CBSE 12ਵੀਂ ਦੇ ਮੁੱਲਾਂਕਣ ਫਾਰਮੂਲੇ ਨੇ ਵਿਦਿਆਰਥੀਆਂ ਨੂੰ ਉਲਝਾਇਆ, ਜਤਾ ਰਹੇ ਨੇ ਇਤਰਾਜ਼

06/18/2021 2:30:42 PM

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 12ਵੀਂ ਪ੍ਰੀਖਿਆ ਦੇ ਨਤੀਜੇ ਜਾਰੀ ਕਰਨ ਲਈ ਵੀਰਵਾਰ ਨੂੰ ਸਪੁਰੀਮ ਕੋਰਟ ’ਚ ਮੁੱਲਾਂਕਣ ਫਾਰਮੂਲਾ ਪੇਸ਼ ਕੀਤਾ ਹੈ। ਬੋਰਡ ਨੇ ਦੱਸਿਆ ਕਿ 12ਵੀਂ ਦਾ ਨਤੀਜਾ ਅਤੇ 10ਵੀਂ ਅਤੇ 11ਵੀਂ ਕਲਾਸ ਦਾ ਆਖਰੀ ਪ੍ਰੀਖਿਆ ਅਤੇ 12ਵੀਂ ਦੀ ਪ੍ਰੀ-ਬੋਰਡ ਪ੍ਰੀਖਿਆ ਵਿਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਤਿਆਰ ਕੀਤਾ ਜਾਵੇਗਾ। ਬੋਰਡ ਨੇ ਕੋਰਟ ਨੂੰ ਦੱਸਿਆ ਕਿ 12ਵੀਂ ਦੇ ਵਿਦਿਆਰਥੀਆਂ ਦੇ ਇਵੈਲਿਊਏਸ਼ਨ ਕ੍ਰਾਈਟੇਰੀਆ ਲਈ 30.30:40 ਦਾ ਫਾਰਮੂਲਾ ਤਿਆਰ ਕੀਤਾ ਗਿਆ ਹੈ, ਜਦੋਂਕਿ ਅਦਾਲਤ ਨੇ ਕਿਹਾ ਕਿ 12ਵੀਂ ਦਾ ਨਤੀਜਾ ਐਲਾਨੇ ਜਾਣ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕਾਂ ਸਬੰਧੀ ਉਨ੍ਹਾਂ ਦੀ ਸ਼ਿਕਾਇਤ ਦੂਰ ਕਰਨ ਲਈ ਇਕ ਤੰਤਰ ਹੋਣਾ ਚਾਹੀਦਾ ਹੈ। ਸੀ. ਬੀ. ਐੱਸ. ਈ. 12ਵੀਂ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਉਨ੍ਹਾਂ ਦੀ ਪਿਛਲੇ ਤਿੰਨ ਸਾਲਾਂ ਦੀ ਪਰਫਾਰਮੈਂਸ ਦੇ ਆਧਾਰ ’ਤੇ ਜਾਰੀ ਕਰੇਗਾ। ਮਤਲਬ 10ਵੀਂ, 11ਵੀਂ ਅਤੇ 12ਵੀਂ ਕਲਾਸ ਵਿਚ ਜਿਸ ਦਾ ਜਿੰਨਾ ਚੰਗਾ ਪ੍ਰਦਰਸ਼ਨ ਰਿਹਾ ਹੋਵੇਗਾ, ਉਸ ਦੇ ਓਨੇ ਹੀ ਚੰਗੇ ਮਾਰਕਸ ਆਉਣਗੇ। ਸੀ. ਬੀ. ਐੱਸ. ਈ. ਵੱਲੋਂ ਜਾਰੀ 30:30:40 ਦੇ ਫਾਰਮੂਲੇ ਨੂੰ ਲੈ ਕੇ ਵਿਦਿਆਰਥੀ ਉਲਝਣ ਵਿਚ ਹਨ। ਇਸ ਦਾ ਮਤਲਬ ਇਹ ਹੈ ਕਿ 10ਵੀਂ ਅਤੇ 11ਵੀਂ ਕਲਾਸ ਦੇ ਮਾਰਕਸ ਨੂੂੰ 30-30 ਫੀਸਦੀ ਵੇਟੇਜ ਅਤੇ 12ਵੀਂ ਕਲਾਸ ਵਿਚ ਪਾਰਫਾਰਮੈਂਸ (ਪ੍ਰੀ-ਬੋਰਡ, ਮਿਡ-ਟਰਮ, ਯੂਨਿਟ ਐਗਜ਼ਾਮ) ਨੂੰ 40 ਫੀਸਦੀ ਵੇਟੇਜ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਅਕਾਲੀ-ਬਸਪਾ ਗਠਜੋੜ ਨੇ ਕੈਬਨਿਟ ਮੰਤਰੀ ਧਰਮਸੋਤ ਦੀਆਂ ਮੁਸ਼ਕਲਾਂ ’ਚ ਕੀਤਾ ਵਾਧਾ

ਇਹ ਹਨ ਨਿਯਮ
-ਕਲਾਸ 10ਵੀਂ ਦੇ 5 ’ਚੋਂ ਬੈਸਟ 3 ਪੇਪਰਾਂ ਦੇ ਥਿਊਰੀ ਵਾਲੇ ਹਿੱਸੇ ਦੇ ਮਾਰਕਸ ਲਏ ਜਾਣਗੇ। ਵਿਦਿਆਰਥੀ ਦਾ 30 ਫੀਸਦੀ ਨਤੀਜਾ ਇਸ ’ਤੇ ਨਿਰਭਰ ਕਰੇਗਾ।
-11ਵੀਂ ਕਲਾਸ ਦੇ ਸਾਰੇ ਵਿਸ਼ਿਆਂ ਦੇ ਥਿਊਰੀ ਪੇਪਰਾਂ ਦੇ ਮਾਰਕਸ ਲਏ ਜਾਣਗੇ। ਵਿਦਿਆਰਥੀ ਦਾ 30 ਫੀਸਦੀ ਨਤੀਜਾ ਇਸ ’ਤੇ ਨਿਰਭਰ ਕਹੇਗਾ।
-ਕਲਾਸ 12ਵੀਂ ਵਿਚ ਵਿਦਿਆਰਥੀਆਂ ਦੇ ਯੂਨਿਟ, ਟਰਮ ਅਤੇ ਪ੍ਰੈਕਟੀਕਲ ਐਗਜ਼ਾਮ ਦੇ ਮਾਰਕਸ ਲਏ ਜਾਣਗੇ। ਵਿਦਿਆਰਥੀ ਦਾ 40 ਫੀਸਦੀ ਨਤੀਜਾ ਇਸ ’ਤੇ ਨਿਰਭਰ ਕਰੇਗਾ।

ਥਿਊਰੀ ਦੇ ਕੁੱਲ ਮਾਰਕਸ 30 ਤੋਂ ਲੈ ਕੇ 80 ਤੱਕ ਹੋ ਸਕਦੇ ਹਨ। ਉੱਪਰ ਦਿੱਤੇ ਗਏ ਸੀ. ਬੀ. ਐੱਸ. ਈ. ਬੋਰਡ ਦੇ ਚਾਰਟ ਵਿਚ ਤੁਸੀਂ ਇਹ ਚੀਜ਼ ਦੇਖ ਸਕਦੇ ਹੋ। ਉਦਾਹਰਣ ਵਜੋਂ ਮੰਨ ਲਓ ਕਿਸੇ ਪੇਪਰ ਦਾ ਥਿਊਰੀ ਵਾਲਾ ਹਿੱਸਾ 60 ਅੰਕਾਂ ਦਾ ਹੈ ਅਤੇ ਇੰਟਰਨਲ ਅਸੈੱਸਮੈਂਟ ਵਾਲਾ ਹਿੱਸਾ 40 ਅੰਕਾਂ ਦਾ ਤਾਂ ਥਿਊਰੀ ਵਾਲੇ ਹਿੱਸੇ ਵਿਚ 18-18 ਮਾਰਕਸ 10ਵੀਂ ਅਤੇ 11ਵੀਂ ਵਿਚ ਪਰਫਾਰਮੈਂਸ ਤੋਂ ਤੈਅ ਕੀਤੇ ਜਾਣਗੇ, ਜਦੋਂਕਿ ਬਾਕੀ 24 ਮਾਰਕਸ 12ਵੀਂ ਕਲਾਸ ਦੀ ਪਰਫਾਰਮੈਂਸ ਤੋਂ ਤੈਅ ਕੀਤੇ ਜਾਣਗੇ। ਜੇਕਰ ਥਿਊਰੀ ਦਾ ਪੇਪਰ 80 ਨੰਬਰ ਦਾ ਹੈ ਤਾਂ 24-24 ਮਾਰਕਰਸ 10ਵੀਂ ਅਤੇ 11ਵੀਂ ’ਚੋਂ ਅਤੇ ਬਾਕੀ 32 ਮਾਰਕਸ 12ਵੀਂ ਦੇ ਅੰਕਾਂ ਤੋਂ ਤੈਅ ਹੋਣਗੇ।

ਇਸ ਤਰ੍ਹਾਂ ਕੈਲਕੁਲੇਟ ਹੋਣਗੇ ਅੰਕ
ਜੇਕਰ ਤੁਹਾਡਾ ਥਿਊਰੀ ਦਾ ਪੇਪਰ 80 ਨੰਬਰ ਦਾ ਹੈ ਤਾਂ ਇੰਝ ਕੈਲਕੁਲੇਟ ਕਰੋ ਮਾਰਕਸ

-ਮੰਨ ਲਓ ਮਨੋਜ ਨਾਮ ਦੇ ਵਿਦਿਆਰਥੀ ਦੇ 10ਵੀਂ ਬੋਰਡ ਪ੍ਰੀਖਿਆ ’ਚ ਪੰਜ ਵਿਸ਼ਿਆਂ ਵਿਚ ਬੈਸਟ ਤਿੰਨ ਵਿਸ਼ਿਆਂ ਦੇ ਥਿਊਰੀ ਵਾਲੇ ਹਿੱਸੇ ਵਿਚ 80, 78, 82 ਫੀਸਦੀ ਅੰਕ ਆਏ, ਮਤਲਬ ਇਸ ਦਾ ਐਵਰੇਜ 80 ਫੀਸਦੀ ਰਿਹਾ।
-ਮਨੋਜ ਦੇ 11ਵੀਂ ਫਾਈਨਲ ਐਗਜ਼ਾਮ ਵਿਚ ਕਿਸੇ ਵਿਸ਼ੇ ਦੇ ਥਿਊਰੀ ਪੇਪਰ ਵਿਚ ਮਾਰਕਸ 74 ਫੀਸਦੀ ਰਹੇ।
-12ਵੀਂ ਵਿਚ ਸਕੂਲ ਵੱਲੋਂ ਰਾਜੇਸ਼ ਨੂੰ ਕਿਸੇ ਵਿਸ਼ੇ ਦੀ ਮਿਡ-ਟਰਮ, ਪ੍ਰੀ-ਬੋਰਡ, ਯੂਨਿਟ ਐਗਜ਼ਾਮ ਵਿਚ 90 ਫੀਸਦੀ ਮਾਰਕਸ ਮਿਲੇ।

ਇਹ ਵੀ ਪੜ੍ਹੋ : ਸੇਰ ਨੂੰ ਸਵਾ ਸੇਰ : ਵਿਧਾਇਕ ਕੁਲਦੀਪ ਨੇ ਫੜ੍ਹਵਾਇਆ ਪ੍ਰਸ਼ਾਂਤ ਕਿਸ਼ੋਰ ਬਣ ਕੇ ਠੱਗਣ ਵਾਲਾ ਨੌਸਰਬਾਜ਼

ਹੁਣ ਵਿਸ਼ੇ ਦੇ ਕੁੱਲ 80 ਮਾਰਕਸ ਵਿਚ 24-24 ਮਾਰਕਸ 10ਵੀਂ ਅਤੇ 11ਵੀਂ ’ਚੋਂ ਅਤੇ ਬਾਕੀ 32 ਮਾਰਕਸ 12ਵੀਂ ਦੇ ਅੰਕਾਂ ਤੋਂ ਤੈਅ ਹੋਣਗੇ।
10ਵੀਂ : ਕੁੱਲ ਮਾਰਕਸ 24 ਦਾ 80 ਫੀਸਦੀ : 19.2
11ਵੀਂ : ਕੁੱਲ ਮਾਰਕਸ 24 ਦਾ 74 ਫੀਸਦੀ : 17.76
12ਵੀਂ : ਕੁੱਲ ਮਾਰਕਸ 32 ਦਾ 90 ਫੀਸਦੀ : 28.8

ਕਈ ਵਿਦਿਆਰਥੀਆਂ ਨੇ ਜਤਾਈ ਨਾਰਾਜ਼ਗੀ
ਸੀ. ਬੀ. ਐੱਸ. ਈ. ਵੱਲੋਂ ਜਾਰੀ ਕੀਤੇ 12ਵੀਂ ਕਲਾਸ ਦੇ ਨਤੀਜੇ ਦੇ ਫਾਰਮੂਲੇ ਤੋਂ ਕਈ ਵਿਦਿਆਰਥੀ ਨਾਰਾਜ਼ ਹਨ। ਵਿਦਿਆਰਥੀਆਂ ਨੇ ਫਾਰਮੂਲੇ ’ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਬੋਰਡ ਨੇ 11ਵੀਂ ਕਲਾਸ ਦੇ ਮਾਰਕਸ ਨੂੰ 30 ਫੀਸਦੀ ਵੇਟੇਜ ਦੇ ਕੇ ਗਲਤ ਕੀਤਾ ਹੈ। ਇਹ ਬਹੁਤ ਜ਼ਿਆਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ 12ਵੀਂ ਦੇ ਮਾਕਰਸ ਨੂੰ ਜ਼ਿਆਦਾ ਵੇਟੇਜ ਦਿੱਤੀ ਜਾਣੀ ਚਾਹੀਦੀ ਹੈ।

- 11ਵੀਂ ਕਲਾਸ ਦੇ ਮਾਰਕਸ ਨੂੰ 30 ਫੀਸਦੀ ਵੇਟੇਜ ਦੇਣਾ ਠੀਕ ਨਹੀਂ ਹੈ। 11ਵੀਂ ਕਲਾਸ ਦੇ ਮਾਰਕਸ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਜਾ ਸਕਦੀ। ਇਸ ਨਾਲ ਸਾਡਾ 12ਵੀਂ ਦਾ ਨਤੀਜਾ ਖਰਾਬ ਹੋਵੇਗਾ। 11ਵੀਂ ਵਿਚ ਮੈਂ ਇੰਨਾ ਗੰਭੀਰ ਹੋ ਕੇ ਪੜ੍ਹਾਈ ਨਹੀਂ ਕੀਤੀ ਸੀ। ਨਵੇਂ-ਨਵੇਂ ਵਿਸ਼ੇ ਸਨ, ਉਨ੍ਹਾਂ ਨੂੰ ਸਮਝਣ ’ਚ ਬਹੁਤ ਸਮਾਂ ਲੱਗਾ। ਮੈਨੂੰ ਨਹੀਂ ਪਤਾ ਸੀ ਕਿ ਇਹ ਮਾਰਕਸ 12ਵੀਂ ਵਿਚ ਜੋੜੇ ਜਾਣਗੇ ਅਤੇ ਮੇਰਾ ਕਰੀਅਰ ਪ੍ਰਭਾਵਿਤ ਕਰਨਗੇ।  -ਮੀਨਾਕਸ਼ੀ, ਵਿਦਿਆਰਥਣ

11ਵੀਂ ਵਿਚ ਨਵੇਂ ਵਿਸ਼ਿਆਂ ’ਤੇ ਧਿਆਨ ਕੇਂਦਰਤ ਹੋਣ ਵਿਚ ਸਮਾਂ ਲੱਗਾ, ਉੱਪਰੋਂ ਮੈਡੀਕਲ ਦੀ ਕੋਚਿੰਗ ਵੀ ਲਈ। ਰੁਟੀਨ ਵਿਚ ਸਮਾਂ ਲੱਗਾ। ਇਸ ਨਾਲ 11ਵੀਂ ਦਾ ਨਤੀਜਾ ਓਨਾ ਚੰਗਾ ਨਹੀਂ ਆ ਸਕਿਆ ਸੀ ਪਰ ਹੁਣ ਇਹ ਮੇਰੇ 12ਵੀਂ ਦੇ ਨਤੀਜੇ ’ਤੇ ਅਸਰ ਪਾਵੇਗਾ, ਇਹ ਗਲਤ ਹੈ। 11ਵੀਂ ਵਿਚ ਮੈਂ 12ਵੀਂ ਜਿੰਨਾ ਸੀਰੀਅਸ ਨਹੀਂ ਸੀ। -ਚੇਤਨ, ਵਿਦਿਆਰਥੀ

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ, ਰਾਜਕੁਮਾਰ ਵੇਰਕਾ ਨਾਲ ਕੀਤੀ ਮੁਲਾਕਾਤ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha