ਨਿਰਮਾਣ ਤੋਂ ਪਹਿਲਾਂ ਹੀ ਮਹਿੰਗੇ ਹੋਏ ਪੰਜਾਬ, ਹਰਿਆਣਾ ਅਤੇ ਯੂ. ਟੀ. ’ਚ ‘ਆਫੀਸਰਜ਼ ਫਲੈਟ’

11/29/2019 10:04:59 AM

ਚੰਡੀਗੜ੍ਹ (ਰਾਜਿੰਦਰ) - ਪੰਜਾਬ, ਹਰਿਆਣਾ ਅਤੇ ਯੂ. ਟੀ. ’ਚ ਨਿਰਮਾਣ ਤੋਂ ਪਹਿਲਾਂ ਆਫੀਸਰਜ਼ ਫਲੈਟ ਮਹਿੰਗੇ ਹੋ ਗਏ ਹਨ। ਪੰਜਾਬ, ਹਰਿਆਣਾ ਅਤੇ ਯੂ. ਟੀ. ਨੂੰ ਪਹਿਲਾਂ ਜਿਥੇ ਇਹ 28 ਫਲੈਟ 55 ਕਰੋੜ ਰੁਪਏ ’ਚ ਪੈਣੇ ਸਨ ਉਥੇ ਹੁਣ ਇਨ੍ਹਾਂ ਦੀ ਕੀਮਤ ਵਧ ਕੇ 66 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਹਰ ਇਕ ਅਧਿਕਾਰੀ ਨੂੰ ਫਲੈਟ ਲਈ ਪਹਿਲਾਂ ਤੋਂ ਜ਼ਿਆਦਾ ਪੈਸੇ ਦੇਣੇ ਪੈਣਗੇ, ਕਿਉਂਕਿ ਪਹਿਲਾਂ ਜਿਥੇ ਇਸਦੀ ਕੀਮਤ 1.75 ਕਰੋੜ ਰੁਪਏ ਸੀ, ਹੁਣ ਇਹ ਦੋ ਕਰੋੜ ਰੁਪਏ ਤੋਂ ਉਪਰ ਪਹੁੰਚ ਜਾਵੇਗੀ। ਜੇਕਰ ਪ੍ਰਾਜੈਕਟ ’ਚ ਹੋਰ ਦੇਰੀ ਹੁੰਦੀ ਹੈ ਤਾਂ ਇਸ ਕੀਮਤ ’ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਫਲੈਟਸ ਦਾ ਨਿਰਮਾਣ ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਨੇ ਆਈ. ਟੀ. ਪਾਰਕ ’ਚ ਗਵਰਨਮੈਂਟ ਇੰਪਲਾਈਜ਼ ਹਾਊਸਿੰਗ ਸਕੀਮ ਦੇ ਤਹਿਤ ਕਰਨਾ ਸੀ।

ਇਸ ਸਬੰਧ ’ਚ ਬੋਰਡ ਦੇ ਚੇਅਰਮੈਨ ਅਜੋਏ ਕੁਮਾਰ ਸਿਨ੍ਹਾ ਨੇ ਦੱਸਿਆ ਕਿ ਫਲੈਟਾਂ ਦੇ ਬੈਸਟ ਡਿਜ਼ਾਈਨ ਲਈ ਉਹ ਆਰਕੀਟੈਕਟਸ ਵਿਚਕਾਰ ਮੁਕਾਬਲਾ ਕਰਵਾ ਰਹੇ ਹਨ। ਹੁਣ 66 ਕਰੋੜ ਰੁਪਏ ’ਚ ਦੋਵਾਂ ਰਾਜਾਂ ਅਤੇ ਯੂ. ਟੀ. ਨੂੰ 28-28 ਫਲੈਟ ਪੈਣਗੇ। ਉਹ ਛੇਤੀ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੋਰਡ ਮੁਕਾਬਲੇ ਇਸ ਲਈ ਕਰਵਾ ਰਿਹਾ ਹੈ ਕਿਉਂਕਿ ਜਿਸ ਆਰਕੀਟੈਕਟ ਦਾ ਵੀ ਡਿਜ਼ਾਈਨ ਬੈਸਟ ਹੋਵੇਗਾ, ਬੋਰਡ ਵਲੋਂ ਉਸ ਨੂੰ ਹਾਇਰ ਕਰ ਲਿਆ ਜਾਵੇਗਾ। ਦੱਸ ਦਈਏ ਕਿ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਪਿਛਲੇ ਸਾਲ ਸਤੰਬਰ ਮਹੀਨੇ ’ਚ ਦੋਵਾਂ ਸਰਕਾਰਾਂ ਅਤੇ ਯੂ. ਟੀ. ਪ੍ਰਸ਼ਾਸਨ ਵਲੋਂ ਆਈ. ਟੀ. ਪਾਰਕ ’ਚ ਆਪਣੇ ਅਧਿਕਾਰੀਆਂ ਲਈ ਇਹ ਫਲੈਟਸ ਖਰੀਦਣ ਲਈ ਰਾਇ ਮੰਗੀ ਸੀ।

rajwinder kaur

This news is Content Editor rajwinder kaur