ਰਾਜਪਾਲ ਦੇ ਭਾਸ਼ਣ ''ਚੋਂ ਗ਼ਾਇਬ ਹੈ ਕੈਪਟਨ ਦਾ ਚੋਣ ਮੈਨੀਫੈਸਟੋ : ਹਰਪਾਲ ਚੀਮਾ

02/13/2019 12:28:49 PM

ਚੰਡੀਗੜ੍ਹ(ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰਾਜਪਾਲ ਦੇ ਭਾਸ਼ਣ ਨੂੰ ਫੋਕਾ ਅਤੇ ਆਸਾਂ-ਉਮੀਦਾਂ ਤੋਂ ਸੱਖਣਾ ਕਰਾਰ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਹੈ ਕਿ ਮਾਣਯੋਗ ਰਾਜਪਾਲ ਦੇ ਭਾਸ਼ਣ 'ਚ ਕਾਂਗਰਸ ਦਾ ਉਹ ਚੋਣ ਮੈਨੀਫੈਸਟੋ ਕਿਉਂ ਗ਼ਾਇਬ ਹੈ, ਜਿਸ ਰਾਹੀਂ ਤੁਸੀਂ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ, ਬੇਰੁਜ਼ਗਾਰਾਂ, ਦਲਿਤਾਂ ਅਤੇ ਬਜ਼ੁਰਗਾਂ ਸਮੇਤ ਸਾਰੇ ਵਰਗਾਂ ਨੂੰ ਗੁੰਮਰਾਹ ਕਰ ਕੇ 2 ਸਾਲ ਪਹਿਲਾਂ ਸਰਕਾਰ ਬਣਾਈ ਸੀ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ਉੱਪਰ ਰਾਜਪਾਲ ਵੀ. ਪੀ. ਸਿੰਘ ਬਦਨੌਰ ਕੋਲੋਂ ਝੂਠ ਦਾ ਪੁਲੰਦਾ ਪੜ੍ਹਾਉਣ ਦਾ ਦੋਸ਼ ਲਾਇਆ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜਪਾਲ ਦੇ ਭਾਸ਼ਣ 'ਚ ਸਭ ਤੋਂ ਵੱਡਾ ਝੂਠ 'ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ' ਦੇ ਨਾਂ 'ਤੇ ਬੋਲਿਆ ਗਿਆ ਹੈ। ਇਸ ਚੋਣ ਵਾਅਦੇ ਮੁਤਾਬਕ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਗਏ ਪਰ ਕਰਜ਼ਾ ਮੁਆਫ਼ੀ ਦੇ ਨਾਂ 'ਤੇ ਧੋਖਾ ਅਤੇ ਜ਼ਲਾਲਤ ਦਿੱਤੀ ਗਈ ਹੈ। ਇਹੋ ਕਾਰਨ ਹੈ ਕਿ 2 ਸਾਲਾਂ ਦੌਰਾਨ 900 ਤੋਂ ਜ਼ਿਆਦਾ ਕਿਸਾਨ ਅਤੇ ਖੇਤ ਮਜ਼ਦੂਰ ਆਤਮ-ਹੱਤਿਆ ਕਰ ਚੁੱਕੇ ਹਨ। ਇਨ੍ਹਾਂ 900 ਕਿਸਾਨਾਂ ਦੇ ਆਤਮ-ਹੱਤਿਆ ਦੇ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਚੀਮਾ ਨੇ ਕਿਹਾ ਕਿ ਸਰਕਾਰ ਵਿੱਤੀ ਕੰਗਾਲੀ ਇਕਬਾਲ ਕਰਦੀ ਹੋਈ ਇਸ ਵਿੱਤੀ ਸੰਕਟ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੀ ਹੈ, ਜਦਕਿ ਖ਼ੁਦ ਬਾਦਲਾਂ ਦੇ ਪਦਚਿੰਨ੍ਹਾਂ 'ਤੇ ਚੱਲ ਰਹੀ ਹੈ। ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ ਅਤੇ ਰਾਜਧਾਨੀ ਚੰਡੀਗੜ੍ਹ ਬਾਰੇ ਕੈਪਟਨ ਸਰਕਾਰ ਨੂੰ ਬਿਲਕੁਲ ਗੈਰ-ਸੰਜੀਦਾ ਦੱਸਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਸਰਕਾਰ ਪੰਜਾਬ ਪਾਣੀਆਂ ਅਤੇ ਪੈਂਡਿੰਗ ਰਵਾਇਤੀ ਮੁੱਦਿਆਂ ਬਾਰੇ ਗੰਭੀਰ ਹੁੰਦੀ ਤਾਂ ਪੰਜਾਬ ਦੇ ਪਾਣੀਆਂ ਦੇ ਕੇਸਾਂ ਦੀ ਲੜਾਈ ਲਈ ਉਸੇ ਸ਼ਿੱਦਤ ਨਾਲ ਮਹਿੰਗੇ ਤੋਂ ਮਹਿੰਗੇ ਵਕੀਲ ਕਰਦੀ, ਜਿਵੇਂ ਆਪਣੇ ਚੀਫ਼ ਪ੍ਰਿੰਸੀਪਲ ਸੈਕਟਰੀ ਲਈ ਕੀਤੇ ਸਨ। ਚੀਮਾ ਨੇ ਕਿਹਾ ਕਿ ਜਿਸ ਬੇਦਿਲੀ ਨਾਲ ਪੰਜਾਬ ਦੇ ਪਾਣੀਆਂ ਦੇ ਕੇਸ ਲੜੇ ਜਾ ਰਹੇ ਹਨ, ਉਹ ਨਿਰਾਸ਼ ਕਰਨ ਵਾਲਾ ਹੈ।

cherry

This news is Content Editor cherry