ਚੰਦੂਮਾਜਰਾ ਵਲੋਂ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਵਿਰੁੱਧ ਸ਼ਿਕਾਇਤ, ਵਕੀਲ ਰਾਹੀ ਭੇਜਿਆ ਨੋਟਿਸ

05/12/2019 1:22:48 PM

ਮੋਰਿੰਡਾ (ਅਰਨੌਲੀ) : ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਨੀਸ਼ ਤਿਵਾੜੀ ਵਲੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਿਰੁੱਧ ਇਕ ਵਿਅਕਤੀ ਤੋਂ ਇਕ ਕਰੋੜ ਰੁਪਏ ਰਿਸ਼ਵਤ ਲੈਣ ਸਬੰਧੀ ਲਗਾਏ ਦੋਸ਼ 'ਤੇ ਕਾਰਵਾਈ ਕਰਦੇ ਹੋਏ ਮੁਨੀਸ਼ ਤਿਵਾੜੀ 'ਤੇ 20 ਕਰੋੜ ਰੁਪਏ ਮਾਣਹਾਨੀ ਦਾ ਦਾਅਵਾ ਕਰਦਿਆਂ ਨੋਟਿਸ ਭੇਜਿਆ ਹੈ। ਇਸ ਸਬੰਧੀ ਮੋਰਿੰਡਾ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਦੇ ਵਕੀਲ ਪੁਸ਼ਪਿੰਦਰ ਕੌਂਸਲ ਨੇ ਦੱਸਿਆ ਕਿ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋ ਲੋਕ ਸਭਾ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਨੇ ਚੰਦੂਮਾਜਰਾ ਵਿਰੁੱਧ ਦੋਸ਼ ਲਗਾਏ ਹਨ ਕਿ ਸਾਲ 2014 'ਚ ਇਕ ਜਸਪ੍ਰੀਤ ਸਿੰਘ ਸਿੱਧੂ ਐੱਨ. ਆਰ. ਆਈ. ਨਾਮਕ ਵਿਅਕਤੀ ਤੋਂ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੈਂਬਰ ਲਗਾਉਣ ਲਈ ਇਕ ਕਰੋੜ ਰੁਪਏ ਰਿਸ਼ਵਤ ਵਜੋਂ ਲਏ ਹਨ। ਮੁਨੀਸ਼ ਤਿਵਾੜੀ ਵਲੋਂ ਲਗਾਏ ਇਸ ਦੋਸ਼ ਦੀ ਖ਼ਬਰ ਇਕ ਅੰਗਰੇਜ਼ੀ ਦੇ ਅਖ਼ਬਾਰ 'ਚ ਪ੍ਰਕਾਸ਼ਿਤ ਹੋਈ ਹੈ। ਜਿਸ 'ਤੇ ਅਕਾਲੀ ਭਾਜਪਾ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਪੁੱਤਰ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ ਰਾਂਹੀ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਵਿਰੁੱਧ ਪੁਲਸ ਥਾਣਾ ਸਿਟੀ ਮੋਰਿੰਡਾ ਵਿਖੇ ਮਾਮਲਾ ਦਰਜ ਕਰਨ ਲਈ ਅਰਜ਼ੀ ਦਿੱਤੀ ਹੈ। ਮਾਣਯੋਗ ਹਾਈਕੋਰਟ 'ਚ ਮਾਣਹਾਨੀ ਲਈ 20 ਕਰੋੜ ਦਾ ਨੋਟਿਸ ਵੀ ਭੇਜਿਆ ਹੈ। ਇਸ ਮੌਕੇ ਹਾਜ਼ਰ ਸ਼੍ਰੋਮਣੀ ਅਕਾਲੀ ਦਲ ਸਰਕਲ ਮੋਰਿੰਡਾ ਦੇ ਪ੍ਰਧਾਨ ਜੁਗਰਾਜ ਸਿੰਘ ਮਾਨਖੇੜੀ ਤੇ ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਹਰ ਵਰਗ ਨਕਾਰ ਚੁੱਕਾ ਹੈ। ਜਿਸ ਕਾਰਨ ਕਾਂਗਰਸੀ ਉਮੀਦਵਾਰ ਬੁਖਲਾਹਟ 'ਚ ਆ ਕੇ ਬੇਤੁਕੇ ਬਿਆਨ ਦੇ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਜਿਸ ਵਿਅਕਤੀ ਦੇ ਨਾਮ 'ਤੇ ਪ੍ਰੋ. ਚੰਦੂਮਾਜਰਾ ਸਾਹਿਬ 'ਤੇ ਦੋਸ਼ ਲਗਾ ਰਹੇ ਹਨ। ਉਹ ਵਿਅਕਤੀ ਸਿਰਫ ਸੁਰਖੀਆਂ ਬਟੋਰਨ ਲਈ ਝੁੱਠੇ ਦੋਸ਼ ਲਗਾ ਰਿਹਾ ਹੈ, ਜਿਸ 'ਚ ਕੋਈ ਸੱਚਾਈ ਨਹੀ ਹੈ।