ਹੈਂਡ, ਫੁੱਟ ਐਂਡ ਮਾਊਥ ਡਿਜ਼ੀਜ਼ ਦਾ ਮਿਲਿਆ ਕੇਸ, 2 ਪ੍ਰਾਈਵੇਟ ਸਕੂਲ ਬੰਦ

07/28/2022 2:17:36 PM

ਚੰਡੀਗੜ੍ਹ (ਆਸ਼ੀਸ਼) : ਸ਼ਹਿਰ ਦੇ ਸਕੂਲਾਂ ’ਚ ਪੜ੍ਹਦੇ ਬੱਚਿਆਂ ’ਤੇ ਬੀਮਾਰੀਆਂ ਨੇ ਹਮਲਾ ਕਰ ਦਿੱਤਾ ਹੈ। ਕਈ ਬੱਚਿਆਂ ’ਚ ਲੱਛਣ ਪਾਏ ਜਾਣ ਤੋਂ ਬਾਅਦ ਸਕੂਲਾਂ ਨੇ ਆਨਲਾਈਨ ਮੋਡ ’ਚ ਕਲਾਸਾਂ ਚਲਾਉਣ ਦਾ ਮਨ ਬਣਾ ਲਿਆ ਹੈ। ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ਦੇ ਕੇ. ਜੀ. ਬਲਾਕ ’ਚ ਹੈਂਡ, ਫੁੱਟ ਐਂਡ ਮਾਊਥ (ਐੱਚ. ਐੱਫ. ਐੱਮ.) ਦਾ ਕੇਸ ਆਉਣ ਤੋਂ ਬਾਅਦ ਕਈ ਪ੍ਰਾਈਵੇਟ ਸਕੂਲਾਂ ਨੇ ਛੁੱਟੀਆਂ ਕਰ ਦਿੱਤੀਆਂ ਹਨ। ਇਨ੍ਹਾਂ ਸਕੂਲਾਂ ਨੇ ਆਨਲਾਈਨ ਮੋਡ ’ਚ ਕਲਾਸਾਂ ਲਾਉਣ ਦਾ ਮਨ ਬਣਾ ਲਿਆ ਹੈ। ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਬੀਮਾਰੀਆਂ ਤੋਂ ਬਚਾਅ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ। ਸੈਕਟਰ-26 ਸਥਿਤ ਸੇਂਟ ਕਬੀਰ ਸਕੂਲ ਵਿਚ ਕਿੰਡਰਗਾਰਟਨ ਦੇ ਇਕ ਬੱਚੇ ਨੂੰ ਹੱਥਾਂ, ਮੂੰਹ ਅਤੇ ਪੈਰਾਂ ਦੀ ਬੀਮਾਰੀ ਹੋਣ ਕਾਰਨ ਭਾਜੜ ਮਚ ਗਈ ਹੈ। ਇਹ ਬੱਚਾ ਬੱਸ ਰਾਹੀਂ ਸਕੂਲ ਆਉਂਦਾ ਹੈ। ਇਸ ਤੋਂ ਮਾਪੇ ਬਹੁਤ ਡਰੇ ਹੋਏ ਹਨ। ਦੂਜੇ ਪਾਸੇ ਸਕੂਲ ਵਲੋਂ ਜਾਰੀ ਸਰਕੂਲਰ ਵਿਚ ਕਿਹਾ ਗਿਆ ਹੈ ਕਿ ਇਸ ਬੀਮਾਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ 28 ਜੁਲਾਈ ਨੂੰ ਨਰਸਰੀ ਤੋਂ ਦੂਜੀ ਜਮਾਤ ਤਕ ਸਕੂਲ ਬੰਦ ਰਹੇਗਾ। ਇਸ ਦੇ ਨਾਲ ਹੀ ਪ੍ਰਿੰਸੀਪਲ ਸ਼ਿਲਪੀ ਸੂਦ ਗਿੱਲ ਅਨੁਸਾਰ ਅਗਲੇ 24 ਘੰਟਿਆਂ ਵਿਚ ਵਰਚੁਅਲ ਕਲਾਸਾਂ ਦਾ ਸ਼ਡਿਊਲ ਮਾਪਿਆਂ ਨੂੰ ਭੇਜ ਦਿੱਤਾ ਜਾਵੇਗਾ।

ਸੇਂਟ ਜੌਹਨ 30 ਜੁਲਾਈ ਤਕ ਬੰਦ, ਆਨਲਾਈਨ ਕਲਾਸਾਂ
ਸ਼ਹਿਰ ’ਚ ਵਧਦੇ ਕੋਰੋਨਾ ਦੇ ਪ੍ਰਭਾਵ ਦੇ ਮੱਦੇਨਜ਼ਰ ਸੈਕਟਰ-26 ਦੇ ਦੋ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਸੈਕਟਰ-26 ਦੇ ਸੇਂਟ ਜੌਹਨ ਹਾਈ ਸਕੂਲ ਵਿਚ ਕੋਰੋਨਾ ਦੇ ਮੱਦੇਨਜ਼ਰ ਸਾਵਧਾਨੀ ਵਰਤਦਿਆਂ 30 ਜੁਲਾਈ ਤਕ ਯੂ. ਕੇ. ਜੀ. ਤੋਂ 12ਵੀਂ ਤਕ ਆਨਲਾਈਨ ਕਲਾਸਾਂ ਲੱਗਣਗੀਆਂ, ਜਿਸ ਦਾ ਸ਼ਡਿਊਲ ਮਾਪਿਆਂ ਨੂੰ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਸਕੂਲ ਵਲੋਂ 31 ਜੁਲਾਈ ਨੂੰ ਸਮੀਖਿਆ ਕੀਤੀ ਜਾਵੇਗੀ, ਜਿਸ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ ਕਿ 1 ਅਗਸਤ ਸੋਮਵਾਰ ਤੋਂ ਕਲਾਸਾਂ ਆਫਲਾਈਨ ਹੋਣਗੀਆਂ ਜਾਂ ਆਨਲਾਈਨ ਜਾਰੀ ਰੱਖੀਆਂ ਜਾਣਗੀਆਂ।

ਕੁਝ ਸਕੂਲ ਕਰ ਰਹੇ ਵੇਟ ਐਂਡ ਵਾਚ
ਪੇਰੈਂਟਸ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਿਤਿਨ ਗੋਇਲ ਨੇ ਕਿਹਾ ਕਿ ਹਾਲ ਹੀ ਵਿਚ ਕੋਵਿਡ ਅਤੇ ਮੰਕੀਪਾਕਸ ਦੇ ਮਾਮਲਿਆਂ ਦੇ ਮੱਦੇਨਜ਼ਰ ਵੱਖ-ਵੱਖ ਸਕੂਲਾਂ ਤੋਂ ਲਗਭਗ ਹਰ ਰੋਜ਼ ਡਰਾਉਣੀਆਂ ਖਬਰਾਂ ਆ ਰਹੀਆਂ ਹਨ। ਕੁਝ ਸਕੂਲ ਪਹਿਲਾਂ ਹੀ ਸਿੱਖਿਆ ਦੇ ਵਰਚੁਅਲ ਮੋਡ ਵਿਚ ਚਲੇ ਗਏ ਹਨ, ਜਦੋਂਕਿ ਦੂਜੇ ਵੇਟ ਐਂਡ ਵਾਚ ਕਰ ਰਹੇ ਹਨ। ਸਿਹਤ ਅਤੇ ਸਿੱਖਿਆ ਵਿਭਾਗ ਵਲੋਂ ਇਕਸਾਰ ਨਿਰਦੇਸ਼ ਜਾਂ ਦਿਸ਼ਾ-ਨਿਰਦੇਸ਼ਾਂ ਦੀ ਘਾਟ ਵਿਚ, ਇੱਥੋਂ ਤਕ ਕਿ ਸ਼ਹਿਰ ਦੇ ਸਕੂਲ ਵੀ ਅਣਜਾਣ ਹਨ ਕਿ ਕੀ ਉਨ੍ਹਾਂ ਨੂੰ ਆਫਲਾਈਨ ਕਲਾਸਾਂ ਜਾਰੀ ਰੱਖਣੀਆਂ ਚਾਹੀਦੀਆਂ ਹਨ ਜਾਂ ਨਹੀਂ।

Anuradha

This news is Content Editor Anuradha