ਬਿਜਲੀ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ 22 ਜੁਲਾਈ ਨੂੰ ਦਿੱਤਾ ਜਾਵੇਗਾ ਧਰਨਾ : ਖਹਿਰਾ

07/03/2019 3:38:23 PM

ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਅਤੇ ਨਵਾਂ ਪੰਜਾਬ ਪਾਰਟੀ ਮਿਲ ਕੇ ਅਗਲੇ ਦਿਨਾਂ ’ਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਇਕੱਠੇ ਸੰਘਰਸ਼ ਸ਼ੁਰੂ ਕਰਨ ਜਾ ਰਹੇ ਹਨ, ਜਿਸ ’ਚ ਹਾਲ ਹੀ ’ਚ ਪੰਜਾਬ ਸਰਕਾਰ ਵਲੋਂ ਝੂਠੇ ਪੁਲਸ ਮੁਕਾਬਲੇ ’ਚ ਲੁਧਿਆਣਾ ਦੇ ਨੌਜਵਾਨ ਨੂੰ ਮਾਰਨ ਵਾਲੇ ਪੁਲਸ ਵਾਲਿਆਂ ਨੂੰ ਮੁਆਫੀ ਦਾ ਮਾਮਲਾ, ਪੰਜਾਬ ’ਚ ਮਹਿੰਗੀ ਬਿਜਲੀ, ਰਾਜਸਥਾਨ ਅਤੇ ਹੋਰ ਸੂਬਿਆਂ ਨੂੰ ਜਾ ਰਹੇ ਪਾਣੀ ਦੇ ਮੁੱਦੇ ਸ਼ਾਮਲ ਰਹਿਣਗੇ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਲੁਧਿਆਣਾ ਦੇ ਨੌਜਵਾਨ ਨੂੰ ਆਪਣੀ ਪ੍ਰਮੋਸ਼ਨ ਲਈ ਝੂਠੇ ਪੁਲਸ ਮੁਕਾਬਲੇ ’ਚ ਮਾਰ ਦੇਣ ਵਾਲੇ ਪੁਲਸ ਵਾਲਿਆਂ ਨੂੰ ਸਜ਼ਾ ਮੁਆਫੀ ਦੇਣ ਦੇ ਮਾਮਲੇ ’ਚ ਉਹ ਚੁੱਪ ਕਰ ਕੇ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਰਾਜਪਾਲ ਦੇ ਗੈਰ ਕਾਨੂੰਨੀ ਫੈਸਲੇ ’ਤੇ ਵਿਰੋਧ ਜਤਾਉਣ ਲਈ ਰਾਜਪਾਲ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਗਿਆ ਹੈ। ਜੇਕਰ ਰਾਜਪਾਲ ਵਲੋਂ ਸਮਾਂ ਨਹੀਂ ਦਿੱਤਾ ਗਿਆ ਤਾਂ ਪੰਜਾਬੀ ਏਕਤਾ ਪਾਰਟੀ ਅਤੇ ਨਵਾਂ ਪੰਜਾਬ ਪਾਰਟੀ ਦੇ ਕਰਮਚਾਰੀ ਉਨ੍ਹਾਂ ਦੀ ਅਤੇ ਡਾ. ਧਰਮਵੀਰ ਗਾਂਧੀ ਦੀ ਅਗਵਾਈ ’ਚ ਰਾਜ ਭਵਨ ਦੇ ਬਾਹਰ ਹੀ ਧਰਨੇ ਦੇ ਦੇਣਗੇ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਦਿਵਾਉਣ ਲਈ ਸਰਕਾਰ ਨੂੰ ਜਗਾਇਆ ਜਾ ਸਕੇ, ਇਸ ਲਈ 22 ਜੁਲਾਈ ਨੂੰ ਪਟਿਆਲਾ ਸਥਿਤ ਪੀ. ਐੱਸ. ਪੀ. ਸੀ. ਐੱਲ. ਹੈੱਡਕੁਆਰਟਰ ਦੇ ਬਾਹਰ ਧਰਨਾ ਲਾਇਆ ਜਾਵੇਗਾ।

ਖਹਿਰਾ ਨੇ ਕਿਹਾ ਕਿ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ ਪੰਜਾਬ ਵਲੋਂ ਦਿੱਤੇ ਜਾ ਰਹੇ ਪਾਣੀ ਦੀ ਰਾਇਲਟੀ ਵਸੂਲਣ ਲਈ ਵੀ ਉਨ੍ਹਾਂ ਦੀ ਪਾਰਟੀ ਡਾ. ਗਾਂਧੀ ਤੇ ਸਿਮਰਜੀਤ ਸਿੰਘ ਬੈਂਸ ਨਾਲ ਮਿਲ ਕੇ ਸੰਘਰਸ਼ ਕਰੇਗੀ।

Baljeet Kaur

This news is Content Editor Baljeet Kaur