''ਚੰਡੀਗੜ੍ਹ ਏਅਰਪੋਰਟ'' ਤੋਂ ਜ਼ਬਤ ਕੀਤੇ ਸੋਨੇ ਦੇ ਆਂਕੜੇ ਹੋਏ ਜਨਤਕ

10/11/2019 1:11:17 PM

ਲੁਧਿਆਣਾ : ਦੁਬਈ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ ਦੀ ਫਲਾਈਟ ਰਾਹੀਂ ਹੋਣ ਵਾਲੀ ਸੋਨੇ ਦੀ ਸਮਗੱਲਿੰਗ ਨੂੰ ਸਖਤੀ ਨਾਲ ਰੋਕਣ ਦੀਆਂ ਕੋਸ਼ਿਸ਼ਾਂ ਬਾਰੇ ਕਸਟਮ ਵਿਭਾਗ ਨੇ ਪੂਰੀ ਪ੍ਰਤੀਬੱਧਤਾ ਦਾ ਦਾਅਵਾ ਕੀਤਾ ਹੈ। 'ਜਗਬਾਣੀ' 'ਚ ਕਸਟਮ ਅਧਿਕਾਰੀਆਂ ਨਾਲ ਮਿਲੀਭੁਗਤ ਨਾਲ ਦੁਬਈ ਤੋਂ ਪੰਜਾਬ 'ਚ ਹੋ ਰਹੀ ਸੋਨੇ ਦੀ ਸਮਗੱਲਿੰਗ ਦੀ ਖਬਰ ਦਾ ਨੋਟਿਸ ਲੈਂਦੇ ਹੋਏ ਕਸਟਮ ਕਮਿਸ਼ਨਰੇਟ ਲੁਧਿਆਣਾ ਨੇ ਸਮੱਗਲਿੰਗ ਦੇ ਮਾਮਲੇ 'ਚ ਜ਼ਬਤ ਕੀਤੇ ਸੋਨੇ ਅਤੇ ਸਮੱਗਲਰਾਂ 'ਤੇ ਦਰਜ ਕੀਤੇ ਗਏ ਮਾਮਲਿਆਂ ਦੇ ਆਂਕੜੇ ਪੇਸ਼ ਕੀਤੇ ਹਨ।

ਕਮਿਸ਼ਨਰ ਰੰਗਾ ਦਾ ਕਹਿਣਾ ਹੈ ਕਿ 15 ਸਤੰਬਰ, 2016 ਨੂੰ ਆਪ੍ਰੇਸ਼ਨਲ ਹੋਏ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਮੌਜੂਦਾ ਦੁਬਈ ਅਤੇ ਸ਼ਾਰਜਾਹ ਦੀਆਂ 9 ਅੰਤਰਰਾਸ਼ਟਰੀ ਉਡਾਣਾਂ 'ਚ ਹਰ ਹਫਤੇ ਲਗਭਗ 1500 ਯਾਤਰੀ ਯਾਤਰਾ ਕਰਦੇ ਹਨ ਅਤੇ ਸੋਨੇ ਦੀ ਸਮੱਗਲਿੰਗ ਨੂੰ ਰੋਕਣ ਲਈ ਚੰਡੀਗੜ੍ਹ ਏਅਰਪੋਰਟ 'ਤੇ ਕਾਫੀ ਸਟਾਫੀ ਮੁਸਤੈਦੀ ਨਾਲ ਤਾਇਨਾਤ ਕੀਤਾ ਗਿਆ ਹੈ। ਏਅਰਪੋਰਟ 'ਤੇ ਐਡਵਾਂਸਡ ਪੈਸੰਜਰ ਇਨਫਾਰਮੇਸ਼ਨ ਸਿਸਟਮ ਦੀ ਸੁਵਿਧਾ ਮੌਜੂਦ ਹੋਣ ਨਾਲ ਯਾਤਰੀਆਂ ਦੀ ਪੂਰੀ ਪ੍ਰੋਫਾਈਲ ਸਾਹਮਣੇ ਆ ਜਾਂਦੀ ਹੈ।

ਇਸ ਤੋਂ ਇਲਾਵਾ ਆਧੁਨਿਕ ਡੋਰ ਸਕੈਨਰ, ਹੈਂਡ ਮੈਟਲ ਡਿਟੈਕਟਰ ਅਤੇ ਐੱਸ. ਬੀ. ਆਈ. ਐੱਸ. ਸਿਸਟਮ ਰਾਹੀਂ ਯਾਤਰੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਂਦੀ ਹੈ। ਕਮਿਸ਼ਨਰ ਏ. ਐੱਸ. ਰੰਗਾ ਨੇ ਕਿਹਾ ਕਿ ਸਾਲ 2016-17 'ਚ 6.3 ਲੱਖ ਮੁੱਲ ਦੇ 250 ਗ੍ਰਾਮ ਸੋਨੇ ਦੀ ਸਮੱਗਲਿੰਗ ਦਾ ਇਕ ਮਾਮਲਾ ਫੜ੍ਹਿਆ ਸੀ। ਕਸਟਮ ਵਿਭਾਗ ਨੇ ਵਿਜੀਲੈਂਸ ਸਟਾਫ ਦੀ ਮੁਸਤੈਦੀ ਕਾਰਨ 2017-19 'ਚ ਸੋਨੇ ਦੀ ਸਮੱਗਲਿੰਗ ਦੇ 25 ਮਾਮਲਿਆਂ 'ਚ 4 ਕਰੋੜ, 30 ਲੱਖ ਰੁਪਏ ਦੀ ਕੀਮਤ ਦਾ 14.993 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ।

ਸਾਲ 2018-19 'ਚ ਵਿਭਾਗ ਨੇ 3 ਕਰੋੜ 29 ਲੱਖ ਮੁੱਲ ਦਾ 10.743 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਸੀ, ਜਦੋਂ ਕਿ ਇਸ ਸਾਲ 'ਚ ਸਤੰਬਰ, 2019 ਤੱਕ 9.57 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ ਗਿਆ ਹੈ। ਇਸ ਦੀ ਬਾਜ਼ਾਰ 'ਚ 3 ਕਰੋੜ, 8 ਲੱਖ ਰੁਪਏ ਕੀਮਤ ਹੈ। ਉਨ੍ਹਾਂ ਕਿਹਾ ਕਿ ਕਸਟਮ ਵਿਭਾਗ ਨੇ 44.5 ਕਿਲੋਗ੍ਰਾਮ ਜ਼ਬਤ ਕੀਤੇ ਸੋਨੇ ਨੂੰ ਵੇਚ ਕੇ 13 ਕਰੋੜ, 92 ਲੱਖ ਰੁਪਏ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਏ ਹਨ। ਇਸ ਤੋਂ ਇਲਾਵਾ 7.36 ਕਰੋੜ ਰੁਪਏ ਮੁੱਲ ਦੇ ਜ਼ਬਤ ਕੀਤੇ 24 ਕਿਲੋਗ੍ਰਾਮ ਸੋਨੇ ਦੀ ਨੀਲਾਮੀ ਦੀ ਪ੍ਰਕਿਰਿਆ ਜਾਰੀ ਹੈ।

ਸੋਨੇ ਦੀ ਸਮੱਗਲਿੰਗ ਮਾਮਲੇ 'ਚ 12 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ 'ਚ 11 ਮਾਮਲਿਆਂ 'ਚ ਕਸਟਮ ਐਕਟ 1962 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਸੋਨੇ ਦੀ ਸਮੱਗਲਿੰਗ 'ਚ ਜ਼ਬਤ ਸੋਨੇ ਦੀ ਦੀ ਪੂਰੀ ਜਾਣਕਾਰੀ ਰਿਜਨਲ ਇਕਨੋਮੀਕਲ ਇੰਟੈਲੀਜੈਂਸ ਕਮੇਟੀ ਨੂੰ ਭੇਜੀ ਜਾਂਦੀ ਹੈ ਅਤੇ ਉਨ੍ਹਾਂ ਦੇ ਮਾਧਿਅਮ ਨਾਲ ਇਨਕਮ ਟੈਕਸ ਵਿਭਾਗ ਸਮੱਗਲਿੰਗ ਦੇ ਸੋਨੇ ਦੀ ਫੰਡਿੰਗ ਕਰਨ ਵਾਲੇ ਲੋਕਾਂ ਦੀ ਜਾਣਕਾਰੀ ਜੁਟਾਉਂਦਾ ਹੈ।

Babita

This news is Content Editor Babita