ਡਿਫਾਲਟਰ ਰਿਕਵਰੀ ''ਤੇ ਲੱਗੀ ਬ੍ਰੇਕ, 31 ਤਕ ਬਿਜਲੀ ਬਿੱਲਾਂ ਦੇ ਕੈਸ਼ ਕਾਊਂਟਰ ਬੰਦ

03/22/2020 10:13:55 PM

ਜਲੰਧਰ, (ਪੁਨੀਤ)— ਕੋਰੋਨਾ ਵਾਇਰਸ ਤੋਂ ਬਚਾਅ ਨੂੰ ਮੁੱਖ ਰੱਖਦੇ ਪਾਵਰ ਨਿਗਮ ਵਲੋਂ ਬਿਜਲੀ ਬਿੱਲਾਂ ਦੇ ਭੁਗਤਾਨ ਲਈ ਸਥਾਪਤ ਕੀਤੇ ਗਏ ਕੈਸ਼ ਕਾਊਂਟਰਾਂ ਨੂੰ 31 ਮਾਰਚ ਤੱਕ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਵਧਾਨੀ ਇਸ ਲਈ ਅਪਣਾਈ ਜਾ ਰਹੀ ਹੈ ਤਾਂ ਜੋ ਦਫਤਰਾਂ 'ਚ ਲੋਕਾਂ ਦੇ ਦਾਖਲ ਹੋਣ 'ਤੇ ਰੋਕ ਲਗਾਈ ਜਾ ਸਕੇ ਅਤੇ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਇਨ੍ਹਾਂ ਹੁਕਮਾਂ ਨੇ ਪਾਵਰ ਨਿਗਮ ਦੇ ਡਿਫਾਲਟਰਾਂ ਤੋਂ ਰਿਕਵਰ ਕੀਤੀ ਜਾਣ ਵਾਲੀ ਰਾਸ਼ੀ ਦੇ ਕੰਮ 'ਤੇ ਵੀ ਬ੍ਰੇਕ ਲਗਾ ਦਿੱਤੀ ਹੈ। ਮੌਜੂਦਾ ਸਮੇਂ 'ਚ ਪਾਵਰ ਨਿਗਮ ਜਲੰਧਰ ਜ਼ੋਨ 'ਚ ਡਿਫਾਲਟਰ ਬਿਜਲੀ ਖਪਤਕਾਰਾਂ 'ਤੇ 100 ਕਰੋੜ ਤੋਂ ਜ਼ਿਆਦਾ ਦਾ ਬਕਾਇਆ ਹੈ, ਇਹ ਰਿਕਵਰੀ ਵਿਭਾਗ ਵਲੋਂ 31 ਮਾਰਚ ਤੱਕ ਕੀਤੀ ਜਾਣੀ ਸੀ ਪਰ ਹੁਣ ਇਸ ਰਿਕਵਰੀ ਦਾ ਹੋ ਪਾਉਣਾ ਸੰਭਵ ਨਜ਼ਰ ਨਹੀਂ ਆ ਰਿਹਾ। ਪਾਵਰ ਨਿਗਮ ਕਰਮਚਾਰੀਆਂ ਵਲੋਂ ਪਿਛਲੇ ਸਮੇਂ ਦੇ ਦੌਰਾਨ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕਨੈਕਸ਼ਨ ਧੱੜਲੇ ਨਾਲ ਕੱਟੇ ਜਾ ਰਹੇ ਸਨ ਪਰ ਅਗਲੇ ਹੁਕਮਾਂ ਤੱਕ ਬਿਜਲੀ ਕੁਨੈਕਸ਼ਨ ਨਹੀਂ ਕੱਟੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਕੋਰੋਨਾ ਕਾਰਨ ਕਿਸੇ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਇਸ ਲਈ ਫਿਲਹਾਲ ਰਿਕਵਰੀ 'ਤੇ ਢੀਲ ਅਪਨਾਈ ਜਾ ਰਹੀ ਹੈ। ਉਥੇ ਹੀ, ਪਾਵਰ ਨਿਗਮ ਵਲੋਂ ਰਿਕਵਰੀ ਨੂੰ ਲੈ ਕੇ ਸਰਕਲ ਦੀ ਰੋਜ਼ਾਨਾ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਵੀ ਕੈਂਸਲ ਕਰ ਦਿੱਤੀਆਂ ਗਈਆਂ ਹਨ, ਕਿ ਬਿਜਲੀ ਦੀ ਸੁਚਾਰੂ ਸਪਲਾਈ ਨੂੰ ਲੈ ਕੇ ਹੀ ਕੰਮ ਕੀਤਾ ਜਾਵੇਗਾ। ਰਿਕਵਰੀ ਨੂੰ ਲੈ ਕੇ ਪਟਿਆਲਾ ਹੈੱਡ ਦਫਤਰ 'ਚ ਬੈਠੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਦੇ ਬਿਲਾਂ ਦਾ ਬਕਾਇਆ ਹੈ ਉਹ ਆਪਣੀ ਨੈਤਿਕ ਜ਼ਿੰਮੇਦਾਰੀ ਸਮਝਦੇ ਹੋਏ ਇਸ ਦਾ ਭੁਗਤਾਨ ਕਰਨ।

ਚੈੱਕ/ਡਰਾਫਟ ਜਾਂ ਆਨਲਾਈਨ ਕਰੋਂ ਬਿੱਲਾਂ ਦਾ ਭੁਗਤਾਨ
ਅਧਿਕਾਰੀਆਂ ਮੁਤਾਬਕ ਸਬ ਡਿਵੀਜਨ 'ਚ ਇਕ ਤੋਂ ਜਿਆਦਾ ਕੈਸ਼ ਕਾਊਂਟਰ ਰਹਿੰਦੇ ਹੈ ਪਰ ਕੋਈ ਵੀ ਕੈਸ਼ ਕਾਊਂਟਰ ਨਹੀਂ ਖੋਲਿਆ ਜਾਵੇਗਾ। ਪਾਵਰ ਨਿਗਮ ਦੇ ਨਿਯਮਾਂ ਮੁਤਾਬਕ 10 ਹਜ਼ਾਰ ਰੁਪਏ ਤੋਂ ਘੱਟ ਦਾ ਬਿਜਲੀ ਬਿਲ ਕੈਸ਼ ਕਾਊਂਟਰ 'ਤੇ ਜਮ੍ਹਾ ਕਰਵਾਇਆ ਜਾ ਸਕਦਾ ਹੈ ਜਦਕਿ ਇਸ ਦੇ ਉਪਰ ਦੀ ਰਾਸ਼ੀ ਚੈੱਕ ਜਾਂ ਡਰਾਫਟ ਜ਼ਰੀਏ ਹੀ ਕੀਤੀ ਜਾ ਸਕਦੀ ਹੈ, ਪਰ ਪਾਵਰ ਨਿਗਮ ਵਲੋਂ ਹੁਣ 10 ਹਜ਼ਾਰ ਰੁਪਏ ਤੋਂ ਘੱਟ ਦਾ ਬਿਜਲੀ ਬਿੱਲ ਵੀ ਕੈਸ਼ ਦੇ ਰੂਪ 'ਚ ਨਹੀਂ ਲਿਆ ਜਾਵੇਗਾ। ਪਾਵਰ ਨਿਗਮ ਦੇ ਹੈੱਡ ਦਫਤਰ ਪਟਿਆਲਾ ਵਲੋਂ ਜਾਰੀ ਕੀਤੇ ਗਏ ਸਰਕੂਲਰ ਨੰਬਰ 119/2020 ਦੇ ਮੁਤਾਬਕ ਕਿਹਾ ਗਿਆ ਹੈ ਕਿ ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਬਿੱਲ 10 ਹਜ਼ਾਰ ਜਾਂ ਇਸ ਤੋਂ ਘੱਟ ਹੈ ਉਹ ਚੈੱਕ/ਡਰਾਫਟ ਜਾਂ ਆਨਲਾਈਨ ਪੇਮੈਂਟ ਦੇ ਜਰੀਏ ਭੁਗਤਾਨ ਕਰਨ। ਇਸ ਸੰਬੰਧ 'ਚ ਪਾਵਰ ਨਿਗਮ ਦੇ ਦਫਤਰਾਂ 'ਚ ਡਰਾਪ ਬਾਕਸ ਲਗਾਏ ਗਏ ਹਨ। ਖਪਤਕਾਰ ਇਸ ਡਰਾਪ ਬਾਕਸ 'ਚ ਆਪਣਾ ਚੈੱਕ ਅਤੇ ਡਰਾਫਟ ਪਾ ਸਕਦੇ ਹੈ।

ਸਰਕਾਰੀ ਦਫਤਰਾਂ 'ਚ ਆਉਣ ਤੋਂ ਕਰੋ ਗੁਰੇਜ : ਚੀਫ ਇੰਜੀਨੀਅਰ
ਪਾਵਰ ਨਿਗਮ ਨੋਰਥ ਜ਼ੋਨ ਦੇ ਚੀਫ ਇੰਜੀਨੀਅਰ ਗੋਪਾਲ ਸ਼ਰਮਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਰਕਾਰੀ ਦਫਤਰਾਂ 'ਚ ਆਉਣ ਤੋਂ ਗੁਰੇਜ ਕਰਨੀ ਚਾਹੀਦੀ ਹੈ, ਉਨ੍ਹਾਂ ਕਿਹਾ ਕਿ ਆਨਲਾਈਨ ਸਭ ਤੋਂ ਵਧੀਆ ਸਹੂਲਤ ਹੈ ਜੋ ਲੋਕ ਆਨਲਾਈਨ ਬਿਜਲੀ ਦਾ ਬਿੱਲ ਅਦਾ ਨਹੀਂ ਕਰ ਸਕਦੇ ਉਹ ਆਪਣੇ ਚੈੱਕ ਅਤੇ ਡਰਾਫਟ ਦੇ ਪਿੱਛੇ ਆਪਣਾ ਖਾਤਾ ਨੰਬਰ ਲਿਖ ਕੇ ਉਸ ਨੂੰ ਪਾਵਰ ਨਿਗਮ ਦੇ ਦਫਤਰ 'ਚ ਲਗਾਏ ਗਏ ਡਰਾਪ ਬਾਕਸ 'ਚ ਪਾ ਸਕਦੇ ਹਨ।
 

KamalJeet Singh

This news is Content Editor KamalJeet Singh