ਮੁੱਖ ਸੜਕਾਂ ''ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਮੰਗ

08/13/2017 3:41:49 PM

ਬਲਾਚੌਰ(ਅਸ਼ਵਨੀ)— ਸ਼ਹਿਰ 'ਚ ਲਗਾਤਾਰ ਵੱਧ ਰਹੇ ਟ੍ਰੈਫਿਕ ਅਤੇ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖਣ ਲਈ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਲੋੜ ਹੈ। ਹੁਣ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਰ ਜਨਤਕ ਥਾਂ, ਧਾਰਮਿਕ ਸਥਾਨ, ਸਕੂਲ ਤੇ ਬੈਂਕ ਆਦਿ 'ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀਆਂ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਈ ਥਾਵਾਂ 'ਤੇ ਕੈਮਰੇ ਲੱਗ ਵੀ ਚੁੱਕੇ ਹਨ ਪਰ ਬਲਾਚੌਰ ਸ਼ਹਿਰ ਦੀਆਂ ਸੜਕਾਂ 'ਤੇ ਕੈਮਰੇ ਨਾ ਹੋਣ ਕਾਰਨ ਪੁਲਸ ਨੂੰ ਸ਼ੱਕੀ ਵਿਅਕਤੀਆਂ ਅਤੇ ਟ੍ਰੈਫਿਕ 'ਤੇ ਨਜ਼ਰ ਰੱਖਣ ਲਈ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ।
ਇਸ ਸਬੰਧ 'ਚ ਰਾਜਪੂਤ ਸਭਾ ਬਲਾਚੌਰ ਦੇ ਚੇਅਰਮੈਨ ਰਾਣਾ ਦਿਲਾਵਰ ਸਿੰਘ ਨੇ ਉੱਚ ਸਰਕਾਰੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਲਾਚੌਰ ਦੀ ਸੁਰੱਖਿਆ ਲਈ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣ। ਬਲਾਚੌਰ ਸ਼ਹਿਰ ਤਹਿਸੀਲ ਹੈੱਡ ਕੁਆਰਟਰ ਹੈ ਅਤੇ ਇਥੇ ਸੀਨੀਅਰ ਡਵੀਜ਼ਨ ਜੱਜ ਸਾਹਿਬਾਨ ਦੀ ਕੋਰਟ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦਾ ਕੰਟਰੋਲ ਪੁਲਸ ਥਾਣੇ ਵਿਚ ਰੱਖਿਆ ਜਾਵੇ ਤਾਂ ਜੋ ਸਾਰਾ ਸ਼ਹਿਰ ਪੁਲਸ ਅਧਿਕਾਰੀਆਂ ਦੀ ਨਜ਼ਰ ਵਿਚ ਹੋਵੇ।