ਅਮਰੀਕਾ ਭੇਜੇ ਨੌਜਵਾਨਾਂ ਦਾ ਪਤਾ ਨਾ ਲੱਗਣ ਦੇ ਮਾਮਲੇ ''ਚ ਕੇਸ ਦਰਜ

11/12/2017 2:36:01 AM

ਭੁਲੱਥ,   (ਰਜਿੰਦਰ)-  ਦੋਆਬੇ ਦੇ ਜ਼ਿਲਾ ਕਪੂਰਥਲਾ ਤੋਂ ਅਮਰੀਕਾ ਗਏ ਦੋ ਨੌਜਵਾਨਾਂ ਦਾ ਪਤਾ ਨਾ ਲੱਗਣ ਦੇ ਮਾਮਲੇ 'ਚ ਅਤੇ 40 ਲੱਖ ਦੀ ਠੱਗੀ ਮਾਰਨ ਸੰਬੰਧੀ ਥਾਣਾ ਭੁਲੱਥ ਦੀ ਪੁਲਸ ਵਲੋਂ ਕਬੂਤਰਬਾਜ਼ ਅਤੇ ਉਸ ਦੀ ਪਤਨੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ। 
ਇਕੱਤਰ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਭੰਡਾਲ ਦੋਨਾ ਜ਼ਿਲਾ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੇਰੇ ਲੜਕੇ ਜਸਪ੍ਰੀਤ ਸਿੰਘ ਅਤੇ ਮੇਰੇ ਸਾਲੇ ਪ੍ਰਗਟ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਪਿੰਡ ਮਾਨਾਂ ਤਲਵੰਡੀ ਥਾਣਾ ਭੁਲੱਥ (ਕਪੂਰਥਲਾ) ਦੇ ਲੜਕੇ ਨਵਦੀਪ ਸਿੰਘ ਨੂੰ ਅਮਰੀਕਾ ਭੇਜਣ ਲਈ ਸਾਡੀ ਗੱਲ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਖੱਸਣ, ਥਾਣਾ ਭੁਲੱਥ (ਕਪੂਰਥਲਾ) ਨਾਲ ਹੋਈ ਸੀ। ਜਿਸ ਦੌਰਾਨ ਦੋਵਾਂ ਲੜਕਿਆਂ ਲਈ 32 ਲੱਖ 50 ਹਜ਼ਾਰ ਵੱਖੋ-ਵੱਖ ਦਿੱਤੇ ਜਾਣੇ ਸਨ। ਗੱਲ ਹੋਣ ਸਮੇਂ ਮੌਕੇ 'ਤੇ ਅਡਵਾਂਸ ਰਕਮ ਲੈਣ ਉਪਰੰਤ ਉਕਤ ਟਰੈਵਲ ਏਜੰਟ ਨੇ 15 ਦਿਨਾਂ ਦੇ ਅੰਦਰ-ਅੰਦਰ ਲੜਕਿਆਂ ਨੂੰ ਅਮਰੀਕਾ ਭੇਜਣ ਦਾ ਭਰੋਸਾ ਦੁਆਇਆ ਸੀ। ਜਿਸ ਤੋਂ ਬਾਅਦ ਅੱਜ ਤੱਕ ਮੇਰੇ ਅਤੇ ਮੇਰੇ ਸਾਲੇ ਦੇ ਲੜਕੇ ਨਾਲ ਸਾਡਾ ਕੋਈ ਸੰਪਰਕ ਨਹੀਂ ਹੋਇਆ ਪਰ ਉਕਤ ਏਜੰਟ ਵਲੋਂ ਸਾਡੇ ਲੜਕਿਆਂ ਦਾ ਕੋਈ ਥਹੁ-ਪਤਾ ਵੀ ਨਹੀਂ ਦੱਸਿਆ ਅਤੇ ਸਾਡੀ ਰਕਮ ਵਾਪਸ ਕਰਨ ਦਾ ਭਰੋਸਾ ਦੁਆਇਆ।
 ਉਕਤ ਏਜੰਟ ਵਲੋਂ ਸਾਨੂੰ 12 ਲੱਖ 50 ਹਜ਼ਾਰ ਰੁਪਏ ਪੰਚਾਇਤ ਵਿਚ ਵਾਪਸ ਕਰ ਦਿੱਤੇ ਅਤੇ ਬਕਾਇਆ ਰਕਮ 40 ਲੱਖ ਰੁਪਏ 15 ਦਿਨਾਂ ਅੰਦਰ ਵਾਪਸ ਕਰਨ ਦਾ ਭਰੋਸਾ ਦਿੱਤਾ ਅਤੇ ਨਾਲ ਇਹ ਵਾਅਦਾ ਕੀਤਾ ਕਿ ਉਹ ਸਾਡੇ ਲੜਕਿਆਂ ਨਾਲ ਫੋਨ 'ਤੇ ਗੱਲਬਾਤ ਕਰਵਾਏਗਾ ਪਰ ਸਾਨੂੰ ਸ਼ੱਕ ਹੈ ਕਿ ਸਾਡੇ ਲੜਕਿਆਂ ਦਾ ਕੋਈ ਜਾਨੀ-ਮਾਲੀ ਨੁਕਸਾਨ ਕਰ ਦਿੱਤਾ ਗਿਆ ਹੈ। ਉਪਰੋਕਤ ਏਜੰਟ ਨੇ ਮੇਰੇ ਅਤੇ ਮੇਰੇ ਸਾਲੇ ਦੇ ਲੜਕੇ ਨੂੰ ਵਿਦੇਸ਼ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 40 ਲੱਖ ਰੁਪਏ ਦੀ ਠੱਗੀ ਮਾਰੀ ਹੈ ਅਤੇ ਹੁਣ ਉਪਰੋਕਤ ਦੋਸ਼ੀ ਸਾਡੇ ਲੜਕਿਆਂ ਦਾ ਥਾਂ-ਪਤਾ ਵੀ ਨਹੀਂ ਦੱਸ ਰਿਹਾ ਕਿ ਉਹ ਕਿਥੇ ਹਨ। 
ਦੂਸਰੇ ਪਾਸੇ ਇਸ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਐੱਸ. ਐੱਸ. ਪੀ. ਕਪੂਰਥਲਾ ਦੇ ਹੁਕਮਾਂ 'ਤੇ ਥਾਣਾ ਭੁਲੱਥ ਦੀ ਪੁਲਸ ਵਲੋਂ ਧਾਰਾ 420, 406, 24 ਇਮੀਗ੍ਰੇਸ਼ਨ ਐਕਟ, ਹਿਊਮਨ ਟ੍ਰੈਫਿਕਿੰਗ ਐਕਟ ਅਤੇ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਐਕਟ ਤਹਿਤ ਰਣਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਖੱਸਣ, ਥਾਣਾ ਭੁਲੱਥ (ਕਪੂਰਥਲਾ) ਤੇ ਉਸ ਦੀ ਪਤਨੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ। 
ਕੀ ਕਹਿੰਦੇ ਨੇ ਐੱਸ. ਐੱਚ. ਓ. 
ਇਸ ਸੰਬੰਧ 'ਚ ਜਦੋਂ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।