ਅਕਾਲੀ ਸਿਆਸਤ 'ਚ ਧਮਾਕਾ, ਢੀਂਡਸਾ ਤੇ ਰਵੀਇੰਦਰ ਨੇ ਮਿਲਾਇਆ ਬ੍ਰਹਮਪੁਰਾ ਨਾਲ ਹੱਥ

12/08/2019 9:15:55 AM

ਚੰਡੀਗੜ੍ਹ (ਭੁੱਲਰ) : ਸ਼੍ਰੋਮਣੀ ਅਕਾਲੀ ਦਲ 'ਚ ਚਲ ਰਹੀ ਉਥਲ-ਪੁਥਲ ਦੀ ਸਥਿਤੀ ਦੌਰਾਨ ਅਕਾਲੀ ਸਿਆਸਤ 'ਚ ਇਕ ਹੋਰ ਵੱਡਾ ਧਮਾਕਾ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਵੱਡੇ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਕਿਸੇ ਸਮੇਂ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ 'ਚ ਸ਼ਾਮਲ ਰਹੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਬਾਦਲਾਂ ਖਿਲਾਫ਼ ਇਕਜੁੱਟ ਹੁੰਦਿਆਂ ਬ੍ਰਹਮਪੁਰਾ ਨਾਲ ਹੱਥ ਮਿਲਾ ਲਿਆ ਹੈ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਆਗੂਆਂ ਨੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰ ਸੀਨੀਅਰ ਆਗੂਆਂ ਨਾਲ ਇਕ ਗੁਪਤ ਮੀਟਿੰਗ ਕਰ ਕੇ ਭਵਿੱਖ ਦੀ ਰਣਨੀਤੀ ਬਾਰੇ ਫੈਸਲਾ ਕੀਤਾ। ਭਾਵੇਂ ਇਹ ਮੀਟਿੰਗ ਪੂਰੀ ਤਰ੍ਹਾਂ ਗੁਪਤ ਰੱਖੀ ਗਈ ਸੀ ਪਰ ਇਸ ਦੀ ਤਸਵੀਰ ਵੀ ਬਾਹਰ ਆ ਗਈ ਹੈ। ਸੂਤਰਾਂ ਅਨੁਸਾਰ ਇਹ ਮੀਟਿੰਗ ਰਵੀਇੰਦਰ ਸਿੰਘ ਦੇ ਗ੍ਰਹਿ ਵਿਖੇ ਸ਼ਨੀਵਾਰ ਦੇਰ ਸ਼ਾਮ ਨੂੰ ਹੋਈ।

ਮੀਟਿੰਗ ਵਿਚ ਢੀਂਡਸਾ, ਰਵੀਇੰਦਰ ਅਤੇ ਬ੍ਰਹਮਪੁਰਾ ਤੋਂ ਇਲਾਵਾ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ, ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ, ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਅਕਾਲੀ ਦਲ 1920 ਦੇ ਯੂਥ ਆਗੂ ਤਜਿੰਦਰ ਸਿੰਘ ਪਨੂੰ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਵੀ ਸ਼ਾਮਲ ਸਨ।

ਮੀਟਿੰਗ 'ਚ ਇਸ ਗੱਲ 'ਤੇ ਸਹਿਮਤੀ ਬਣੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਐੱਸ. ਜੀ. ਪੀ. ਸੀ. ਤੋਂ ਬਾਦਲਾਂ ਦਾ ਕਬਜ਼ਾ ਖਤਮ ਕਰਨ ਲਈ ਮਿਲ ਕੇ ਕੰਮ ਕੀਤਾ ਜਾਵੇ। ਇਸ ਗੱਲ 'ਤੇ ਵੀ ਸਹਿਮਤੀ ਬਣੀ ਕਿ ਬਾਦਲਾਂ ਵਿਰੋਧੀ ਮੁਹਿੰਮ 'ਚ ਬੈਂਸ ਭਰਾਵਾਂ, ਸੁਖਪਾਲ ਖਹਿਰਾ ਅਤੇ ਧਰਮਵੀਰ ਗਾਂਧੀ ਦੇ ਗਰੁੱਪਾਂ ਨੂੰ ਵੀ ਨਾਲ ਲੈਣ ਦਾ ਯਤਨ ਕੀਤਾ ਜਾਵੇ। ਇਸ ਮੌਕੇ 14 ਦਸੰਬਰ ਨੂੰ ਅਕਾਲੀ ਦਲ ਦਾ ਸਥਾਪਨਾ ਦਿਵਸ ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇ ਤੌਰ 'ਤੇ ਮਨਾਉਣ 'ਤੇ ਸਹਿਮਤੀ ਹੋਈ।

cherry

This news is Content Editor cherry