ਹੈਪੀਸੀਡਰ ਤਕਨੀਕ ਬਾਰੇ ਖੇਤ ਦਿਵਸ ਮਨਾਇਆ ਗਿਆ

Saturday, Mar 23, 2019 - 04:07 PM (IST)

ਲੁਧਿਆਣਾ-ਪੰਜਾਬ ਐਗਰੀਕਲਚਰ ਯੂਨੀਵਰਸਿਟੀ (PAU) ਦੇ ਪਸਾਰ ਸਿੱਖਿਆ ਵਿਭਾਗ ਅਤੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਨੇ ਸਾਂਝੇ ਰੂਪ ਵਿੱਚ ਹੈਪੀਸੀਡਰ ਤਕਨੀਕ ਦੀ ਵਰਤੋਂ ਬਾਰੇ ਇੱਕ ਖੇਤ ਦਿਵਸ ਪਿੰਡ ਗੋਇੰਦਵਾਲ 'ਚ ਮਨਾਇਆ ਗਿਆ । ਇਹ ਖੇਤ ਦਿਵਸ ਸ. ਮੁਖਤਿਆਰ ਸਿੰਘ ਦੇ ਖੇਤ 'ਚ ਮਨਾਇਆ ਗਿਆ ਜਿਸ 'ਚ 'ਹੈਪੀਸੀਡਰ ਤਕਨੀਕ ਦੇ ਪ੍ਰਭਾਵ ਅਤੇ ਪੰਜਾਬ 'ਚ ਇਸਦੀ ਪ੍ਰਵਾਨਗੀ' ਬਾਰੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਬੀਜ ਡਵੀਜ਼ਨ ਦੀ ਸਹਾਇਤਾ ਨਾਲ ਹੈਪੀਸੀਡਰ ਰਾਹੀਂ ਕਣਕ ਬੀਜਣ ਦਾ ਪ੍ਰਦਰਸ਼ਨ ਕੀਤਾ ਗਿਆ । 50 ਦੇ ਕਰੀਬ ਕਿਸਾਨ ਪਿੰਡ ਗੋਇੰਦਵਾਲ, ਅੱਲੂਵਾਲ, ਬਾਘਾ ਖੁਰਦ ਅਤੇ ਆਸਪਾਸ ਦੇ ਪਿੰਡਾਂ ਤੋਂ ਇਸ ਖੇਤ ਦਿਵਸ 'ਚ ਸ਼ਾਮਲ ਹੋਏ । 

ਤਕਨੀਕੀ ਸੈਸ਼ਨ ਦੇ ਆਰੰਭ 'ਚ ਪਸਾਰ ਸਿੱਖਿਆ ਦੇ ਸਹਾਇਕ ਪ੍ਰੋਫੈਸਰ ਅਤੇ ਇਸ ਪ੍ਰੋਜੈਕਟ ਦੇ ਪ੍ਰਮੁੱਖ ਨਿਗਰਾਨ ਡਾ. ਮਨਮੀਤ ਕੌਰ ਨੇ ਆਏ ਹੋਏ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਇਸ ਪ੍ਰੋਜੈਕਟ ਦੇ ਵੱਖ-ਵੱਖ ਪੱਖਾਂ ਉਪਰ ਰੋਸ਼ਨੀ ਪਾਈ । ਪੀ.ਏ.ਯੂ ਦੇ ਮਾਹਿਰਾਂ ਨੇ ਪੀ.ਏ.ਯੂ ਹੈਪੀਸੀਡਰ ਤਕਨੀਕ ਬਾਰੇ ਬਹੁਤ ਵਿਸਥਾਰ 'ਚ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ । 

ਡਾ. ਮਹੇਸ਼ ਨਾਰੰਗ ਨੇ ਪਰਾਲੀ ਸੰਭਾਲਣ ਵਾਲੀ ਮਸ਼ੀਨਰੀ ਉਪਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ । ਡਾ. ਰੁਪਿੰਦਰ ਗਿੱਲ ਨੇ ਇਸ ਤਕਨੀਕ ਦੇ ਮਿੱਟੀ ਦੀ ਸਿਹਤ ਉਪਰ ਪੈਣ ਵਾਲੇ ਹਾਂ ਪੱਖੀ ਪ੍ਰਭਾਵਾਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਵਾਇਆ । ਡਾ. ਬੇਅੰਤ ਸਿੰਘ ਨੇ ਕਿਸਾਨਾਂ ਨੂੰ ਹੈਪੀਸੀਡਰ ਨਾਲ ਬੀਜੀ ਕਣਕ 'ਚ ਪੌਦਾ ਸੁਰੱਖਿਆ ਮਾਪਦੰਡਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । 

ਇਸ ਮੌਕੇ ਬੋਲਦਿਆਂ ਡਾ. ਐਸ. ਐਸ. ਮਿਨਹਾਸ ਨੇ ਨਦੀਨਾਂ ਦੀ ਰੋਕਥਾਮ ਬਾਰੇ ਗੱਲ ਕੀਤੀ ਜਦਕਿ ਕਮਲਜੀਤ ਸਿੰਘ ਅਤੇ ਮੁਖਤਿਆਰ ਸਿੰਘ ਨੇ ਕਿਸਾਨਾਂ ਦੇ ਨਜ਼ਰੀਏ ਤੋਂ ਹੈਪੀਸੀਡਰ ਤਕਨੀਕ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਇਸ ਦੇ ਲਾਭ ਦੱਸੇ । ਤਕਨੀਕੀ ਸੈਸ਼ਨ ਤੋਂ ਬਾਅਦ ਖੋਜਾਰਥੀਆਂ ਲਖਵਿੰਦਰ ਸਿੰਘ ਅਤੇ ਰਾਜਦੀਪ ਬਰਾੜ ਨੇ ਹੈਪੀਸੀਡਰ ਰਾਹੀਂ ਕਣਕ ਦੀ ਬਿਜਾਈ ਦਾ ਪ੍ਰਦਰਸ਼ਨ ਕੀਤਾ । ਮਾਹਿਰਾਂ ਨੇ ਕਿਸਾਨਾਂ ਦੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ । ਕਿਸਾਨਾਂ ਨੇ ਅਗਲੇ ਸੀਜ਼ਨ ਤੋਂ ਇਸ ਤਕਨੀਕ ਨੂੰ ਅਪਨਾਉਣ ਬਾਰੇ ਆਸ ਪ੍ਰਗਟ ਕੀਤੀ । 

Iqbalkaur

This news is Content Editor Iqbalkaur