ਚੋਣ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਏਮਸ ਬਠਿੰਡਾ ਦਾ ਮਾਮਲਾ ਗਰਮਾਇਆ

04/01/2019 9:56:26 AM

ਚੰਡੀਗੜ੍ਹ(ਗੁਰਉਪਦੇਸ਼ ਭੁੱਲਰ) : ਪੰਜਾਬ 'ਚ 22 ਅਪ੍ਰੈਲ ਤੋਂ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਤੇ ਚੋਣ ਮੁਹਿੰਮ ਵੀ ਰਸਮੀ ਤੌਰ 'ਤੇ ਸ਼ੁਰੂ ਨਹੀਂ ਹੋਇਆ ਹੈ ਪਰ ਪਾਰਟੀਆਂ ਉਮੀਦਵਾਰਾਂ ਦੀ ਚੋਣ 'ਚ ਜੁਟੀਆਂ ਹੋਈਆਂ ਹਨ। ਸਭ ਤੋਂ ਹੌਟ ਮੰਨੇ ਜਾਣ ਵਾਲੀ ਬਠਿੰਡਾ ਲੋਕ ਸਭਾ ਸੀਟ ਨਾਲ ਸਬੰਧਿਤ ਹਲਕੇ 'ਚ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਸ) ਵਿਚਕਾਰ ਹੀ ਲਟਕੇ ਪ੍ਰਾਜੈਕਟ ਦਾ ਮੁੱਦਾ ਹੁਣੇ ਤੋਂ ਹੀ ਗਰਮਾਇਆ ਹੋਇਆ ਹੈ। ਅਕਾਲੀ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਪ੍ਰਾਜੈਕਟ ਦੇ ਕੰਮ 'ਚ ਰੁਕਾਵਟਾਂ ਪਾਉਣ ਦੇ ਕਾਂਗਰਸ ਅਤੇ ਰਾਜ ਸਰਕਾਰ 'ਤੇ ਗੰਭੀਰ ਦੋਸ਼ ਲਾਉਂਦਿਆਂ ਬੀਤੇ ਦਿਨੀਂ ਤਿੱਖੇ ਹਮਲੇ ਕੀਤੇ। ਇਸ ਤੋਂ ਬਾਅਦ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਹਰਸਿਮਰਤ ਕੌਰ ਬਾਦਲ ਵਿਚਕਾਰ ਤਿੱਖੀ ਬਹਿਸਬਾਜ਼ੀ ਚੱਲ ਰਹੀ ਹੈ।

ਜ਼ਿਕਰਯੋਗ ਹੈ ਕਿ ਮੰਤਰੀ ਮਹਿੰਦਰਾ ਦੇ ਬੇਟੇ ਮੋਹਿਤ ਵੀ ਬਠਿੰਡਾ ਤੋਂ ਪਾਰਟੀ ਦੀ ਟਿਕਟ ਦੇ ਪ੍ਰਬਲ ਦਾਅਵੇਦਾਰਾਂ 'ਚ ਸ਼ਾਮਲ ਹਨ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਏਮਸ ਪ੍ਰਾਜੈਕਟ ਦੀ ਪ੍ਰਾਪਤੀ ਨੂੰ ਅਕਾਲੀ ਦਲ ਨੇ ਵੱਡੀ ਉਪਲੱਬਧੀ ਮੰਨ ਕੇ ਪ੍ਰਚਾਰ ਕੀਤਾ ਸੀ ਪਰ 3 ਸਾਲ ਬਾਅਦ ਵੀ ਪ੍ਰਾਜੈਕਟ ਦਾ ਕੰਮ ਵਧ ਨਹੀਂ ਪਾ ਰਿਹਾ ਹੈ। ਬੇਸ਼ੱਕ ਬਠਿੰਡਾ 'ਚ ਇਮਾਰਤ ਦੇ ਨਿਰਮਾਣ ਦਾ ਕਾਫ਼ੀ ਕੰਮ ਹੋ ਚੁੱਕਿਆ ਹੈ। ਏਮਸ ਮਾਲਵੇ ਦੇ ਬਠਿੰਡਾ ਜਿਹੇ ਕੈਂਸਰ ਪ੍ਰਭਾਵਿਤ ਖੇਤਰਾਂ ਲਈ ਬਹੁਤ ਅਹਿਮੀਅਤ ਰੱਖਦਾ ਹੈ। ਇਸ ਦੇ ਸ਼ੁਰੂ ਹੋਣ 'ਤੇ 3000 ਤੋਂ ਜ਼ਿਆਦਾ ਹੁਨਰਮੰਦ ਲੋਕਾਂ ਨੂੰ ਰੁਜ਼ਗਾਰ ਵੀ ਉਪਲੱਬਧ ਹੋਵੇਗਾ। ਸੂਬੇ 'ਚ ਕਾਂਗਰਸ ਸਰਕਾਰ ਸਥਾਪਤ ਹੋਣ ਤੋਂ ਬਾਅਦ ਅਕਾਲੀ ਦਲ ਦੇ ਨਾਲ ਟਕਰਾਓ ਦੀ ਹਾਲਤ ਕਾਰਨ ਬਠਿੰਡਾ 'ਚ ਏਮਸ ਦਾ ਕੰਮ ਨਿਰਧਾਰਤ ਟੀਚੇ ਮੁਤਾਬਿਕ ਨਹੀਂ ਹੋ ਪਾ ਰਿਹਾ। ਸਾਲ 2019 'ਚ ਓ.ਪੀ.ਡੀ. ਸ਼ੁਰੂ ਕਰਨ ਦਾ ਟੀਚਾ ਵੀ ਅਜੇ ਛੇਤੀ ਪੂਰਾ ਹੋਣ ਵਾਲਾ ਨਹੀਂ। ਹੁਣ ਲੋਕ ਸਭਾ ਚੋਣਾਂ ਆ ਜਾਣ ਕਾਰਨ ਬਠਿੰਡਾ ਏਮਸ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ 'ਚ ਤਲਵਾਰਾਂ ਖਿੱਚ ਚੁੱਕੀਆਂ ਹਨ। ਜਿਸ ਤਰ੍ਹਾਂ ਖੇਤਰ ਦੀ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਮੁੱਦੇ ਨੂੰ ਲੈ ਕੇ ਤਿੱਖੇ ਤੇਵਰ ਅਪਣਾਏ ਹੋਏ ਹਨ, ਉਸ ਤੋਂ ਸਾਫ਼ ਹੈ ਕਿ ਬਠਿੰਡਾ ਹਲਕੇ 'ਚ ਇਹ ਵੱਡਾ ਚੋਣ ਮੁੱਦਾ ਹੋਵੇਗਾ। ਇਹ ਟਕਰਾਓ ਕੋਈ ਨਵਾਂ ਸ਼ੁਰੂ ਨਹੀਂ ਹੋਇਆ, ਸਗੋਂ ਸੂਬੇ 'ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਹੀ ਮੁੱਦੇ ਨੂੰ ਲੈ ਕੇ ਇਕ-ਦੂਜੇ 'ਤੇ ਦੋਸ਼ਾਂ ਦਾ ਸਿਲਸਿਲਾ ਚੱਲਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਸਰਕਾਰ ਕਾਰਨ ਹੀ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਸਾਲ 2018 'ਚ ਬਿਨਾਂ ਐੱਨ.ਓ.ਸੀ. ਅਤੇ ਹੋਰ ਮਨਜ਼ੂਰੀਆਂ ਪ੍ਰਾਪਤ ਭੂਮੀ ਪੂਜਨ ਕਰਵਾ ਕੇ ਏਮਸ ਦੀ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਸੀ। ਕੈਪਟਨ ਸਰਕਾਰ 'ਤੇ ਦੋਸ਼ ਵੀ ਲਾਏ ਸਨ ਕਿ ਜਾਣਬੁਝ ਕੇ ਮਨਜ਼ੂਰੀਆਂ ਰੋਕਦੀ ਹੈ ਤਾਂ ਕਿ ਅਕਾਲੀ ਦਲ ਦੇ ਸਿਰ ਇਸ ਦਾ ਸਿਹਰਾ ਨਾ ਸਜੇ। ਹਰਸਿਮਰਤ ਹੁਣ ਗੱਲ ਨੂੰ ਲੈ ਕੇ ਮੁੱਦੇ ਨੂੰ ਉਠਾ ਰਹੀ ਹੈ ਕਿ ਪੀ.ਜੀ.ਆਈ. ਦੀ ਐਕਸਪਰਟ ਕਮੇਟੀ ਦੀ ਸਿਫਾਰਿਸ਼ 'ਤੇ ਕੇਂਦਰੀ ਸਿਹਤ ਮੰਤਰਾਲਾ ਰਾਜ ਦੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ 'ਚ ਏਮਸ ਦਾ ਅਸਥਾਈ ਕੈਂਪਸ ਸਥਾਪਿਤ ਕਰਕੇ ਐੱਮ.ਬੀ.ਬੀ.ਐੱਸ. ਦੇ ਪਹਿਲੇ ਬੈਚ ਦੀ ਸ਼ੁਰੂਆਤ ਦੀ ਸਿਫਾਰਿਸ਼ ਕਰ ਚੁੱਕਿਆ ਹੈ, ਪਰ ਰਾਜ ਸਰਕਾਰ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਾਣ-ਬੁਝ ਕੇ ਅਜਿਹਾ ਨਹੀਂ ਕਰਨਾ ਚਾਹੀਦਾ ਹੈ।

ਕਾਂਗਰਸ 'ਤੇ ਹੀ ਨਹੀਂ ਖਹਿਰਾ 'ਤੇ ਵੀ ਸਵਾਲ
ਹਰਸਿਮਰਤ ਇਸ ਮੁੱਦੇ ਨੂੰ ਲੈ ਕੇ ਸਿਰਫ ਕਾਂਗਰਸ ਨੂੰ ਹੀ ਨਿਸ਼ਾਨਾ ਨਹੀਂ ਬਣਾ ਰਹੀ, ਸਗੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ 'ਤੇ ਵੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ, ਉਨ੍ਹਾਂ ਬੀਤੇ ਸਮੇਂ 'ਚ ਏਮਸ ਪ੍ਰਾਜੈਕਟ ਦਾ ਐਲਾਨ ਹੋਣ ਤੋਂ ਬਾਅਦ ਬਠਿੰਡਾ 'ਚ ਇਸ ਨੂੰ ਸਥਾਪਤ ਕਰਨ ਦਾ ਵਿਰੋਧ ਕੀਤਾ ਸੀ। ਇਸ 'ਤੇ ਖਹਿਰਾ ਨੂੰ ਵੀ ਆਪਣਾ ਪੱਖ ਸਪੱਸ਼ਟ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਠਿੰਡਾ 'ਚ ਏਮਸ ਬਣਾਉਣ ਦਾ ਵਿਰੋਧ ਨਹੀਂ ਕੀਤਾ, ਸਗੋਂ ਦੋਆਬਾ ਖੇਤਰ 'ਚ ਏਮਸ ਵਰਗਾ ਸੰਸਥਾਨ ਬਣਾਉਣ ਦੀ ਮੰਗ ਕੀਤੀ ਸੀ।

ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਹੋਈ ਦੇਰੀ : ਮਹਿੰਦਰਾ
ਬ੍ਰਹਮਾ ਮਹਿੰਦਰਾ, ਸਿਹਤ ਮੰਤਰੀ, ਪੰਜਾਬ ਨੇ ਕਿਹਾ ਕਿ ਕਾਂਗਰਸ ਸਰਕਾਰ 'ਤੇ ਰੁਕਾਵਟਾਂ ਪਾਉਣ ਦੇ ਦੋਸ਼ਾਂ ਦਾ ਕੋਈ ਆਧਾਰ ਨਹੀਂ ਹੈ, ਸਗੋਂ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹੀ ਦੇਰੀ ਹੋਈ। ਨੀਂਹ ਪੱਥਰ 'ਤੇ ਹੀ ਢਾਈ ਸਾਲ ਲੱਗ ਗਏ। ਵਿਧਾਨ ਸਭਾ ਚੋਣਾਂ ਦੀ ਚੋਣ ਜ਼ਾਬਤਾ ਲਾਗੂ ਹੋਣ ਤੋਂ ਕੁੱਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਤੋਂ ਨੀਂਹ ਪੱਥਰ ਰੱਖਵਾਇਆ ਤਾਂ ਕਿ ਅਕਾਲੀ ਦਲ ਨੂੰ ਰਾਜਨੀਤਕ ਲਾਹਾ ਮਿਲ ਸਕੇ। ਪ੍ਰਾਜੈਕਟ ਲਈ ਬਾਦਲ ਸਰਕਾਰ ਦੇ ਸਮੇਂ ਜ਼ਮੀਨ ਵੀ ਟ੍ਰਾਂਸਫਰ ਨਹੀਂ ਕੀਤੀ ਗਈ ਸੀ। ਕਾਂਗਰਸ ਨੇ ਸੱਤਾ ਸੰਭਾਲਣ ਤੋਂ ਬਾਅਦ 180 ਏਕੜ ਜ਼ਮੀਨ ਉਪਲੱਬਧ ਕਰਵਾਈ। ਪੀ.ਜੀ.ਆਈ. ਦੀ ਸਿਫਾਰਿਸ਼ 'ਤੇ ਕੇਂਦਰੀ ਸਿਹਤ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਅਸਥਾਈ ਕੈਂਪਸ ਸਥਾਪਤ ਨਾ ਕੀਤੇ ਜਾਣ ਸਬੰਧੀ ਹਰਸਿਮਰਤ ਦੇ ਦੋਸ਼ ਵੀ ਪੂਰੀ ਤਰ੍ਹਾਂ ਤੱਥਹੀਣ ਹਨ। ਪੀ.ਜੀ.ਆਈ. ਦਾ ਇਸ ਸਬੰਧੀ ਸਰਕਾਰ ਨੂੰ 25 ਮਾਰਚ ਨੂੰ ਹੀ ਪੱਤਰ ਮਿਲਿਆ ਅਤੇ ਸਰਕਾਰ ਨੇ 27 ਮਾਰਚ ਨੂੰ ਜਵਾਬ ਵੀ ਦੇ ਦਿੱਤੇ। ਹੁਣ ਹਰਸਿਮਰਤ ਨੂੰ ਚਾਹੀਦਾ ਹੈ ਕਿ ਫਾਈਨਲ ਮਨਜ਼ੂਰੀ ਦਾ ਪੱਤਰ ਕੇਂਦਰ ਸਰਕਾਰ ਤੋਂ ਲੈ ਕੇ ਦੇਵੇ।

ਮਹਿੰਦਰਾ ਵਾਰ-ਵਾਰ ਆਪਣਾ ਬਿਆਨ ਬਦਲਦੇ ਹਨ : ਹਰਸਿਮਰਤ ਬਾਦਲ
ਉਥੇ ਹੀ, ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਕਿਹਾ ਹੈ ਕਿ ਸਿਹਤ ਮੰਤਰੀ ਝੂਠ ਬੋਲਦੇ ਹਨ ਅਤੇ ਵਾਰ-ਵਾਰ ਸਟੈਂਡ ਬਦਲਦੇ ਹਨ ਜਦੋਂਕਿ ਉਨ੍ਹਾਂ ਨੂੰ ਰਾਜ ਦੀ ਸਿਹਤ ਸੇਵਾਵਾਂ ਦੀ ਬਿਹਤਰੀ ਲਈ ਅਜਿਹੇ ਵੱਡੇ ਸੰਸਥਾਨਾਂ ਨੂੰ ਅੱਗੇ ਵਧਾਉਣ ਲਈ ਸਹਿਯੋਗ ਕਰਨਾ ਚਾਹੀਦਾ ਹੈ। ਪਹਿਲਾਂ ਤਾਂ ਮਹਿੰਦਰਾ ਨੇ ਝੂਠ ਬੋਲਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਪੀ.ਜੀ.ਆਈ. ਚੰਡੀਗੜ੍ਹ ਦੀ ਮਾਹਿਰ ਕਮੇਟੀ ਨੇ ਬਠਿੰਡਾ ਏਮਸ ਦਾ ਅਸਥਾਈ ਕੈਂਪਸ ਫਰੀਦਕੋਟ 'ਚ ਸਥਾਪਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਜਦੋਂ ਮੈਂ ਦਸਤਾਵੇਜ਼ ਦਿਖਾਏ ਤਾਂ ਮੰਤਰੀ ਨੇ ਕਿਹਾ ਕਿ ਏਮਸ ਬਠਿੰਡਾ ਤਾਂ ਸਿਰਫ ਕਾਗਜ਼ਾਂ 'ਚ ਹੀ ਬਣਿਆ ਹੈ, ਜ਼ਮੀਨ 'ਤੇ ਕੋਈ ਕੰਮ ਨਹੀਂ ਹੋਇਆ ਪਰ ਉਨ੍ਹਾਂ ਇਮਾਰਤ ਦੇ ਨਿਰਮਾਣ ਦੀਆਂ ਤਸਵੀਰਾਂ ਜਾਰੀ ਕਰਕੇ ਝੂਠ ਦਾ ਵੀ ਪਰਦਾਫਾਸ਼ ਕਰ ਦਿੱਤਾ ਅਤੇ ਇਕ ਸਾਲ ਦੇ ਸਮੇਂ 'ਚ 4 ਮੰਜ਼ਿਲਾਂ ਦਾ ਨਿਰਮਾਣ ਹੋ ਚੁੱਕਿਆ ਹੈ। ਇਸ ਤੋਂ ਬਾਅਦ ਆਪਣੇ ਝੂਠ ਨੂੰ ਲੁਕਾਉਣ ਲਈ ਮੰਤਰੀ ਨੇ ਫਿਰ ਬੇਵਕੂਫ਼ੀ ਭਰਿਆ ਬਿਆਨ ਦੇ ਦਿੱਤਾ ਕਿ ਜਾਣਕਾਰੀ ਨਹੀਂ ਸੀ ਤੇ ਐੱਮ.ਬੀ.ਬੀ.ਐੱਸ. ਪਹਿਲੇ ਬੈਚ ਦੀਆਂ ਕਲਾਸਾਂ ਫਰੀਦਕੋਟ 'ਚ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ। ਇਸ ਤਰ੍ਹਾਂ ਕਾਂਗਰਸ ਜਾਣ-ਬੁਝ ਕੇ ਏਮਸ ਬਠਿੰਡਾ ਦੇ ਨਿਰਮਾਣ ਕਾਰਜ 'ਚ ਰੁਕਾਵਟਾਂ ਪਾ ਰਹੀ ਹੈ। ਕਾਂਗਰਸ ਸਰਕਾਰ ਦਾ ਰਵੱਈਆ ਇਸ ਤੋਂ ਵੀ ਸਪੱਸ਼ਟ ਹੈ ਕਿ ਇਸ ਸਾਲ ਮਈ ਮਹੀਨੇ 'ਚ ਓ.ਪੀ.ਡੀ. ਸੇਵਾ ਸ਼ੁਰੂ ਕੀਤੀ ਜਾਣੀ ਹੈ ਪਰ ਅਜੇ ਤੱਕ ਪਾਵਰ ਗ੍ਰਿਡ ਲਾਉਣ ਦਾ ਕੰਮ ਵੀ ਸ਼ੁਰੂ ਨਹੀਂ ਕਰਵਾਇਆ ਗਿਆ। ਹੁਣ ਜਵਾਬ ਲੋਕਾਂ ਦੀ ਕਚਹਿਰੀ 'ਚ ਲੋਕ ਸਭਾ ਚੋਣ 'ਚ ਦੇਣਾ ਹੀ ਪਵੇਗਾ।

ਚੋਣ ਮੁਹਿੰਮ : ਲੋਕ ਸਭਾ ਚੋਣਾਂ 2019

ਪ੍ਰਾਜੈਕਟ ਨੂੰ ਮਨਜ਼ੂਰੀ- 7 ਜੁਲਾਈ, 2016 ਦੀ ਕੇਂਦਰੀ ਕੈਬਨਿਟ ਬੈਠਕ ਵਿਚ
ਪ੍ਰਾਜੈਕਟ ਦਾ ਐਲਾਨ- 2016-17 ਕੇਂਦਰੀ ਬਜਟ 'ਚ
ਨੀਂਹ ਪੱਥਰ- 25 ਨਵੰਬਰ, 2016 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ
ਭੂਮੀ ਪੂਜਨ- ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੀਤਾ
ਪ੍ਰਾਜੈਕਟ ਮੁਕੰਮਲ ਹੋਣ ਦਾ ਟੀਚਾ ਹੈ : ਜੂਨ, 2020
950 ਕਰੋੜ ਪ੍ਰਾਜੈਕਟ ਦੀ ਲਾਗਤ
ਪੰਜਾਬ ਸਰਕਾਰ ਵਲੋਂ ਕੇਂਦਰ ਨੂੰ ਦਿੱਤੀ ਭੂਮੀ : 177 ਏਕੜ।


 

cherry

This news is Content Editor cherry