ਪੰਜਾਬ ਦੇ 2 ਮੰਤਰੀ ਕਰ ਰਹੇ ਸਨ ''ਕਾਲੀ ਦਵਾਈ'' ਦੇ ਫਾਇਦੇ ਦੀ ਗੱਲ, ਵੀਡੀਓ ਵਾਇਰਲ

12/06/2019 10:18:28 AM

ਚੰਡੀਗੜ੍ਹ (ਜ.ਬ.) - ਪੰਜਾਬ ਸਰਕਾਰ ਦੇ 2 ਲੋਕ ਸੰਪਰਕ ਅਧਿਕਾਰੀ 1 ਵੀਡੀਓ ਜਾਰੀ ਹੋਣ ਕਾਰਨ ਮੁਸੀਬਤ 'ਚ ਫਸ ਗਏ ਹਨ। ਵੀਡੀਓ 'ਚ ਕੈਬਨਿਟ ਦੀ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਅਜਿਹਾ ਲਗ ਰਿਹਾ ਹੈ ਕਿ ਕੁਝ ਮੰਤਰੀ ਨਸ਼ੀਲੇ ਪਦਾਰਥਾਂ ਦੀ ਗੱਲ ਕਰ ਰਹੇ ਹਨ। ਵੀਡੀਓ 'ਚ ਸੁਣਾਈ ਦੇ ਰਿਹਾ ਕਿ ਮੰਤਰੀ 'ਕਾਲੀ ਦਵਾਈ' ਦੀ ਗੱਲ ਕਰ ਰਹੇ ਹਨ ਜਿਸ ਦਾ ਅਨੁਵਾਦ ਹੈ 'ਬਲੈਕ ਮੈਡੀਸਨ'। ਇਕ ਮੰਤਰੀ ਨੇ ਬਾਅਦ 'ਚ ਕਿਹਾ ਕਿ 'ਹਲਕੀ-ਫੁਲਕੀ' ਚਰਚਾ ਨਸ਼ੀਲੇ ਪਦਾਰਥਾਂ ਦੇ ਬਾਰੇ ਬਿਲਕੁਲ ਨਹੀਂ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਲਿੱਪ ਨੂੰ ਮਿਊਟ ਕਰਕੇ ਵਾਇਰਲ ਕੀਤਾ ਜਾਣਾ ਸੀ, ਜੋ 2 ਦਸੰਬਰ ਨੂੰ ਹੋਣ ਵਾਲੀ ਕੈਬਨਿਟ ਬੈਠਕ ਤੋਂ ਠੀਕ ਪਹਿਲਾਂ ਰਿਕਾਰਡ ਕੀਤੀ ਗਈ ਸੀ ਪਰ ਇਸ ਕਲਿੱਪ ਨੂੰ ਆਡੀਓ ਨਾਲ ਹੀ ਅਪਲੋਡ ਕਰ ਦਿੱਤਾ ਗਿਆ।

ਵੀਡੀਓ 'ਚ ਸੁਣਾਈ ਦੇ ਰਹੀ ਗੱਲ ਸਬੰਧੀ ਲੋਕ ਆਪਣੇ-ਆਪਣੇ ਹਿਸਾਬ ਨਾਲ ਅਨੁਮਾਨ ਲਗਾ ਰਹੇ ਹਨ। ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਗੱਲਬਾਤ ਨਸ਼ੀਲੇ ਪਦਾਰਥਾਂ ਬਾਰੇ ਹੈ। ਇਸ ਵੀਡੀਓ ਕਾਰਨ ਸੂਬਾ ਸਰਕਾਰ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਸੂਬੇ 'ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੇ ਇਨ੍ਹਾਂ ਦੀ ਸਮੱਗਲਿੰਗ ਬਹੁਤ ਵੱਡੀ ਸਮੱਸਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਾਂਗਰਸ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ। ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ, ''ਬਿਨਾ ਮਿਊਟ ਕੀਤੇ ਵੀਡੀਓ ਸਾਂਝਾ ਕਰਨ ਵਾਲੇ ਪੀ. ਆਰ. ਵਿਭਾਗ ਦੇ 2 ਅਧਿਕਾਰੀਆਂ ਖਿਲਾਫ ਦੋਸ਼-ਪੱਤਰ ਦਾਖਲ ਕੀਤਾ ਗਿਆ ਹੈ।''

ਇਕ ਮੰਤਰੀ ਦਾ ਦਾਅਵਾ : ਨਸ਼ੀਲੇ ਪਦਾਰਥ ਬਾਰੇ ਨਹੀਂ ਸੀ ਗੱਲਬਾਤ
ਬੈਠਕ 'ਚ ਸ਼ਾਮਲ ਹੋਣ ਵਾਲੇ ਇਕ ਮੰਤਰੀ ਨੇ ਦਾਅਵਾ ਕੀਤਾ ਕਿ 'ਹਲਕੀ-ਫੁਲਕੀ' ਗੱਲਬਾਤ ਨਸ਼ੀਲੇ ਪਦਾਰਥ ਬਾਰੇ ਨਹੀਂ ਸੀ ਬਲਕਿ ਕਿਸੇ ਬੀਮਾਰ ਵਿਅਕਤੀ ਲਈ ਇਕ ਦਵਾਈ ਦੇ ਫਾਇਦੇ ਬਾਰੇ ਸੀ। ਨਾਂ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਮੰਤਰੀ ਨੇ ਕਿਹਾ,''ਇਹ ਸਿਰਫ ਹਲਕੀ-ਫੁਲਕੀ' ਗੱਲਬਾਤ ਸੀ ਅਤੇ ਇਸ ਤੋਂ ਜ਼ਿਆਦਾ ਕੁਝ ਨਹੀਂ।''

ਸਰਕਾਰ ਨੇ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਬਣਾਇਆ : ਮਜੀਠੀਆ
ਇਸ ਪੂਰੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸੂਬਾ ਸਰਕਾਰ 'ਤੇ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਬਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਨੇ ਅੰਮ੍ਰਿਤਸਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ,''ਉਨ੍ਹਾਂ ਨੇ ਪੀ. ਆਰ. ਵਿਭਾਗ ਦੇ 2 ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਹੈ ਪਰ ਉਨ੍ਹਾਂ ਮੰਤਰੀਆਂ ਦਾ ਕੀ ਜੋ ਕਾਲੀ ਦਵਾਈ ਦੇ ਫਾਇਦਿਆਂ ਬਾਰੇ ਗੱਲ ਕਰ ਰਹੇ ਸਨ? ਉਨ੍ਹਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ?'' ਇਸ ਮੁੱਦੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, ''ਇਹ ਬੇਹੱਦ ਅਜੀਬ ਹੈ ਕਿ ਨਸ਼ੀਲੇ ਪਦਾਰਥਾਂ ਬਾਰੇ ਜੋ ਇਸ ਤਰ੍ਹਾਂ ਗੱਲ ਕਰ ਰਹੇ ਹਨ ਸਰਕਾਰ ਨੇ ਉਨ੍ਹਾਂ ਬਾਰੇ ਇਕ ਸ਼ਬਦ ਨਹੀਂ ਕਿਹਾ ਪਰ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ, ਜਿਨ੍ਹਾਂ ਦੀ ਗਲਤੀ ਸਿਰਫ ਇੰਨੀ ਹੈ ਕਿ ਉਹ ਮੰਤਰੀਆਂ ਦੀ ਗੱਲਬਾਤ ਨੂੰ ਸਾਹਮਣੇ ਲੈ ਆਏ ਹਨ।

rajwinder kaur

This news is Content Editor rajwinder kaur