ਕੁਰਸੀ ਦੀ ਲੜਾਈ ''ਚ ਉਲਝਿਆ ਨਿਗਮ ਪ੍ਰਸ਼ਾਸਨ, ਹਟਿਆ ਆਪਣੀਆਂ ''ਜ਼ਿੰਮੇਵਾਰੀਆਂ ਤੋਂ ਧਿਆਨ''

10/15/2017 11:19:45 AM

ਫਗਵਾੜਾ (ਰੁਪਿੰਦਰ ਕੌਰ,ਜਲੋਟਾ) - ਸਥਾਨਕ ਚੰਡੀਗੜ੍ਹ ਬਾਈਪਾਸ ਰੋਡ 'ਤੇ ਲੱਗੀਆਂ ਲਾਈਟਾਂ ਕਾਫੀ ਦਿਨਾਂ ਤੋਂ ਬੰਦ ਹੋਣ ਨਾਲ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਜ਼ਿਕਰਯੋਗ ਹੈ ਕਿ ਫਗਵਾੜਾ ਨਗਰ ਨਿਗਮ ਤੇ ਮੇਅਰ ਅਰੁਣ ਖੋਸਲਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ ਅਤੇ ਡਿਪਟੀ ਮੇਅਰ ਰਣਜੀਤ ਖੁਰਾਣਾ ਆਪਣੇ ਵੱਕਾਰ ਦੀ ਲੜਾਈ 'ਚ ਰੁੱਝੇ ਹੋਏ ਹਨ। ਨਿਗਮ ਪ੍ਰਸ਼ਾਸਨ ਦਾ ਧਿਆਨ ਆਪਣੀਆਂ ਜ਼ਿੰਮੇਵਾਰੀਆਂ ਤੋਂ ਹਟਿਆ ਹੋਇਆ। ਉਕਤ ਬਾਈਪਾਸ ਰੋਡ ਉਪਰ ਕਈ ਥਾਵਾਂ 'ਤੇ ਚੌਰਾਹੇ ਬਣੇ ਹੋਏ ਹਨ, ਜਿਥੇ ਰਾਤ ਸਮੇਂ ਸੜਕ ਕ੍ਰਾਸ ਕਰਨ ਵਾਲੀਆਂ ਲਾਈਟਾਂ ਬੰਦ ਹੋਣ ਨਾਲ ਹਨੇਰੇ 'ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹਰ ਸਮੇਂ ਦੁਰਘਟਨਾ ਦੀ ਸੰਭਾਵਨਾ ਬਣੀ ਰਹਿੰਦੀ ਹੈ। 
ਲਾਈਟਾਂ ਖਰਾਬ, ਪੇਸ਼ ਆ ਰਹੀ ਹੈ ਮੁਸ਼ਕਿਲ
ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ, ਅਮਰੀਕ ਸਿੰਘ, ਬਲਾਕ ਸੰਮਤੀ ਮੈਂਬਰ ਵਿਜੇ ਪੰਡੋਰੀ, ਪਰਮਜੀਤ ਕੁਮਾਰ, ਗਿਆਨ ਚੰਦ, ਮਹਿੰਦਰ ਪਾਲ, ਅਜੇ ਕੁਮਾਰ, ਬਲਵਿੰਦਰ ਕੁਮਾਰ, ਸਤਨਾਮ ਸਿੰਘ, ਜੋਗਿੰਦਰ ਪਾਲ, ਅਸ਼ੋਕ ਕੁਮਾਰ, ਪਰਮਜੀਤ ਸਿੰਘ, ਪਰਮਿੰਦਰ ਸਿੰਘ, ਕੁਲਦੀਪ ਸਿੰਘ ਅਤੇ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਬਾਈਪਾਸ ਦੇ ਆਲੇ-ਦੁਆਲੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਇਨ੍ਹਾਂ ਲਾਈਟਾਂ ਦੇ ਖਰਾਬ ਹੋਣ ਨਾਲ ਬਹੁਤ ਹੀ ਮੁਸ਼ਕਿਲ ਪੇਸ਼ ਆ ਰਹੀ ਹੈ। ਰਾਤ ਸਮੇਂ ਸ਼ਹਿਰ ਤੋਂ ਆਪਣਾ ਕੰਮ-ਕਾਰ ਖਤਮ ਕਰਕੇ ਜਦੋਂ ਪਿੰਡ ਵਾਪਸੀ ਲਈ ਸੜਕ ਕ੍ਰਾਸ ਕਰਨੀ ਹੁੰਦੀ ਹੈ ਤਾਂ ਹਨੇਰੇ ਵਿਚ ਹਮੇਸ਼ਾ ਦੁਰਘਟਨਾ ਦਾ ਡਰ ਮਨ ਵਿਚ ਰਹਿੰਦਾ ਹੈ। ਬਾਈਪਾਸ ਰੋਡ ਹੋਣ ਕਰਕੇ ਬਹੁਤ ਹੀ ਤੇਜ਼ ਰਫਤਾਰ ਨਾਲ ਵਾਹਨ ਗੁਜ਼ਰਦੇ ਹਨ ਅਤੇ ਵਾਹਨ ਦੀ ਦੂਰੀ ਦਾ ਅੰਦਾਜ਼ਾ ਨਹੀਂ ਲੱਗਦਾ। ਇਸ ਤੋਂ ਇਲਾਵਾ ਆਵਾਰਾ ਪਸ਼ੂ ਵੀ ਹਨੇਰੇ 'ਚ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਈਪਾਸ ਰੋਡ ਦੀਆਂ ਲਾਈਟਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ।