮਜ਼  ਦੇ ਚੇਂਜਿੰਗ ਰੂਮਜ਼ ਦੀ ਜਾਂਚ ਕੀਤੀ। ਡੀ. ਐੱਸ. ਪੀ. ਈਸਟ ਡਵੀਜ਼ਨ ਸਤੀਸ਼ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਦੀ ਜਾਂਚ ’ਚ ਵੀਡੀਓ ’ਚ ਦਿਖ ਰਿਹਾ ਚੇਂਜਿੰਗ ਰੂਮ ਕਿਤੇ ਨਹੀਂ ਨਜ਼ਰ ਆਇਆ ਹੈ।  ਹੁਣ ਪੁਲਸ ਸ਼ਹਿਰ ਦੇ ਹੋਰ ਮਾਲ ਤੇ ਸ਼ੋਅਰੂਮਜ਼ ਦੇ ਚੇਂਜਿੰਗ ਰੂਮਜ਼ ਦੀ ਜਾਂਚ ਕਰਨ ’ਚ ਲੱਗੀ  ਹੋਈ ਹੈ।