ਨੌਕਰੀ ਮੇਲਾ ਘਪਲੇ ਬਾਰੇ ਵ੍ਹਾਈਟ ਪੇਪਰ ਜਾਰੀ ਕਰੇ ਸਰਕਾਰ : ਮਜੀਠੀਆ

02/07/2019 10:49:20 AM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਹੈ ਕਿ ਕਾਂਗਰਸ ਸਰਕਾਰ ਈਮਾਨਦਾਰੀ ਨਾਲ ਨੌਜਵਾਨਾਂ ਨੂੰ ਦੱਸੇ ਕਿ ਉਸ ਨੇ 'ਘਰ ਘਰ ਨੌਕਰੀ' ਦੇ ਨਾਂ 'ਤੇ ਉਨ੍ਹਾਂ ਦੀ ਪਿੱਠ 'ਚ ਛੁਰਾ ਕਿਉਂ ਮਾਰਿਆ ਹੈ, ਜਦਕਿ ਉਨ੍ਹਾਂ ਦਾ ਕਿਸੇ ਵੀ ਨੌਜਵਾਨ ਨੂੰ ਇਕ ਵੀ ਸਰਕਾਰੀ ਨੌਕਰੀ ਦੇਣ ਦਾ ਕੋਈ ਇਰਾਦਾ ਨਹੀਂ ਸੀ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਨੌਕਰੀ ਮੇਲਾ ਘੋਟਾਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ, ਜਿਸ ਤਹਿਤ ਸਰਕਾਰੀ ਖਜ਼ਾਨੇ 'ਚੋਂ ਅਜਿਹੇ ਨੌਕਰੀ ਮੇਲਿਆਂ ਲਈ ਪੈਸਾ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਮੇਲਿਆਂ 'ਚ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਤਾਜ਼ਾ ਹੋਏ ਖੁਲਾਸਿਆਂ ਅਨੁਸਾਰ ਕਾਂਗਰਸ ਸਰਕਾਰ ਪਿਛਲੇ ਦੋ ਸਾਲਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ ਪਟਿਆਲਾ ਵਿਚ ਅਜਿਹੇ ਅਖੌਤੀ 6 ਨੌਕਰੀ ਮੇਲੇ ਲਾਉਣ 'ਤੇ 38 ਲੱਖ ਰੁਪਏ ਬਰਬਾਦ ਕਰ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਰਾਜ ਭਰ ਅੰਦਰ ਅਜਿਹੇ ਮੇਲੇ ਲਾਉਣ ਉੱਪਰ ਕਰੋੜਾਂ ਰੁਪਏ ਰੋੜ੍ਹੇ ਜਾ ਚੁੱਕੇ ਹਨ। ਇਹ ਇਕ ਕਰੋੜਾਂ ਰੁਪਏ ਦਾ ਘੋਟਾਲਾ ਹੈ, ਜਿਸ ਤਹਿਤ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ  ਨਾਂ ਉੱਪਰ ਕਰੋੜਾਂ ਰੁਪਏ ਦੀ ਚੋਰੀ ਕੀਤੀ ਜਾ ਚੁੱਕੀ ਹੈ। ਆ ਰਹੇ ਬਜਟ ਸੈਸ਼ਨ ਦੌਰਾਨ ਇਸ ਮੁੱਦੇ 'ਤੇ ਇਕ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਜਾਅਲੀ ਮੇਲਿਆਂ ਦੌਰਾਨ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਸਰਕਾਰੀ ਨੌਕਰੀਆਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ। ਮਜੀਠੀਆ ਨੇ ਕਿਹਾ ਕਿ  ਤੰਗ  ਆ  ਕੇ ਹੁਣ ਨੌਜਵਾਨਾਂ ਨੇ ਇਨ੍ਹਾਂ ਮੇਲਿਆਂ ਵਿਚ ਜਾਣਾ ਹੀ ਛੱਡ ਦਿੱਤਾ ਹੈ।

Baljeet Kaur

This news is Content Editor Baljeet Kaur