ਮਾਸਟਰ ਕੇਡਰ ਯੂਨੀਅਨ ਜ਼ਿਲਾ ਫ਼ਿਰੋਜ਼ਪੁਰ ਦੀ ਹੋਈ ਹੰਗਾਮੀ ਮੀਟਿੰਗ

01/19/2018 4:12:54 PM


ਤਲਵੰਡੀ ਭਾਈ (ਗੁਲਾਟੀ) - ਪੰਜਾਬ ਸਰਕਾਰ ਦੇ ਮਾਰੂ ਫੈਸਲਿਆਂ ਦੇ ਵਿਰੋਧ 'ਚ ਅੱਜ ਮਾਸਟਰ ਕੇਡਰ ਯੂਨੀਅਨ ਜ਼ਿਲਾ ਫ਼ਿਰੋਜ਼ਪੁਰ ਦੀ ਹੰਗਾਮੀ ਮੀਟਿੰਗ ਤਲਵੰਡੀ ਭਾਈ ਵਿਖੇ ਸੂਬਾ ਉੱਪ-ਪ੍ਰਧਾਨ ਹਰਸੇਵਕ ਸਿੰਘ ਸਾਧੂਵਾਲ਼ਾ ਅਤੇ ਕੇਵਲ ਕੁਮਾਰ ਜ਼ਿਲਾ ਜਨਰਲ ਸਕੱਤਰ ਦੀ ਅਗਵਾਈ 'ਚ ਹੋਈ। ਇਸ ਮੀਟਿੰਗ ਵਿਚ ਹਾਜ਼ਰੀਨ ਅਧਿਆਪਕਾਂ ਨਾਲ਼ ਵਿਚਾਰ ਚਰਚਾ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਕੇ ਸਿੱਖਿਆ ਵਿਭਾਗ ਦੇ ਮਿਡਲ ਸਕੂਲਾਂ ਵਿਚੋਂ ਹਜ਼ਾਰਾਂ ਪੋਸਟਾਂ ਖਤਮ ਕਰਕੇ ਗਰੀਬ ਬੱਚਿਆਂ ਤੋਂ ਵਿੱਦਿਆ ਦਾ ਹੱਕ ਖੋਹ ਰਹੀ ਹੈ। ਮਿਡਲ ਸਕੂਲਾਂ ਵਿਰੁੱਧ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਲਏ ਗਏ ਤੁਗਲਕੀ ਫੈਸਲਿਆਂ ਤਹਿਤ ਪੰਜਾਬੀ ਅਤੇ ਹਿੰਦੀ 'ਚੋਂ ਇਕ ਅਤੇ ਆਰਟ ਐਂਡ ਕਰਾਫਟ ਅਤੇ ਪੀ. ਟੀ. ਆਈ 'ਚੋਂ ਅਸਾਮੀ ਖਤਮ ਕਰਕੇ ਮਿਡਲ ਸਕੂਲਾਂ ਨੂੰ ਸਿਰਫ ਚਾਰ ਪੋਸਟਾਂ ਦੇ ਰਹੀ ਹੈ, ਜਿਸ ਨਾਲ਼ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਦੇ ਨਾਲ ਨਵੀਂ ਭਰਤੀ ਦੀ ਉਡੀਕ 'ਚ ਬੈਠੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਨੌਕਰੀ ਦੀਆਂ ਆਸਾਂ 'ਤੇ ਪਾਣੀ ਫਿਰੇਗਾ। ਉਨ੍ਹਾਂ ਦੱਸਿਆ ਸਰਕਾਰ ਦੇ ਇਸ ਨਾਦਰਸ਼ਾਹੀ ਫ਼ੈਸਲੇ ਕਰਕੇ ਬੱਚੇ ਪੰਜਾਬੀ ਮਾਂ ਬੋਲੀ ਅਤੇ ਰਾਸ਼ਟਰੀ ਭਾਸ਼ਾ ਹਿੰਦੀ ਦੋਹਾਂ ਦੇ ਸਹੀ ਗਿਆਨ ਪੱਖੋਂ ਵਿਹੂਣੇ ਰਹਿ ਜਾਣਗੇ। ਮੀਟਿੰਗ ਦੌਰਾਨ ਫ਼ੈਸਲਾ ਲਿਆ ਕਿ ਜੇਕਰ ਸਰਕਾਰ ਨੇ ਆਪਣੇ ਮਾਰੂ ਫੈਸਲਿਆਂ 'ਤੇ ਮੁੜ ਵਿਚਾਰ ਨਾ ਕੀਤਾ ਤਾਂ ਯੂਨੀਅਨ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਇਸ ਮੌਕੇ ਮਦਨ ਲਾਲ,ਵਿਜੇ ਕੁਮਾਰ, ਦਿਲਪ੍ਰੀਤ ਸਿੰਘ, ਲੇਖਮ ਸਿੰਘ, ਨਵਦੀਪ ਸ਼ਰਮਾ ਆਦਿ ਅਧਿਆਪਕ ਹਾਜ਼ਰ ਸਨ।