''ਫੈਨਜ਼ ਆਫ ਸੰਨੀ ਦਿਓਲ'' ਫੇਸਬੁਕ ਪੇਜ ਦੀ ਚੋਣ ਕਮਿਸ਼ਨ ਵਲੋਂ ਜਾਂਚ ਸ਼ੁਰੂ

05/08/2019 9:19:05 AM

ਚੰਡੀਗੜ੍ਹ (ਭੁੱਲਰ) : 'ਫੈਨਜ਼ ਆਫ ਸੰਨੀ ਦਿਓਲ' ਫੇਸਬੁਕ ਪੇਜ ਸਬੰਧੀ ਸ਼ਿਕਾਇਤ ਦੀ ਚੋਣ ਕਮਿਸ਼ਨ ਵਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਸਬੰਧੀ ਬੀਤੇ ਦਿਨੀਂ ਜਲੰਧਰ 'ਚ ਇਕ ਪ੍ਰੈੱਸ ਕਾਨਫਰੰਸ ਤੋਂ ਬਾਅਦ ਕਾਂਗਰਸ ਵਲੋਂ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ। ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਦਾ ਕਹਿਣਾ ਹੈ ਕਿ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਤੋਂ ਜਾਣਕਾਰੀ ਮੰਗੀ ਗਈ ਹੈ। ਇਸ ਸਬੰਧੀ ਤੱਥਾਂ ਦੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ।

ਜ਼ਿਕਰਯੋਗ ਹੈ ਕਿ ਕਾਂਗਰਸ ਵਲੋਂ ਦਿੱਤੀ ਗਈ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਸੰਨੀ ਦਿਓਲ ਵਲੋਂ ਆਪਣੇ ਨਾਮ 'ਤੇ 'ਫੈਨਜ਼ ਆਫ਼ ਸੰਨੀ ਦਿਓਲ' ਨਾਮ ਦਾ ਫੇਸਬੁਕ ਪੇਜ ਬਣਾਇਆ ਹੈ, ਜਿਸ ਉਪਰ ਲੱਖਾਂ ਰੁਪਏ ਖਰਚ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪੇਜ ਦੇ ਲੱਖਾਂ ਫਾਲੋਅਰਜ਼ ਬਣ ਚੁੱਕੇ ਹਨ। ਸ਼ਿਕਾਇਤ 'ਚ ਕਿਹਾ ਗਿਆ ਕਿ ਸੰਨੀ ਦਿਓਲ ਵਲੋਂ ਦਿੱਤੇ ਗਏ ਹਲਫ਼ੀਆ ਬਿਆਨ 'ਚ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਰਕੇ ਉਨ੍ਹਾਂ ਦੇ ਕਾਗਜ਼ ਰੱਦ ਕੀਤੇ ਜਾਣੇ ਚਾਹੀਦੇ ਹਨ। ਚੋਣ ਜ਼ਾਬਤੇ ਦੇ ਨਿਯਮਾਂ ਅਨੁਸਾਰ ਸੋਸ਼ਲ ਮੀਡੀਆ ਤੇ ਫੇਸਬੁਕ ਜਾਂ ਹੋਰ ਸਾਧਨਾਂ ਰਾਹੀਂ ਕੀਤੇ ਜਾਣ ਵਾਲੇ ਚੋਣ ਪ੍ਰਚਾਰ ਦੀ ਪੂਰੀ ਜਾਣਕਾਰੀ ਕਮਿਸ਼ਨ ਨੂੰ ਦੇਣਾ ਲਾਜ਼ਮੀ ਹੈ, ਜਿਸ ਕਰਕੇ ਸੰਨੀ ਦਿਓਲ ਖਿਲਾਫ਼ ਕੀਤੀ ਗਈ ਸ਼ਿਕਾਇਤ ਦੇ ਦੋਸ਼ ਸਹੀ ਪਾਏ ਜਾਣ 'ਤੇ ਉੇਨ੍ਹਾਂ ਲਈ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ।

Baljeet Kaur

This news is Content Editor Baljeet Kaur