''ਗੁਰੂ ਦੀ ਗੋਲਕ'' ਲੁੱਟਣ ਲਈ ਦਿੱਲੀ ''ਚ ਬਾਦਲਾਂ ਦੇ ਏਜੰਟ ਵਜੋਂ ਕੰਮ ਕਰ ਰਿਹੈ ਸਿਰਸਾ : ''ਆਪ''

08/16/2019 10:07:10 AM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਇਕ ਨਿੱਜੀ ਕੰਪਨੀ ਨਾਲ 20 ਕਰੋੜ ਰੁਪਏ ਦੇ ਗੁਪਤ ਸਮਝੌਤੇ ਸਬੰਧੀ ਲਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੋਸ਼ ਲਾਇਆ ਕਿ ਸਿਰਸਾ ਦਿੱਲੀ 'ਚ ਗੁਰੂ ਦੀ ਗੋਲਕ ਲੁੱਟਣ ਲਈ ਬਾਦਲਾਂ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ। ਸਮੁੱਚੀ ਸੰਗਤ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਜੀ. ਕੇ. ਦੇ ਦੋਸ਼ਾਂ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ।

'ਆਪ' ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਪ੍ਰਤੱਖ ਸਰਪ੍ਰਸਤੀ ਥੱਲੇ ਚੱਲ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਪੀ. ਸੀ.) 'ਤੇ ਅਜਿਹੇ ਦੋਸ਼ ਪਹਿਲੀ ਵਾਰ ਨਹੀਂ ਲੱਗ ਰਹੇ ਪਰ ਜਿਸ ਤਰੀਕੇ ਨਾਲ ਨਿੱਜੀ ਫ਼ਾਇਦੇ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਵਸੰਤ ਵਿਹਾਰ (ਦਿੱਲੀ) 'ਚ ਸਮੁੱਚੀ ਕਮੇਟੀ ਨੂੰ ਹਨੇਰੇ 'ਚ ਰੱਖ ਕੇ 22000 ਵਰਗ ਫੁੱਟ ਥਾਂ 'ਤੇ ਸਿਰਸਾ ਨੇ ਚੁੱਪ-ਚਾਪ ਲਾਈਫ਼ ਸਟਾਈਲ ਸਵਿਮ ਐੈਂਡ ਜਿਮ ਕੰਪਨੀ ਦਾ 'ਕਲੱਬ' ਖੁਲ੍ਹਵਾ ਦਿੱਤਾ ਹੈ, ਇਹ ਸਾਧਾਰਨ ਵਰਤਾਰਾ ਨਹੀਂ ਹੈ।

'ਆਪ' ਵਿਧਾਇਕਾਂ ਨੇ ਪੂਰੇ ਮਾਮਲੇ ਦੀ ਡੂੰਘੀ ਜਾਂਚ ਦੀ ਮੰਗ ਕੀਤੀ ਅਤੇ ਕਿਹਾ ਕਿ 44 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਏ ਵਾਲੀ ਜਗ੍ਹਾ ਕਿਸੇ ਨਿੱਜੀ ਕੰਪਨੀ ਨੂੰ ਮੁਫ਼ਤ ਦੇਣ ਵਾਲਿਆਂ 'ਚ ਕੌਣ-ਕੌਣ ਸ਼ਾਮਲ ਹਨ ਅਤੇ ਇਨ੍ਹਾਂ ਗੁਪਤ ਇਕਰਾਰਨਾਮੇ ਕਰਨ ਵਾਲਿਆਂ ਦਾ ਬਾਦਲ ਪਰਿਵਾਰ ਨਾਲ ਕੀ ਸਬੰਧ ਹੈ, ਇਸ ਬਾਰੇ ਸਮਾਂਬੱਧ ਜਾਂਚ ਜਨਤਕ ਹੋਵੇ, ਕਿਉਂਕਿ ਅਜਿਹੀਆਂ ਮਾਰੂ ਅਤੇ ਭ੍ਰਿਸ਼ਟ ਗਤੀਵਿਧੀਆਂ ਨਾ ਕੇਵਲ ਸਿੱਖ ਪੰਥ ਸਗੋਂ ਸਿੱਖ ਸੰਸਥਾਵਾਂ ਦਾ ਵੀ ਘਾਣ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਧੇ ਕੰਟਰੋਲ ਥੱਲੇ ਹੈ ਅਤੇ 'ਗੁਰੂ ਦੀ ਗੋਲਕ' ਰਾਹੀਂ ਇਕੱਠੀ ਹੁੰਦੀ 'ਸੇਵਾ' ਨਾਲ ਚੱਲਦਾ ਹੈ।

cherry

This news is Content Editor cherry