ਘਰ ''ਚੋਂ ਨਕਦੀ ਤੇ ਗਹਿਣੇ ਚੋਰੀ

12/31/2017 8:07:01 AM

ਬੇਗੋਵਾਲ, (ਰਜਿੰਦਰ)- ਪੁਲਸ ਤੋਂ ਬੇਖੌਫ ਚੋਰਾਂ ਨੇ ਨੇੜਲੇ ਪਿੰਡ ਮੰਡ ਤਲਵੰਡੀ ਕੂਕਾ ਵਿਖੇ ਇਕ ਘਰ 'ਚੋਂ ਨਕਦੀ, ਸੋਨੇ ਤੇ ਚਾਂਦੀ ਦੇ ਗਹਿਣਿਆਂ ਸਮੇਤ ਮੋਬਾਇਲ ਫੋਨ ਚੋਰੀ ਕਰ ਲਿਆ। ਦੱਸਣਯੋਗ ਹੈ ਕਿ ਘਰ ਵਾਲੇ ਆਪਣੇ ਰਿਸ਼ਤੇਦਾਰਾਂ ਦੇ ਗਏ ਹੋਏ ਸਨ। ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੰਡ ਤਲਵੰਡੀ ਕੂਕਾ, ਥਾਣਾ ਬੇਗੋਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਮੈਂ ਆਪਣੇ ਪਰਿਵਾਰ ਸਮੇਤ ਘਰ ਨੂੰ ਤਾਲਾ ਲਾ ਕੇ ਰਿਸ਼ਤੇਦਾਰਾਂ ਦੇ ਗਿਆ ਹੋਇਆ ਸੀ, ਜਦੋਂ ਅਸੀਂ ਸਵੇਰ ਦੇ ਕਰੀਬ 11 ਵਜੇ ਵਾਪਸ ਆਏ ਤਾਂ ਅਸੀਂ ਦੇਖਿਆ ਕਿ ਘਰ ਦੇ ਅੰਦਰ ਵਾਲੇ ਦਰਵਾਜ਼ੇ ਦਾ ਤਾਲਾ ਟੁੱਟਾ ਸੀ, ਅੰਦਰ ਪਈ ਅਲਮਾਰੀ ਦੇ ਲਾਕਰ ਨੂੰ ਤੋੜਿਆ ਹੋਇਆ ਸੀ ਤੇ ਇਸ ਵਿਚ ਇਕ ਕਿੱਟੀ ਸੈੱਟ, ਗਲੇ ਦਾ ਹਾਰ, ਟਾਪਸ, ਇਕ ਮੁੰਦਰੀ, ਸੋਨੇ ਦੀਆਂ ਤਿੰਨ ਸ਼ਾਪਾਂ, ਇਕ ਸੋਨੇ ਦੀਆਂ ਵਾਲੀਆਂ ਦਾ ਜੋੜਾ, ਇਕ ਸੋਨੇ ਦੀ ਚੇਨ ਤੇ ਚਾਂਦੀ ਦੇ ਗਹਿਣੇ ਚੋਰਾਂ ਨੇ ਚੇਰੀ ਕਰ ਲਏ ਸਨ। ਇਸ ਦੇ ਨਾਲ ਹੀ 50 ਹਜ਼ਾਰ ਰੁਪਏ ਦੀ ਨਕਦੀ ਵੀ ਗਾਇਬ ਸੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਹੋਏ ਸੋਨੇ ਦੇ ਗਹਿਣੇ 5 ਤੋਂ 6 ਤੋਲੇ ਦੇ ਕਰੀਬ ਸਨ।    ਦੂਜੇ ਪਾਸੇ ਚੋਰੀ ਦੀ ਵਾਰਦਾਤ ਦੀ ਸੂਚਨਾ ਮਿਲਣ 'ਤੇ ਥਾਣਾ ਬੇਗੋਵਾਲ ਦੇ ਏ. ਐੱਸ. ਆਈ. ਪਾਲ ਸਿੰਘ ਤੇ ਪੁਲਸ ਪਾਰਟੀ ਨੇ ਮੌਕਾ ਦੇਖਿਆ। ਇਸ ਸਬੰਧੀ ਜਦੋਂ ਐੱਸ. ਐੱਚ. ਓ. ਬੇਗੋਵਾਲ ਸੁਖਬੀਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ ਪਰ ਸੰਪਰਕ ਕਰਨ 'ਤੇ ਜਾਂਚ ਅਧਿਕਾਰੀ ਏ. ਐੱਸ. ਆਈ. ਰਘਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।