ਪੁਲਸ ਫੇਲ : ਸ਼ਹਿਰ ''ਚ ਤਿੰਨ ਥਾਵਾਂ ''ਤੇ ਚੇਨ ਸਨੈਚਿੰਗ

02/17/2018 4:37:52 AM

ਬਠਿੰਡਾ(ਸੁਖਵਿੰਦਰ)-ਬਠਿੰਡਾ 'ਚ ਅੱਜ ਤਿੰਨ ਥਾਵਾਂ 'ਤੇ ਚੇਨ ਸਨੈਚਿੰਗ ਹੋਈ ਪਰ ਪੁਲਸ ਹੱਥ 'ਤੇ ਹੱਥ ਧਰ ਕੇ ਬੈਠੀ ਰਹੀ। ਅਜੇ ਤੱਕ ਪੁਲਸ ਦੇ ਹੱਥ ਖਾਲੀ ਹੀ ਹਨ। ਜਾਣਕਾਰੀ ਮੁਤਾਬਕ ਅੱਜ ਬੈਂਕ ਕਾਲੋਨੀ 'ਚ ਮੋਟਰਸਾਈਕਲ ਸਵਾਰ ਦੋ ਨੌਜਵਾਨ ਇਕ ਔਰਤ ਦੀ ਚੇਨ ਖਿੱਚ ਕੇ ਫਰਾਰ ਹੋ ਗਏ। ਲੋਕਾਂ ਨੇ ਪਿੱਛਾ ਵੀ ਕੀਤਾ ਪਰ ਉਹ ਦੂਰ ਨਿਕਲ ਚੁੱਕੇ ਸਨ। ਇਸੇ ਤਰ੍ਹਾਂ ਮਾਡਲ ਟਾਊਨ ਵਿਚ ਵੀ ਦੋ ਮੋਟਰਸਾਈਕਲ ਸਵਾਰ ਇਕ ਔਰਤ ਦੀ ਚੇਨ ਖਿੱਚ ਕੇ ਫਰਾਰ ਹੋ ਗਏ। ਇਸ ਤੋਂ ਇਲਾਵਾ ਨਾਮਦੇਵ ਰੋਡ 'ਤੇ ਦੋ ਮੋਟਰਸਾਈਕਲਾਂ 'ਤੇ ਚਾਰ ਨੌਜਵਾਨ ਆਏ। ਦੋ ਨੌਜਵਾਨ ਪਤਾ ਪੁੱਛਣ ਦੇ ਬਹਾਨੇ ਇਕ ਘਰ ਅੱਗੇ ਰੁਕੇ, ਜਿਨ੍ਹਾਂ 'ਚੋਂ ਇਕ ਨੇ ਔਰਤ ਨੂੰ ਗੱਲਾਂ 'ਚ ਲਾ ਲਿਆ ਤੇ ਦੂਜਾ ਨੌਜਵਾਨ ਉਸ ਦੀ ਚੇਨੀ ਖੋਹ ਕੇ ਫਰਾਰ ਹੋ ਗਿਆ। ਔਰਤ ਨੇ ਵਿਰੋਧ ਕੀਤਾ ਤਾਂ ਇਕ ਨੌਜਵਾਨ ਆਪਣਾ ਮੋਟਰਸਾਈਕਲ ਛੱਡ ਕੇ ਸਾਥੀ ਨੌਜਵਾਨਾਂ ਨਾਲ ਹੀ ਮੋਟਰਸਾਈਕਲ 'ਤੇ ਚੜ੍ਹ ਕੇ ਫਰਾਰ ਹੋ ਗਿਆ। ਜਦੋਂ ਕਿ ਚੌਥਾ ਨੌਜਵਾਨ ਉਸ ਦਾ ਮੋਟਰਸਾਈਕਲ ਲੈ ਕੇ ਭੱਜਾ। ਇਸ ਸਬੰਧ ਵਿਚ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਬੰਧਤ ਥਾਣਿਆਂ ਦੀਆਂ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਹੈ ਤੇ ਨਿਰਦੇਸ਼ ਦਿੱਤੇ ਹਨ ਕਿ 24 ਘੰਟਿਆਂ 'ਚ ਇਹ ਮਾਮਲੇ ਹੱਲ ਕੀਤੇ ਜਾਣ। ਸਬੰਧਤ ਥਾਵਾਂ ਤੋਂ ਸੀ. ਸੀ. ਟੀ. ਵੀ. ਫੁਟੇਜ ਲੈ ਕੇ ਖੰਗਾਲੀ ਜਾ ਰਹੀ ਹੈ। ਉਮੀਦ ਹੈ ਕਿ ਜਲਦੀ ਹੀ ਮੁਲਜ਼ਮ ਫੜੇ ਜਾਣਗੇ।