ਮੁਲਜ਼ਮਾਂ ਦੇ ਹੌਂਸਲੇ ਬੁਲੰਦ, ਚੰਡੀਗੜ੍ਹ ''ਚ ਹੁਣ ਤੱਕ ਦੇ ਚੁੱਕੇ ਹਨ ਇੰਨੀਆਂ ਵਾਰਦਾਤਾਂ ਨੂੰ ਅੰਜਾਮ

12/22/2019 11:44:41 AM

ਚੰਡੀਗੜ੍ਹ (ਸੁਸ਼ੀਲ): ਮੁਲਜ਼ਮਾਂ ਦੇ ਹੌਸਲੇ ਬੁਲੰਦ ਹਨ ਜੋ ਆਏ ਦਿਨ ਚੰਡੀਗੜ੍ਹ 'ਚ ਸ਼ਰੇਆਮ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਰਹੇ ਹਨ। ਚੱਪੇ-ਚੱਪੇ 'ਤੇ ਪੁਲਸ ਤਾਇਨਾਤ ਹੋਣ ਦੇ ਬਾਵਜੂਦ ਵੀ ਪੁਲਸ ਇਨ੍ਹਾਂ ਮੁਲਜ਼ਮਾਂ ਨੂੰ ਫੜਨ 'ਚ ਨਾਕਾਮ ਸਾਬਤ ਹੋ ਰਹੀ ਹੈ। ਹੁਣ ਹਾਲਾਤ ਇਹ ਹਨ ਕਿ ਦੂਜੇ ਰਾਜਾਂ ਤੋਂ ਆ ਕੇ ਅਪਰਾਧੀ ਦਿਨ-ਦਿਹਾੜੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ।

ਚੰਡੀਗੜ੍ਹ 'ਚ ਹੁਣ ਤੱਕ 22 ਕਤਲ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਜ਼ਿਆਦਾਤਰ ਕਤਲ ਦੀ ਵਾਰਦਾਤ ਦੇ ਪਿੱਛੇ ਚੁਣਾਵੀ ਰੰਜਿਸ਼ ਸਾਹਮਣੇ ਆ ਰਹੀ ਹੈ। ਕਈ ਕਤਲਾਂ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਲੈ ਕੇ ਸੰਪਤ ਨਹਿਰਾ ਤੱਕ ਦਾ ਨਾਮ ਆ ਚੁੱਕਿਆ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਆਪਣਾ ਜਾਲ ਹੁਣ ਚੰਡੀਗੜ੍ਹ 'ਚ ਵਿਛਾਉਣ 'ਚ ਲੱਗਾ ਹੋਇਆ ਹੈ। ਉਹ ਕਤਲ ਤੋਂ ਲੈ ਕੇ ਫਿਰੌਤੀ ਦੀ ਮੰਗ ਕਰ ਚੁੱਕਿਆ ਹੈ।
ਹੈਰਾਨੀ ਇਹ ਹੈ ਕਿ 114 ਸਕੇਅਰ ਕਿਲੋਮੀਟਰ ਦੇ ਏਰੀਏ 'ਚ ਸੱਤ ਹਜ਼ਾਰ ਪੁਲਸ ਜਵਾਨਾਂ ਦੀ ਤਾਦਾਦ ਹੈ। ਇਸਦੇ ਬਾਵਜੂਦ ਪੁਲਸ ਜਵਾਨ ਇਨ੍ਹਾਂ ਮੁਲਜ਼ਮਾਂ ਨੂੰ ਨਹੀਂ ਫੜ ਪਾ ਰਹੀ ਹੈ, ਇਸ ਨਾਲ ਚੰਡੀਗੜ੍ਹ ਪੁਲਸ ਦੀ ਸੁਰੱਖਿਆ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਰਿਹਾ ਹੈ। ਆਖਿਰਕਾਰ ਕਾਤਲ ਇੰਨੀ ਸੌਖ ਨਾਲ ਚੰਡੀਗੜ੍ਹ ਤੋਂ ਕਿਵੇਂ ਬਾਹਰ ਚਲੇ ਜਾਂਦੇ ਹਨ। ਬੀਟ ਸਟਾਫ ਤੋਂ ਲੈ ਕੇ ਥਾਣਾ ਪੁਲਸ ਤੱਕ ਕ੍ਰਾਈਮ ਦੀ ਵਾਰਦਾਤ ਰੋਕਣ 'ਚ ਸਫਲ ਨਹੀਂ ਹੋ ਪਾ ਰਹੀ ਹੈ।

ਵਿਸ਼ਾਲ ਚਿੱਲਰ ਕਤਲ ਕੇਸ
6 ਮਾਰਚ 2019 : ਸੈਕਟਰ-49 ਸਥਿਤ ਫਲੈਟ 'ਚ ਵੜ ਕੇ ਹਰਿਆਣਾ ਪੁਲਸ 'ਚ ਚੁਣੇ ਜਾ ਚੁੱਕੇ ਵਿਸ਼ਾਲ ਚਿੱਲਰ ਨੂੰ ਕਾਰ ਸਵਾਰ ਹਥਿਆਰਾਂ ਨਾਲ ਲੈਸ ਨੌਜਵਾਨ ਗੋਲੀ ਮਾਰ ਕੇ ਫਰਾਰ ਹੋ ਗਏ ਸਨ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕੀਤਾ। ਕਤਲ ਦੇ ਪਿੱਛੇ ਡੀ. ਏ. ਵੀ. ਕਾਲਜ 'ਚ ਚੋਣਾਵੀ ਰੰਜਿਸ਼ ਸਾਹਮਣੇ ਆਈ। ਸੈਕਟਰ-49 ਥਾਣਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਮੁਲਜ਼ਮ ਸੰਦੀਪ ਪਹਿਲ, ਨਵੀਨ, ਰਾਹੁਲ ਰਾਮਦੀਪ ਸ਼ਯੋਕੰਦ, ਸੁਮਿਤ ਕੁਮਾਰ, ਸੁਸ਼ੀਲ ਕੁਮਾਰ ਅਤੇ ਅਮਨਦੀਪ ਨਹਿਰਾ ਨੂੰ ਕਤਲ ਮਾਮਲੇ 'ਚ ਗ੍ਰਿਫਤਾਰ ਕੀਤਾ।

ਜਤਿੰਦਰ ਮਾਲੀ ਦੇ ਕਤਲ ਦਾ ਮਾਮਲਾ
ਚਾਰ ਸਤੰਬਰ 2019 : ਨਰਵਾਣਾ ਦੇ ਬਾਕਸਰ ਗਿਰੋਹ ਦੇ ਮੈਂਬਰ ਸੈਕਟਰ-17 ਜ਼ਿਲਾ ਅਦਾਲਤ ਸਾਹਮਣੇ ਪਾਰਕਿੰਗ 'ਚ ਤਜਿੰਦਰ ਨੂੰ ਸ਼ਰੇਆਮ ਗੋਲੀ ਮਾਰ ਕੇ ਫਰਾਰ ਹੋ ਗਏ ਸਨ। ਸੈਕਟਰ-17 ਥਾਣਾ ਪੁਲਸ ਨੇ ਬਾਕਸਰ ਗਿਰੋਹ ਦੇ ਸਰਗਣੇ ਸਮੇਤ ਪੰਜ ਨੌਜਵਾਨਾਂ 'ਤੇ ਮਾਮਲਾ ਦਰਜ ਕੀਤਾ। ਜਾਂਚ 'ਚ ਕਤਲ ਦਾ ਮੁੱਖ ਕਾਰਨ ਚੁਣਾਵੀ ਰੰਜਿਸ਼ 'ਚ ਮਾਰੇ ਗਏ ਬਾਕਸਰ ਗਿਰੋਹ ਦੇ ਸਰਗਣੇ ਵਿਕਾਸ ਉਰਫ ਬਾਕਸਰ ਦੇ ਭਰਾ ਦਾ ਕਤਲ ਪਾਇਆ ਗਿਆ। ਇਸ ਕੇਸ 'ਚ ਸੈਕਟਰ-17 ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ। ਪੁਲਸ ਨੇ ਵਿਕਾਸ ਉਰਫ ਬਾਕਸਰ, ਗੁਰਮੀਤ ਸਿੰਘ ਡਾਕਲੀਆ ਅਤੇ ਅਮਿਤ ਉਰਫ ਗਰੋਵਰ ਨੂੰ ਗ੍ਰਿਫਤਾਰ ਕੀਤਾ ਸੀ। ਬਾਅਦ 'ਚ ਸੈਕਟਰ-17 ਥਾਣਾ ਪੁਲਸ ਨੇ ਦੋ ਫਰਾਰ ਮੁਲਜ਼ਮਾਂ ਨੂੰ ਦਬੋਚਿਆ ਸੀ।

ਬੁੜੈਲ ਦੇ ਸੋਨੂੰ ਸ਼ਾਹ ਦੇ ਕਤਲ 'ਚ ਮੁਲਜ਼ਮ ਕਾਬੂ
28 ਅਕਤੂਬਰ 2019 : ਬੁੜੈਲ ਦੇ ਸੋਨੂੰ ਸ਼ਾਹ ਦੇ ਕਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਆਪਣੇ ਪੰਜ ਗੈਂਗਸਟਰ ਭੇਜ ਕੇ ਕਤਲ ਕਰਵਾਇਆ ਸੀ। ਪੰਜੇ ਗੈਂਗਸਟਰ ਕਤਲ ਕਰ ਕੇ ਆਰਾਮ ਨਾਲ ਚੰਡੀਗੜ੍ਹ ਤੋਂ ਫਰਾਰ ਹੋ ਗਏ ਸਨ। ਕਤਲ ਤੋਂ ਪਹਿਲਾਂ ਗੈਂਗਸਟਰ ਚੰਡੀਗੜ੍ਹ 'ਚ ਰਹੇ ਪਰ ਪੁਲਸ ਨੂੰ ਭਿਣਕ ਤੱਕ ਨਹੀਂ ਲੱਗੀ। ਸੈਕਟਰ-34 ਥਾਣਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕੀਤਾ। ਇਸ ਮਾਮਲੇ 'ਚ ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਨੂੰ ਸ਼ਰਨ ਦੇਣ ਵਾਲੇ ਹੋਟਲ ਸੰਚਾਲਕ ਧਰਮਿੰਦਰ ਨੂੰ ਗ੍ਰਿਫਤਾਰ ਕੀਤਾ। ਉੱਥੇ ਖੰਨਾ ਪੁਲਸ ਨੇ ਗੈਂਗਸਟਰ ਸ਼ੁਭਮ ਉਰਫ ਬਿਗਨੀ ਨੂੰ ਗ੍ਰਿਫਤਾਰ ਕੀਤਾ।

ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ ਟੀਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਾਜਸਥਾਨ ਤੋਂ ਰਿਮਾਂਡ 'ਤੇ ਲੈ ਕੇ ਆਈ। ਕਤਲ ਦੇ ਪਿੱਛੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦੱਸਿਆ ਕਿ ਸੋਨੂੰ ਸ਼ਾਹ ਨੇ ਬੁੜੈਲ ਜੇਲ 'ਚ ਉਸਦੇ ਸਾਥੀਆਂ ਦੇ ਪਿੱਛੇ ਕੁੱਟ-ਮਾਰ ਕੀਤੀ ਸੀ, ਜਦੋਂ ਉਸਨੇ ਸੋਨੂੰ ਸ਼ਾਹ ਨੂੰ ਅਜਿਹਾ ਨਾ ਕਰਨ ਨੂੰ ਕਿਹਾ ਤਾਂ ਉਸ ਨੇ ਉਸਦੀ ਗੱਲ ਨਹੀਂ ਮੰਨੀ ਸੀ। ਇਸਤੋਂ ਬਾਅਦ ਪੁਲਸ ਨੇ ਦਿੱਲੀ ਪੁਲਸ ਵੱਲੋਂ ਫੜੇ ਗੈਂਗਸਟਰ ਰਾਹੁਲ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਸੀ।

ਅਜੇ ਸ਼ਰਮਾ ਅਤੇ ਵਿਨੀਤ ਦਾ ਕਤਲ
18 ਨਵੰਬਰ 2019 : ਸੈਕਟਰ-15 ਸਥਿਤ ਕੋਠੀ 'ਚ ਦਾਖਲ ਹੋ ਕੇ ਹਥਿਆਰਾਂ ਨਾਲ ਲੈਸ ਪੰਜ ਨੌਜਵਾਨਾਂ ਨੇ ਵਿਦਿਆਰਥੀ ਅਜੇ ਸ਼ਰਮਾ ਅਤੇ ਵਿਨੀਤ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਸ਼ਰੇਆਮ ਚੰਡੀਗੜ੍ਹ ਤੋਂ ਫਰਾਰ ਹੋ ਗਏ। ਦੋਹਾਂ ਕਤਲਾਂ ਪਿੱਛੇ ਵੀ ਚੋਣਾਵੀ ਰੰਜਿਸ਼ ਸਾਹਮਣੇ ਆਈ, ਇਸ ਮਾਮਲੇ 'ਚ ਸੈਕਟਰ-11 ਥਾਣਾ ਪੁਲਸ ਨੇ ਕਤਲ ਦਾ ਮਾਮਲਾ ਦਰਜ ਕੀਤਾ। ਜਾਂਚ 'ਚ ਸਾਹਮਣੇ ਆਇਆ ਕਿ ਪੰਜ ਦਿਨ ਪਹਿਲਾਂ ਡੀ. ਏ. ਵੀ. ਕਾਲਜ 'ਚ ਕੁੱਟ-ਮਾਰ ਹੋਈ ਸੀ। ਕੁੱਟ-ਮਾਰ ਦਾ ਬਦਲਾ ਲੈਣ ਲਈ ਅੰਕਿਤ ਨਰਵਾਲ ਆਪਣੇ ਸਾਥੀਆਂ ਨਾਲ ਗੋਲੀ ਮਾਰ ਕੇ ਫਰਾਰ ਹੋਇਆ ਸੀ। ਅੰਕਿਤ ਨਰਵਾਲ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਸੰਪਤ ਨਹਿਰਾ ਦਾ ਕਾਫ਼ੀ ਕਰੀਬੀ ਦੱਸਿਆ ਜਾ ਰਿਹਾ ਹੈ।

Shyna

This news is Content Editor Shyna