ਨਾਮਜ਼ਦਗੀ ਭਰਨ ਮੌਕੇ ਗੋਲੀਆਂ ਚਲਾਉਣ ਵਾਲੇ 5 ਵਿਅਕਤੀਆਂ ਸਮੇਤ 200 ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ

02/03/2021 4:20:44 PM

ਭਿੱਖੀਵਿੰਡ/ ਖਾਲੜਾ ( ਸੁਖਚੈਨ/ਅਮਨ) : ਬੀਤੇ ਕੱਲ ਨਗਰ ਪੰਚਾਇਤ ਦੀਆਂ  ਚੋਣਾਂ ਨੂੰ  ਲੈ ਕੇ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਚੱਲੀਆਂ ਗੋਲੀਆਂ ਇੱਟਾਂ ਰੋੜੇ ਅਤੇ ਗੱਡੀਆਂ  ਦੀ ਭੰਨਤੋੜ ਅਤੇ ਡਿਊਟੀ ’ਚ ਵਿਘਨ ਪਾਉਣ ’ਤੇ 15 ਵਿਅਕਤੀਆਂ ਸਮੇਤ 200 ਦੇ ਕਰੀਬ ਅਣਪਛਾਤੇ ਵਿਅਕਤੀਆਂ ਖ਼ਿਲਾਫ਼  ਵੱਖ-ਵੱਖ ਧਾਰਾਵਾਂ ’ਤੇ ਕੇਸ ਦਰਜ ਕੀਤਾ ਗਿਆ। ਜਿਨ੍ਹਾਂ ’ਚ  ਅਕਾਲੀ ਦਲ ਦੇ ਸਾਬਕਾ ਨਗਰ ਪੰਚਾਇਤ ਦੇ ਪ੍ਰਧਾਨ ਅਮਰਜੀਤ ਸਿੰਘ  ਢਿੱਲੋਂ, ਰਿੰਕੂ ਧਵਨ, ਹਰਜਿੰਦਰ ਸਿੰਘ  ਸਾਬਕਾ ਸਰਪੰਚ, ਵਿਨੇ ਮਲਹੋਤਰਾ, ਸੁਰਿੰਦਰਪਾਲ, ਮਨਜੀਤ ਸਿੰਘ, ਹਰਜੀਤ ਸਿੰਘ ਬਲੇਰ , ਸੁਖਦੇਵ ਸਿੰਘ ਮਿੰਟੂ, ਵਿੱਕੀ, ਸੋਨੂੰ, ਗੋਲਡੀ ਫਰੰਦੀਪਰ, ਉਪਕਾਰਦੀਪ ਸਿੰਘ, ਪਹਿਲਵਾਨ ਪਲਵਿੰਦਰ ਸਿੰਘ ਸਮੇਤ 200 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 307, 186, 506, 148, 149, 25, 27 54 ਆਰਮੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਵੋਟਾਂ ਵਾਲੇ ਦਿਨ ਪੰਜਾਬ ’ਚ ਪੈਰਾ ਮਿਲਟਰੀ ਫੋਰਸ ਲਗਾਈ ਜਾਵੇ : ਸੁਖਬੀਰ ਬਾਦਲ

ਇਹ ਸੀ ਮਾਮਲਾ

ਦੱਸਣਯੋਗ ਹੈ ਕਿ ਭਿੱਖੀਵਿੰਡ ’ਚ ਨਗਰ ਪੰਚਾਇਤ ਦੀਆਂ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ ਭਰਣ ਜਾ ਰਹੇ ਅਕਾਲੀਆਂ ਅਤੇ ਕਾਂਗਰਸੀਆਂ ਵਿਚਕਾਰ ਆਪਸੀ ਝੜਪ ਹੋ ਗਈ ਸੀ। ਝੜਪ ਮੌਕੇ ਦੋਵਾਂ ਧਿਰਾਂ ਦੇ ਲੋਕਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਇੱਟਾਂ ਰੋੜੇ ਵੀ ਵਰ੍ਹਾਏ ਗਏ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲਸ ਪ੍ਰਸ਼ਾਸਨ ਵੱਡੀ ਗਿਣਤੀ ’ਚ ਮੌਕੇ ’ਤੇ ਪਹੁੰਚ ਗਈ। ਪੁਲਸ ਪ੍ਰਸ਼ਾਸਨ ਵੱਲੋਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਲਈ ਕੁਝ ਲਾਠੀਚਾਰਜ ਵੀ ਕੀਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਭਿੱਖੀਵਿੰਡ ’ਚ ਆਮ ਆਦਮੀ ਪਾਰਟੀ ਦੇ ਵਰਕਰ ਹਲਕਾ ਇੰਚਾਰਜ ਜਸਬੀਰ ਸਿੰਘ ਸੋਹਣ ਸਿੰਘ ਦੀ ਅਗਵਾਈ ਵਿੱਚ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਏ ਤਾਂ ਉਥੇ ਮੌਜੂਦ ਕੁਝ ਕਾਂਗਰਸੀ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਕੁੱਟਮਾਰ ਕੀਤੀ ਗਈ। ਕੁੱਟਮਾਰ ਕਰਕੇ ਉਨ੍ਹਾਂ ਨੇ ਵਰਕਰਾਂ ਤੋਂ ਨਾਮਜ਼ਦਗੀ ਫਾਈਲਾਂ ਖੋਹ ਲਈਆਂ ਅਤੇ ਬਾਅਦ ’ਚ ਪਾੜ ਦਿੱਤੀਆਂ। 

ਇਹ ਵੀ ਪੜ੍ਹੋ : ਈ-ਸੇਵਾ ਪੈਂਡੈਂਸੀ ਘਟਾਉਣ ਸਬੰਧੀ ਸੂਬੇ ’ਚੋਂ ਮੋਹਰੀ ਰਿਹਾ ਜ਼ਿਲ੍ਹਾ ਗੁਰਦਾਸਪੁਰ  

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

Anuradha

This news is Content Editor Anuradha