ਕੈਪਟਨ ਵਲੋਂ ''ਚੇਂਜਿੰਗ ਫੇਸ ਆਫ ਰੂਰਲ ਪੰਜਾਬ'' ਕਿਤਾਬਚਾ ਰਿਲੀਜ਼

09/17/2019 9:44:47 AM

ਚੰਡੀਗੜ੍ਹ (ਵਰੁਣ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨ ਸੂਬੇ 'ਚ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਸਕੀਮ (ਮਨਰੇਗਾ) ਦੀਆਂ ਸਫਲ ਕਹਾਣੀਆਂ ਨੂੰ ਦਰਸਾਉਂਦਾ ਕਿਤਾਬਚਾ 'ਚੇਂਜਿੰਗ ਫੇਸ ਆਫ ਰੂਰਲ ਪੰਜਾਬ' (ਪੇਂਡੂ ਪੰਜਾਬ ਦੀ ਬਦਲਦੀ ਨੁਹਾਰ) ਰਿਲੀਜ਼ ਕੀਤਾ ਗਿਆ। ਇਹ ਕਿਤਾਬਚਾ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ। ਕੈਬਨਿਟ ਸਾਥੀਆਂ ਨਾਲ ਇਸ ਕਿਤਾਬਚੇ ਨੂੰ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਮਨਰੇਗਾ ਦੀਆਂ ਸਫਲ ਕਹਾਣੀਆਂ ਅਤੇ ਸੂਬੇ 'ਚ ਇਸ ਯੋਜਨਾ ਨੂੰ ਮੁੱਖ ਤੌਰ 'ਤੇ ਲਾਗੂ ਕਰਨ ਦੇ ਨਤੀਜੇ ਵਜੋਂ ਪੇਂਡੂ ਗਰੀਬਾਂ ਦੇ ਜੀਵਨ ਵਿੱਚ ਕੀਤੇ ਗਏ ਸੁਧਾਰਾਂ ਦੀ ਸ਼ਲਾਘਾ ਕੀਤੀ।
ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਵਿਭਾਗ ਪੇਂਡੂ ਪੰਜਾਬ ਦੀ ਨੁਹਾਰ ਬਦਲਣ ਲਈ ਵਚਨਬੱਧ ਹੈ ਅਤੇ ਲੋਕਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਾਰੇ ਪਿੰਡਾਂ ਵਿੱਚ ਹੰਢਣਸਾਰ ਜਨਤਕ ਜਾਇਦਾਦਾਂ ਦਾ ਨਿਰਮਾਣ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸੂਬੇ ਦੇ ਸਭ ਤੋਂ ਗਰੀਬ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਉਨਾਂ ਲਈ ਪਾਏਦਾਰ ਜਨਤਕ ਜਾਇਦਾਦਾਂ ਬਣਾ ਕੇ ਜੀਵਨ ਨਿਰਬਾਹ ਮੁਹੱਈਆ ਕਰਾਉਣ 'ਤੇ ਧਿਆਨ ਕੇਂਦਰਤ ਕਰ ਰਿਹਾ ਹੈ। ਇਸ ਨੂੰ ਦਰਸਾਉਣ ਲਈ ਵਿਭਾਗ ਵਲੋਂ ਇਕ ਕਿਤਾਬਚਾ ਤਿਆਰ ਕੀਤਾ ਗਿਆ ਹੈ ਜਿਸ ਵਿਚ ਮਾਰਚ, 2017 ਤੋਂ ਸੂਬੇ ਵਿੱਚ ਪਾਰਕ, ਵਿਅਕਤੀਗਤ ਜਾਇਦਾਦਾਂ ਜਿਵੇਂ ਪਸ਼ੂਆਂ ਦੇ ਸ਼ੈਡਾਂ, ਆਂਗਣਵਾੜੀ, ਖੇਡ ਦੇ ਮੈਦਾਨਾਂ, ਬੂਟੇ ਲਾਉਣ ਆਦਿ ਵਰਗੇ ਸਰਵਉੱਤਮ ਕਾਰਜਾਂ ਨੂੰ ਦਰਸਾਇਆ ਗਿਆ ਹੈ ।

Babita

This news is Content Editor Babita