CBI ਟੀਮ ਨੇ ਆਰ. ਸੀ. ਐੱਫ. ਦੇ ਅਧਿਕਾਰੀ ਦੀ ਸਰਕਾਰੀ ਕੋਠੀ ''ਚ ਮਾਰਿਆ ਛਾਪਾ

06/30/2018 3:59:26 AM

ਕਪੂਰਥਲਾ, (ਮੱਲ੍ਹੀ, ਭੂਸ਼ਣ)- ਚੰਡੀਗੜ੍ਹ ਤੋਂ ਆਈ ਸੀ. ਬੀ. ਆਈ. ਟੀਮ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਵਿਚ ਇਕ ਅਧਿਕਾਰੀ ਦੇ ਘਰ ਦੇਰ ਸ਼ਾਮ ਛਾਪਾ ਮਾਰ ਕੇ ਜਿਥੇ ਅਫਸਰਸ਼ਾਹੀ ਵਿਚ ਜ਼ਬਰਦਸਤ ਖਲਬਲੀ ਮਚਾ ਦਿੱਤੀ ਗਈ, ਉਥੇ ਹੀ ਛਾਪੇਮਾਰੀ ਦਾ ਇਹ ਸਿਲਸਿਲਾ ਦੇਰ ਰਾਤ ਤਕ ਚੱਲਦਾ ਰਿਹਾ।
ਜਾਣਕਾਰੀ ਅਨੁਸਾਰ ਰੇਲ ਕੋਚ ਫੈਕਟਰੀ (ਕਪੂਰਥਲਾ) 'ਚ ਅੱਜ ਬਾਅਦ ਦੁਪਹਿਰ ਲਗਭਗ 4.30 ਵਜੇ ਸੀ. ਬੀ. ਆਈ. ਚੰਡੀਗੜ੍ਹ ਦੀ ਟੀਮ ਵੱਲੋਂ ਰੇਲ ਕੋਚ ਫੈਕਟਰੀ ਕਪੂਰਥਲਾ 'ਚ ਰਾਜਿੰਦਰ ਸਿੰਘ ਗੁੰਜਰਾਲੀਅਨ ਤੇ ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ ਹੇਠ 10 ਤੋਂ ਵਧੇਰੇ ਮੁਲਾਜ਼ਮਾਂ ਨੇ ਰੇਡਿਕਾ ਕਪੂਰਥਲਾ ਦੇ ਟਾਈਪ-4 ਦੇ ਕੁਆਰਟਰ 85-ਬੀ 'ਚ ਰਹਿੰਦੇ ਸਿਵਲ ਐਕਸੀਅਨ ਮਨਜੀਤ ਸਿੰਘ ਦੀ ਸਰਕਾਰੀ ਰਿਹਾਇਸ਼ 'ਤੇ ਜਦੋਂ ਛਾਪੇਮਾਰੀ ਕੀਤੀ ਤਾਂ ਉਹ ਉਸ ਸਮੇਂ ਆਪਣੀ ਰਿਹਾਇਸ਼ 'ਤੇ ਮੌਜੂਦ ਸੀ। ਸੀ. ਬੀ. ਆਈ. ਦੀ ਜਾਂਚ ਸਮੇਂ ਮਨਜੀਤ ਸਿੰਘ ਸਿਵਲ ਐਕਸੀਅਨ ਦੇ ਘਰ ਉਸ ਦੀਆਂ ਦੋ ਮਹਿਲਾ ਰਿਸ਼ਤੇਦਾਰ ਤੇ ਉਸ ਦਾ ਸਰਕਾਰੀ ਡਰਾਈਵਰ ਜੰਗਸ਼ੇਰ ਸਿੰਘ ਵੀ ਮੌਜੂਦ ਸੀ, ਜਦਕਿ ਸਿਵਲ ਐਕਸੀਅਨ ਮਨਜੀਤ ਸਿੰਘ ਦੀ ਪਤਨੀ ਆਪਣੀ ਡਿਊਟੀ 'ਤੇ ਗਈ ਹੋਈ ਸੀ। 
ਦੱਸਿਆ ਜਾਂਦਾ ਹੈ ਕਿ ਆਰ. ਸੀ. ਐੱਫ. 'ਚ ਸਿਵਲ ਐਕਸੀਅਨ ਮਨਜੀਤ ਸਿੰਘ ਦੇ ਘਰ ਛਾਪਾ ਮਾਰਨ ਲਈ ਪਹੁੰਚੀ ਸੀ. ਬੀ. ਆਈ. ਦੀ ਟੀਮ ਨੇ ਸਥਾਨਕ ਪੁਲਸ ਪ੍ਰਸ਼ਾਸਨ ਪਾਸੋਂ ਮਹਿਲਾ ਪੁਲਸ ਮੁਲਾਜ਼ਮਾਂ ਦਾ ਸਹਿਯੋਗ ਮੰਗਿਆ। ਜਿਸ ਲਈ ਲੋੜੀਂਦੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਲੈ ਕੇ ਏ. ਐੱਸ. ਆਈ. ਲਖਵੀਰ ਸਿੰਘ ਗੋਸਲ, ਪੁਲਸ ਚੌਕੀ ਇੰਚਾਰਜ ਭੁਲਾਣਾ (ਕਪੂਰਥਲਾ) ਮੌਕੇ 'ਤੇ ਪਹੁੰਚੇ। 
ਜਾਣਕਾਰੀ ਅਨੁਸਾਰ ਆਰ. ਸੀ. ਐੱਫ. ਦੇ ਕਿਸੇ ਨਿੱਜੀ ਠੇਕੇਦਾਰ ਵਲੋਂ ਸਿਵਲ ਐਕਸੀਅਨ ਮਨਜੀਤ ਸਿੰਘ ਖਿਲਾਫ ਦਿੱਤੀ ਲਿਖਤੀ ਗੁਪਤ ਸ਼ਿਕਾਇਤ ਕੀਤੀ ਗਈ ਦੱਸੀ ਜਾਂਦੀ ਹੈ ਕਿ ਜਿਸ 'ਤੇ ਕਾਰਵਾਈ ਕਰਦਿਆਂ ਸੀ. ਬੀ. ਆਈ. ਦੀ ਟੀਮ ਅੱਜ ਸ਼ਾਮੀ ਲਗਭਗ 4.30 ਵਜੇ ਰੇਡਿਕਾ ਕਪੂਰਥਲਾ ਦੀ ਅਫਸਰ ਕਾਲੋਨੀ 'ਚ ਪਹੁੰਚੀ ਤੇ ਸਿਵਲ ਐਕਸੀਅਨ ਮਨਜੀਤ ਸਿੰਘ ਨੂੰ ਘਰ 'ਚ ਹੀ ਆਣ ਘੇਰਿਆ, ਜਿਸਦੀ ਸਰਕਾਰੀ ਰਿਹਾਇਸ਼ 'ਤੇ ਖਬਰ ਲਿਖੇ ਜਾਣ ਤਕ ਸਰਚ ਚੱਲ ਰਹੀ ਸੀ। 
ਦੱਸਿਆ ਜਾਂਦਾ ਹੈ ਕਿ ਠੇਕੇਦਾਰ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਸੀ. ਬੀ. ਆਈ. ਦੀ ਟੀਮ ਨੇ ਸਿਵਲ ਐਕਸੀਅਨ ਮਨਜੀਤ ਸਿੰਘ ਦੇ ਘਰੋਂ ਨਕਦੀ ਦੀ ਰਿਕਵਰੀ ਵੀ ਕੀਤੀ ਹੈ, ਜਿਸ ਦੇ ਭਾਵੇਂ ਨਿਸ਼ਚਿਤ ਅੰਕੜੇ ਨਹੀਂ ਪ੍ਰਾਪਤ ਹੋ ਸਕੇ। ਆਰ. ਸੀ. ਐੱਫ. 'ਚ ਪਹੁੰਚੀ ਸੀ. ਬੀ. ਆਈ. ਦੀ ਟੀਮ ਵਲੋਂ ਕੀਤੀ ਰੇਡ ਬਾਰੇ ਜਦੋਂ ਰੇਡਿਕਾ ਦੇ ਪੀ. ਆਰ. ਟੀ. ਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਉਕਤ ਮਾਮਲੇ ਬਾਰੇ ਅਗਿਆਨਤਾ ਪ੍ਰਗਟਾਉਂਦਿਆਂ ਕੋਈ ਵੀ ਟਿੱਪਣੀ ਨਹੀਂ ਕੀਤੀ।
ਸਾਲ 2008 'ਚ ਛਾਪੇਮਾਰੀ ਦੌਰਾਨ ਇਕ ਚੀਫ ਇੰਜ. ਰੈਂਕ ਦੇ ਅਧਿਕਾਰੀ ਨੂੰ ਕੀਤਾ ਸੀ ਗ੍ਰਿਫਤਾਰ
ਜ਼ਿਕਰਯੋਗ ਹੈ ਕਿ ਸੀ. ਬੀ. ਆਈ. ਨੇ ਦੂਜੀ ਵਾਰ ਕਿਸੇ ਸੀਨੀਅਰ ਰੇਡਿਕਾ ਅਧਿਕਾਰੀ ਦੇ ਘਰ ਛਾਪੇਮਾਰੀ ਕੀਤੀ ਹੈ। ਇਸ ਤੋਂ ਪਹਿਲਾਂ ਸਾਲ 2008 ਵਿਚ ਸੀ. ਬੀ. ਆਈ. ਟੀਮ ਨੇ ਛਾਪਾ ਮਾਰ ਕੇ ਰਿਸ਼ਵਤ ਲੈਣ ਦੇ ਦੋਸ਼ ਵਿਚ ਇਕ ਚੀਫ ਇੰਜ. ਰੈਂਕ ਦੇ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਨੇ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਸਨ।