ਸੋਸ਼ਲ ਮੀਡੀਆ ਨੇ ਦੇਸ਼ ਦੇ ਸਭ ਤੋਂ ਵੱਡੇ ਬੋਰਡ ਲਈ ਖੜ੍ਹੀ ਕੀਤੀ ਮੁਸੀਬਤ

03/26/2019 3:14:07 PM

ਲੁਧਿਆਣਾ (ਵਿੱਕੀ) : ਟਵਿੱਟਰ 'ਤੇ ਆਪਣੇ ਨਾਂ ਨਾਲ ਚੱਲ ਰਹੇ ਕਈ ਫੇਕ ਅਕਾਊਂਟਾਂ ਤੋਂ ਪਰੇਸ਼ਾਨ ਸੀ. ਬੀ. ਐੱਸ. ਈ. ਨੂੰ ਹੁਣ ਯੂ-ਟਿਊਬ 'ਤੇ ਪ੍ਰਸਾਰਿਤ ਹੋ ਰਹੇ ਫਰਜ਼ੀ ਪ੍ਰਸ਼ਨ ਪੱਤਰਾਂ ਨੇ ਟੈਂਸ਼ਨ ਪਾ ਦਿੱਤੀ ਹੈ। ਇਹੀ ਕਾਰਨ ਹੈ ਕਿ ਸੀ. ਬੀ. ਐੱਸ. ਈ. ਨੇ ਅਜਿਹੇ ਫਰਜ਼ੀ ਪ੍ਰਸ਼ਨ ਪੱਤਰਾਂ ਦੇ ਲਿੰਕ ਜਾਰੀ ਕੀਤੇ ਹਨ ਅਤੇ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਇਸ ਦੇ ਝਾਂਸੇ 'ਚ ਨਾ ਆਉਣ ਦੀ ਸਲਾਹ ਦਿੱਤੀ ਹੈ। ਸੀ. ਬੀ. ਐੱਸ. ਈ. ਨੇ ਕਿਹਾ ਕਿ ਯੂ-ਟਿਊਬ 'ਤੇ ਦਿਖਾਈ ਦੇਣ ਵਾਲੀ ਵੀਡੀਓ 'ਚ ਪ੍ਰਸ਼ਨ ਪੱਤਰਾਂ ਨੂੰ ਲੈ ਕੇ ਕੀਤੇ ਗਏ ਦਾਅਵੇ ਝੂਠੇ ਹਨ। ਬੋਰਡ ਨੇ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਅਜਿਹੇ ਫਰਜ਼ੀ ਪ੍ਰਸ਼ਨ ਪੱਤਰਾਂ 'ਤੇ ਆਪਣੀ ਪ੍ਰਤੀਕਿਰਿਆ ਨਾ ਦੇਣ, ਨਾ ਹੀ ਇਨ੍ਹਾਂ ਨੂੰ ਅੱਗੇ ਫਾਰਵਰਡ ਕਰਨ ਦਾ ਕੰਮ ਕਰਨ। 
ਹਾਲਾਂਕਿ ਸੀ. ਬੀ. ਐੱਸ. ਈ. ਦਾ ਕਹਿਣਾ ਹੈ ਕਿ ਬੋਰਡ ਅਜਿਹੀਆਂ ਸਰਗਰਮੀਆਂ ਬਾਰੇ ਪੁਲਸ ਨੂੰ ਜਾਣਕਾਰੀ ਦੇ ਰਿਹਾ ਹੈ ਤਾਂ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਸ ਤੋਂ ਇਲਾਵਾ ਪ੍ਰੀਖਿਆਵਾਂ ਤੋਂ ਪਹਿਲਾਂ ਪ੍ਰਸ਼ਨ ਪੱਤਰ ਲੀਕ ਹੋਣ ਅਤੇ ਪ੍ਰਸ਼ਨ ਪੱਤਰ ਦੀ ਉਪਲੱਬਧਤਾ ਬਾਰੇ ਫਰਜ਼ੀ ਖਬਰਾਂ ਪ੍ਰਸਾਰਿਤ ਕਰਨ ਵਾਲੇ ਵਿਅਕਤੀਆਂ ਖਿਲਾਫ ਦਿੱਲੀ ਪੁਲਸ ਕੋਲ ਪਹਿਲਾਂ ਹੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।  ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਬੋਰਡ ਨੇ 6 ਅਤੇ 8 ਮਾਰਚ ਨੂੰ ਇਸ ਤਰ੍ਹਾਂ ਦੇ ਲਿੰਕ 'ਤੇ ਫਰਜ਼ੀ ਪ੍ਰਸ਼ਨ ਪੱਤਰ ਦੀ ਜਾਣਕਾਰੀ ਮਿਲਣ 'ਤੇ ਦਿੱਲੀ ਦੇ ਮਧੂ ਵਿਹਾਰ ਥਾਣੇ 'ਚ ਪਰਚਾ ਦਰਜ ਕਰਾਇਆ ਸੀ।

Babita

This news is Content Editor Babita