ਨਿਗਮ ਦੇ ਸਾਰੇ ਵੱਡੇ ਅਫਸਰ 4 ਫਰਵਰੀ ਤੱਕ ਕੂੜਾ-ਕਰਕਟ ਦਾ ਕੰਮ ਵੇਖਣਗੇ

01/10/2019 5:40:10 PM

ਜਲੰਧਰ (ਜ. ਬ.)— ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਵਲੋਂ ਸਵੱਛ ਭਾਰਤ ਮਿਸ਼ਨ  ਤਹਿਤ ਦੇਸ਼ ਦੇ ਸਾਰੇ ਸ਼ਹਿਰਾਂ 'ਚ ਜੋ 'ਸਵੱਛਤਾ ਸਰਵੇਖਣ-2019' ਨੂੰ ਕਰਵਾਇਆ ਜਾ ਰਿਹਾ  ਹੈ, ਉਸ ਦੇ ਤਹਿਤ ਜਲੰਧਰ ਵਿਚ ਵੀ ਸਵੱਛਤਾ ਸਰਵੇਖਣ ਦੀ ਪ੍ਰਕਿਰਿਆ ਚੱਲ ਰਹੀ ਹੈ। 

ਨਗਰ  ਨਿਗਮ ਦੇ ਸੈਨੀਟੇਸ਼ਨ ਵਿਭਾਗ ਨੇ ਸਿਟੀ ਪ੍ਰੋਫਾਈਲ ਅਤੇ ਸੈਨੀਟੇਸ਼ਨ ਨਾਲ ਸਬੰਧਤ ਸਾਰਾ ਡਾਟਾ  ਕੇਂਦਰ ਸਰਕਾਰ ਦੇ ਸਬੰਧਤ ਪੋਰਟਲ 'ਤੇ ਅਪਲੋਡ ਕੀਤਾ ਹੈ, ਜਿਸ ਦੇ ਆਧਾਰ 'ਤੇ ਸ਼ਹਿਰ ਵਿਚ  ਸਵੱਛਤਾ ਦੀ ਰੈਂਕਿੰਗ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।  ਇਸ  ਸਰਵੇਖਣ ਦੇ ਤਹਿਤ ਥਰਡ  ਪਾਰਟੀ ਸਰਟੀਫਿਕੇਸ਼ਨ ਲਈ ਇਕ ਏਜੰਸੀ ਚੁੱਪ-ਚੁਪੀਤੇ ਢੰਗ ਨਾਲ ਕਦੀ ਵੀ ਸ਼ਹਿਰ ਦੀ ਸਫਾਈ  ਵਿਵਸਥਾ ਦੀ ਮੌਕੇ 'ਤੇ ਜਾ ਕੇ ਜਾਂਚ ਕਰ ਸਕਦੀ ਹੈ, ਜਿਸ ਦੇ ਨੰਬਰ ਵੀ ਸਵੱਛਤਾ ਰੈਂਕਿੰਗ ਵਿਚ ਜੋੜੇ ਜਾਣਗੇ। 

ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਜਲੰਧਰ ਸਵੱਛਤਾ ਰੈਂਕਿੰਗ ਵਿਚ  ਕਾਫੀ ਪਛੜਦਾ ਰਿਹਾ ਹੈ। ਇਸ ਵਾਰ ਭਾਵੇਂ ਨਗਰ ਨਿਗਮ ਦੇ ਅਧਿਕਾਰੀ ਰੈਂਕਿੰਗ ਵਧਾਉਣ ਲਈ  ਯਤਨਸ਼ੀਲ ਹਨ ਪਰ ਸੈਨੀਟੇਸ਼ਨ ਵਿਭਾਗ ਵਿਚ ਸਟਾਫ ਅਤੇ ਸਾਧਨਾਂ ਦੀ ਕਮੀ ਇਨ੍ਹਾਂ ਕੋਸ਼ਿਸ਼ਾਂ  ਵਿਚ ਰੁਕਾਵਟ ਬਣ ਰਹੇ ਹਨ। ਰੈਂਕਿੰਗ ਵਿਚ ਸੁਧਾਰ ਲਿਆਉਣ ਦੀਆਂ ਕੋਸ਼ਿਸ਼ਾਂ  ਤਹਿਤ ਨਗਰ  ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ 9 ਜਨਵਰੀ ਤੋਂ 4 ਫਰਵਰੀ ਤੱਕ ਸ਼ਹਿਰ ਵਿਚ ਸਵੱਛਤਾ  ਪੰਦਰਵਾੜਾ ਮਨਾਏ ਜਾਣ ਦਾ ਐਲਾਨ ਕੀਤਾ ਹੈ। ਜਿਸ ਕਾਰਨ ਨਿਗਮ ਦੇ ਸਾਰੇ ਵੱਡੇ ਅਧਿਕਾਰੀਆਂ  ਦੀਆਂ ਡਿਊਟੀਆਂ ਸਾਫ-ਸਫਾਈ ਤੇ ਕੂੜਾ-ਕਰਕਟ ਦੀ ਦੇਖ-ਰੇਖ ਵਿਚ ਲਾ ਦਿੱਤੀਆਂ ਹਨ। ਇਨ੍ਹਾਂ  ਸਾਰੇ ਅਧਿਕਾਰੀਆਂ ਨੂੰ ਵੱਖ-ਵੱਖ ਵਾਰਡ ਵੰਡ ਦਿੱਤੇ ਗਏ ਹਨ ਤੇ ਪੂਰੀਆਂ ਟੀਮਾਂ ਬਣਾਈਆਂ  ਗਈਆਂ ਹਨ। 
ਟੀਮ ਨੰ. 1 ਅਫਸਰ ਇੰਚਾਰਜ-  ਆਈ. ਏ. ਐੱਸ. ਵਿਸ਼ੇਸ਼ ਸਾਰੰਗਲ ਚੀਫ ਸੈਨੇਟਰੀ ਇੰਸਪੈਕਟਰ- ਸੱਤਪਾਲ 
ਟੀਮ ਨੰ.2 ਅਫਸਰ ਇੰਚਾਰਜ- ਆਈ. ਏ. ਐੱਸ. ਆਸ਼ਿਕਾ ਜੈਨ
ਚੀਫ ਸੈਨੇਟਰੀ ਇੰਸਪੈਕਟਰ- ਨਰੇਸ਼
ਟੀਮ ਨੰ. 3 ਅਫਸਰ ਇੰਚਾਰਜ- ਪੀ. ਸੀ. ਐੱਸ. ਰਾਜੀਵ ਵਰਮਾ
ਚੀਫ ਸੈਨੇਟਰੀ ਇੰਸਪੈਕਟਰ-  ਸੋਨੀ ਗਿੱਲ
ਟੀਮ ਨੰ. 4 ਅਫਸਰ ਇੰਚਾਰਜ- ਗੁਰਵਿੰਦਰ ਕੌਰ ਰੰਧਾਵਾ
ਚੀਫ ਸੈਨੇਟਰੀ ਇੰਸਪੈਕਟਰ- ਗਣੇਸ਼
ਟੀਮ ਨੰ. 5 ਅਫਸਰ ਇੰਚਾਰਜ- ਐੱਸ. ਈ. ਅਸ਼ਵਨੀ ਚੌਧਰੀ
ਚੀਫ ਸੈਨੇਟਰੀ ਇੰਸਪੈਕਟਰ- ਰਮਨ
ਟੀਮ ਨੰ. 6ਅਫਸਰ ਇੰਚਾਰਜ- ਐੱਸ. ਈ. ਕਿਸ਼ੋਰ ਬਾਂਸਲ
ਚੀਫ ਸੈਨੇਟਰੀ ਇੰਸਪੈਕਟਰ-  ਰਮਨਜੀਤ
ਟੀਮ ਨੰ. 7 ਅਫਸਰ ਇੰਚਾਰਜ- ਐਕਸੀਅਨ  ਸਤਿੰਦਰ
ਚੀਫ ਸੈਨੇਟਰੀ ਇੰਸਪੈਕਟਰ- ਧੀਰਜ
ਟੀਮ ਨੰ. 8 ਅਫਸਰ ਇੰਚਾਰਜ- ਐਕਸੀਅਨ ਨਿਰਮਲਜੀਤ ਸਿੰਘ
ਚੀਫ ਸੈਨੇਟਰੀ ਇੰਸਪੈਕਟਰ- ਸਤਿੰਦਰ
ਟੀਮ ਨੰ. 9 ਅਫਸਰ ਇੰਚਾਰਜ- ਡਾ. ਸੁਮਿਤਾ ਅਬਰੋਲ
ਚੀਫ ਸੈਨੇਟਰੀ ਇੰਸਪੈਕਟਰ- ਅਜੇ
ਟੀਮ ਨੰ. 10 ਅਫਸਰ ਇੰਚਾਰਜ- ਐਕਸੀਅਨ ਧਵਨ
ਚੀਫ ਸੈਨੇਟਰੀ ਇੰਸਪੈਕਟਰ- ਜਸਵਿੰਦਰ
ਟੀਮ ਨੰ. 11 ਅਫਸਰ ਇੰਚਾਰਜ- ਡਾ. ਰਾਜ ਕਮਲ
ਚੀਫ ਸੈਨੇਟਰੀ ਇੰਸਪੈਕਟਰ- ਹਿਤੇਸ਼
ਟੀਮ ਨੰ. 12ਅਫਸਰ ਇੰਚਾਰਜ- ਐਕਸੀਅਨ ਗੁਰਚੈਨ ਸਿੰਘ
ਚੀਫ ਸੈਨੇਟਰੀ ਇੰਸਪੈਕਟਰ- ਗੁਰਦਿਆਲ ਸੈਣੀ

ਕੀ-ਕੀ ਦੇਖਣਗੇ ਇਹ ਅਫਸਰ

  • ਸਵੇਰ ਤੇ ਸ਼ਾਮ ਸਬੰਧਤ ਵਾਰਡਾਂ ਦਾ ਚੱਕਰ ਲਾਉਣਗੇ
  • ਰਿਹਾਇਸ਼ੀ ਇਲਾਕਿਆਂ ਵਿਚ ਇਕ ਵਾਰ ਅਤੇ ਕਮਰਸ਼ੀਅਲ ਵਿਚ ਦਿਨ ਵਿਚ ਦੋ ਵਾਰ ਸਫਾਈ ਯਕੀਨੀ ਬਣਾਉਣਗੇ
  • ਸੈਨੇਟਰੀ ਇੰਸਪੈਕਟਰ ਵਲੋਂ ਰੋਜ਼ਾਨਾ ਲਾਈ ਜਾ ਰਹੀ ਹਾਜ਼ਰੀ 
  • ਸੈਂਟਰਲ ਵਰਜ, ਮੇਨ ਰੋਡ ਅਤੇ ਫੁੱਟਪਾਥਾਂ ਦੀ ਰੋਜ਼ਾਨਾ ਸਫਾਈ
  • ਦੁਪਹਿਰ 12 ਵਜੇ ਤੋਂ ਪਹਿਲਾਂ ਹਰ ਡੰਪ ਪੂਰੀ ਤਰ੍ਹਾਂ ਸਾਫ ਹੋਵੇ ਤੇ ਉਸ ਤੋਂ ਬਾਅਦ ਉਸ 'ਚ ਕੂੜਾ ਸੁੱਟਿਆ ਜਾਵੇ
  • ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖਰਾ-ਵੱਖਰਾ ਕੀਤਾ ਜਾਵੇ
  • ਡੰਪ ਸਥਾਨਾਂ ਤੋਂ ਇਲਾਵਾ ਸ਼ਹਿਰ ਵਿਚ ਕਿਤੇ ਹੋਰ ਕੂੜਾ ਨਾ ਸੁੱਟਿਆ ਹੋਵੇ
  • ਕੂੜਾ ਸਾੜਨ, ਪਲਾਸਟਿਕ ਵਰਤਣ ਅਤੇ ਗੰਦਗੀ ਫੈਲਾਉਣ ਵਾਲੇ ਲੋਕਾਂ  ਦੇ ਚਲਾਨ ਕੱਟੇ ਜਾਣ
  • ਜ਼ਿਆਦਾ ਮਾਤਰਾ 'ਚ ਕੂੜਾ ਪੈਦਾ ਕਰਨ ਵਾਲੇ ਅਦਾਰੇ ਆਪਣੇ ਕੰਪਲੈਕਸ ਵਿਚ ਹੀ ਕੂੜੇ ਨੂੰ ਟਿਕਾਣੇ ਲਾਉਣ
  • ਹਰ ਖੇਤਰ 'ਚ ਸਫਾਈ ਵਿਵਸਥਾ ਨਾਲ ਸਬੰਧਤ ਗੱਡੀਆਂ ਸਵੇਰੇ 8.30 ਵਜੇ ਜ਼ਰੂਰ ਪਹੁੰਚ ਜਾਣ।
  •  

ਸਿਰਫ 10 ਸੈਨੇਟਰੀ ਇੰਸਪੈਕਟਰ ਵੇਖ ਰਹੇ ਨੇ 80 ਵਾਰਡ

ਸ਼ਹਿਰ 'ਚ ਹਰ ਰੋਜ਼ 500 ਟਨ ਤੋਂ ਜ਼ਿਆਦਾ ਕੂੜਾ ਨਿਕਲਦਾ ਹੈ, ਜਿਸ ਵਿਚੋਂ  ਅੱਧਾ ਟਨ ਕੂੜਾ ਵੀ  ਪ੍ਰੋਸੈੱਸ ਨਹੀਂ ਹੋ ਰਿਹਾ ਹੈ। ਨਿਗਮ ਕੋਲ ਸਟਾਫ ਅਤੇ ਮਸ਼ੀਨਰੀ ਦੀ ਕਮੀ ਹੈ। ਸਵੱਛ ਭਾਰਤ  ਮਿਸ਼ਨ ਤਹਿਤ ਨਾ ਤਾਂ ਮਸ਼ੀਨਰੀ ਖਰੀਦੀ ਜਾ ਰਹੀ ਹੈ ਤੇ ਨਾ ਹੀ ਕੂੜੇ ਵਾਲੇ ਪਲਾਂਟ ਲਾਏ  ਜਾ ਰਹੇ ਹਨ। ਸ਼ਹਿਰ ਵਿਚ  80 ਵਾਰਡ ਹਨ ਪਰ ਸੈਨੇਟਰੀ ਇੰਸਪੈਕਟਰਾਂ ਦੀ ਗਿਣਤੀ ਸਿਰਫ 10  ਹੈ ਜੋ ਘੱਟੋ-ਘੱਟ 40 ਹੋਣੇ ਚਾਹੀਦੇ ਹਨ। ਇਨ੍ਹਾਂ 10 ਵਿਚੋਂ ਵੀ 8 ਸੈਨੇਟਰੀ ਇੰਸਪੈਕਟਰ  ਦੂਜੇ ਸ਼ਹਿਰਾਂ ਤੋਂ ਜਲੰਧਰ ਆਉਂਦੇ ਹਨ। ਅਜਿਹੇ ਵਿਚ ਦੂਜੇ ਵਿਭਾਗਾਂ ਦੇ ਅਫਸਰ ਕੂੜੇ ਨੂੰ  ਕਿਵੇਂ ਮੈਨੇਜ ਕਰਨਗੇ, ਇਹ ਵੇਖਣ ਵਿਚ ਦਿਲਚਸਪ ਹੋਵੇਗਾ, ਕਿਉਂਕਿ ਅਜੇ ਤੱਕ ਨਿਗਮ ਵਲੋਂ  ਮਨਾਏ ਗਏ ਅਜੇ ਸਾਰੇ ਪੰਦਰਵਾੜੇ ਅਤੇ ਸਵੱਛਤਾ ਹਫਤੇ ਖਾਨਾਪੂਰਤੀ ਹੀ ਸਾਬਿਤ ਹੋਏ ਹਨ।

ਇਨ੍ਹਾਂ ਥਾਵਾਂ 'ਤੇ ਹੋਵੇਗਾ ਖਾਸ ਫੋਕਸ
ਬੱਸ ਸਟੈਂਡ ਅਤੇ ਇਸ ਦੇ ਆਲੇ-ਦੁਆਲੇ ਦਾ 500 ਮੀਟਰ ਦਾ ਇਲਾਕਾ
ਰੇਲਵੇ ਸਟੇਸ਼ਨ ਅਤੇ ਆਲੇ-ਦੁਆਲੇ ਦਾ 500 ਮੀਟਰ ਇਲਾਕਾ ਤੇ ਰੇਲ ਲਾਈਨਾਂ
ਸ਼ਹਿਰ ਦੀਆਂ ਸਾਰੀਆਂ ਕਮਰਸ਼ੀਅਲ ਮਾਰਕੀਟਾਂ
ਮਕਸੂਦਾਂ ਸਬਜ਼ੀ ਮੰਡੀ, ਪੁਰਾਣੀ ਸਬਜ਼ੀ ਮੰਡੀ, ਜੋਤੀ ਚੌਕ
ਫਿਸ਼ ਮਾਰਕੀਟ ਅਤੇ ਜਨਤਕ ਸਥਾਨ

Shyna

This news is Content Editor Shyna