ਸੁਖਬੀਰ ਬੋਲ ਰਿਹੈ ਡੇਰਾ ਪ੍ਰੇਮੀਆਂ ਦੀ ਬੋਲੀ : ਰੰਧਾਵਾ

07/31/2019 10:17:29 AM

ਚੰਡੀਗੜ੍ਹ (ਭੁੱਲਰ) : ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੁਖਬੀਰ ਬਾਦਲ ਵਲੋਂ ਬੇਅਦਬੀ ਮਾਮਲੇ 'ਚ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ 'ਤੇ ਦਿੱਤੇ ਬਿਆਨ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਦੀ ਬਜਾਏ ਡੇਰਾ ਪ੍ਰੇਮੀਆਂ ਦੀ ਬੋਲੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਡੇਰਾ ਪ੍ਰੇਮੀਆਂ ਪ੍ਰਤੀ ਹੇਜ ਜਤਾਉਣ ਦੀ ਬਜਾਏ ਬੇਅਦਬੀ ਦੇ ਦੋਸ਼ੀਆਂ ਅਤੇ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਚਾਰਾਜੋਈ ਕਰਨ। ਅੱਜ ਇਥੇ ਜਾਰੀ ਪ੍ਰੈੱਸ ਬਿਆਨ 'ਚ ਕਾਂਗਰਸੀ ਆਗੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਡੇਰਾ ਪ੍ਰੇਮੀਆਂ ਦੇ ਹੱਕ 'ਚ ਇਸ ਤਰ੍ਹਾਂ ਬੋਲ ਰਹੇ ਹਨ ਜਿਵੇਂ ਉਹ ਡੇਰਾ ਪ੍ਰੇਮੀ ਹੋਣ ਜਾਂ ਫਿਰ ਅਕਾਲੀ ਦਲ ਦਾ ਡੇਰੇ ਨਾਲ ਗਠਜੋੜ ਹੋਵੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਸੀ. ਬੀ. ਆਈ. ਕਲੋਜ਼ਰ ਰਿਪੋਰਟ ਦਾ ਵਿਰੋਧ ਕਰਨ ਦਾ ਡਰਾਮਾ ਕਰਨ ਤੋਂ ਬਾਅਦ ਹੁਣ ਡੇਰਾ ਪ੍ਰੇਮੀਆਂ ਦੇ ਹੱਕ 'ਚ ਬੋਲ ਕੇ ਨਵਾਂ ਡਰਾਮਾ ਕਰ ਰਿਹਾ ਹੈ।

ਰੰਧਾਵਾ ਨੇ ਕਿਹਾ ਕਿ ਅਸਲ 'ਚ ਅਕਾਲੀ ਦਲ ਤੇ ਕੇਂਦਰ 'ਚ ਬੈਠੀ ਉਸ ਦੀ ਭਾਈਵਾਲ ਭਾਜਪਾ ਚਾਹੁੰਦੀ ਹੀ ਨਹੀਂ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ ਸਗੋਂ ਉਨ੍ਹਾਂ ਨੂੰ ਤਾਂ ਹਰਿਆਣਾ ਵਿਧਾਨ ਸਭਾ ਚੋਣਾਂ ਨਜ਼ਰ ਆ ਰਹੀਆਂ ਹਨ, ਜਿਥੇ ਉਨ੍ਹਾਂ ਦੀ ਟੇਕ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਉਪਰ ਲੱਗੀ ਹੈ। ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ ਜਾਂਚ 'ਤੇ ਸੁਖਬੀਰ ਬਾਦਲ ਵਲੋਂ ਵੋਟਾਂ ਲੈਣ ਖਾਤਰ ਲਾਏ ਦੋਸ਼ਾਂ ਦਾ ਜਵਾਬ ਦਿੰਦਿਆ ਰੰਧਾਵਾ ਨੇ ਕਿਹਾ ਕਿ ਇਹ ਬਿਆਨ ਦੇਣ ਤੋਂ ਪਹਿਲਾਂ ਸੁਖਬੀਰ ਬਾਦਲ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤਾਂ ਬੇਅਦਬੀ ਮਾਮਲਿਆਂ ਅਤੇ ਨਿਰਦੋਸ਼ ਸਿੱਖਾਂ 'ਤੇ ਵਰ੍ਹਾਈਆਂ ਗੋਲੀਆਂ ਦੀ ਜਾਂਚ ਕਰਵਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ, ਜਦੋਂਕਿ ਅਕਾਲੀ ਦਲ ਨੇ ਆਪਣੀ ਸਰਕਾਰ ਵੇਲੇ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਖਾਤਰ ਸਿੱਖ ਹਿਰਦਿਆਂ ਨੂੰ ਵਲੂੰਧਰਦਿਆਂ ਉਨ੍ਹਾਂ ਕੋਲੋਂ ਬੇਅਦਬੀ ਜਿਹਾ ਘਿਨਾਉਣਾ ਕਾਰਾ ਕਰਵਾਇਆ ਅਤੇ ਫਿਰ ਇਨਸਾਫ ਮੰਗ ਰਹੇ ਸਿੱਖਾਂ ਉੱਪਰ ਗੋਲੀਆਂ ਚਲਾ ਕੇ ਜਨਰਲ ਡਾਇਰ ਨੂੰ ਵੀ ਮਾਤ ਪਾ ਦਿੱਤੀ।

Baljeet Kaur

This news is Content Editor Baljeet Kaur