ਕਾਰਪੇਂਟਰ ਦਾ ਕੰਮ ਸਿਖ ਰਹੇ ਨੌਜਵਾਨ ਦੀ ਖੂਨ ਨਾਲ ਲਥਪਥ ਮਿਲੀ ਲਾਸ਼, ਵੱਢਿਆ ਹੋਇਆ ਸੀ ਗਲ਼ਾ

04/26/2024 2:17:57 PM

ਪਟਿਆਲਾ (ਬਲਜਿੰਦਰ) : ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪ੍ਰੋਫੈਸਰ ਇਨਕਲੇਵ ’ਚ ਇਕ ਨਵੇਂ ਬਣ ਰਹੇ ਘਰ ’ਚ ਲੱਕੜ ਦਾ ਕੰਮ ਕਰਨ ਲਈ ਆਏ ਨੌਜਵਾਨ ਦੀ ਖੂਨ ਨਾਲ ਲਥਪਥ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਅਜੇ ਕੁਮਾਰ (20) ਵਾਸੀ ਪਿੰਡ ਹਰੀਗੜ੍ਹ ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਨੇ ਇਸ ਨੂੰ ਕਤਲ ਦੱਸਿਆ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਪਟਿਆਲਾ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਫਿਲਹਾਲ ਮੌਤ ਕਿਸ ਤਰ੍ਹਾਂ ਹੋਈ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਪਰ ਪੁਲਸ ਵੱਲੋਂ ਆਸ-ਪਾਸ ਤੋਂ ਸਮੁੱਚੇ ਸਬੂਤ ਇਕੱਠੇ ਕਰ ਲਏ ਗਏ ਹਨ। ਸੀ. ਸੀ. ਟੀ. ਵੀ. ਫੁਟੇਜ ਵੀ ਲੈ ਲਈ ਗਈ ਹੈ। ਉਸ ਤੋਂ ਬਾਅਦ ਸਮੁੱਚੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਜੇ ਕੁਮਾਰ ਦੀ ਮੌਤ ਅਚਾਨਕ ਹਾਦਸੇ ਕਾਰਨ ਹੋਈ ਜਾਂ ਫਿਰ ਇਹ ਕਤਲ ਹੈ, ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਧਰ ਲੜਕੇ ਦੇ ਪਿਤਾ ਅਤੇ ਦਾਦੇ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਹੋਇਆ ਹੈ। ਉਸ ਦੀ ਲਾਸ਼ ਸਾਰਾ ਕੁਝ ਆਪ ਬੋਲਦੀ ਹੈ। ਉਨ੍ਹਾਂ ਦਾ ਬੱਚਾ ਲੱਕੜ ਦਾ ਕੰਮ ਸਿੱਖਣ ਲਈ ਆਉਂਦਾ ਸੀ। ਪਿਛਲੇ 2 ਸਾਲਾਂ ਤੋਂ ਲੱਕੜ ਦਾ ਕੰਮ ਸਿਖ ਰਿਹਾ ਸੀ। ਅੱਜ ਵੀ ਉਹ ਪਿੰਡ ਦੇ ਮੁੰਡੇ ਨਾਲ ਕੰਮ ’ਤੇ ਆਇਆ ਅਤੇ ਬਾਅਦ ਦੁਪਹਿਰ ਉਨ੍ਹਾਂ ਨੂੰ ਉਸ ਦੀ ਮੌਤ ਦੀ ਸੂਚਨਾ ਮਿਲੀ। ਜਦੋਂ ਇਥੇ ਆ ਕੇ ਵੇਖਿਆ ਤਾਂ ਉਸ ਦੀ ਗਲ ਕੱਟਿਆ ਪਿਆ ਸੀ। ਲਾਸ਼ ਖੂਨ ਨਾਲ ਲਥਪਥ ਪਈ ਸੀ, ਜਿਸ ਤੋਂ ਸਪੱਸ਼ਟ ਹੁੰਦਾ ਸੀ ਕਿ ਇੰਨਾ ਵੱਡਾ ਹਾਦਸਾ ਨਹੀਂ ਵਾਪਰ ਸਕਦਾ ਹੈ, ਬਲਕਿ ਯੋਜਨਾਬੱਧ ਤਰੀਕੇ ਨਾਲ ਕਤਲ ਕੀਤਾ ਲੱਗਦਾ ਹੈ। ਦੂਸਰੇ ਪਾਸੇ ਠੇਕੇਦਾਰ ਨੇ ਦੱਸਿਆ ਕਿ ਉਹ ਦੁਪਹਿਰ ਦਾ ਖਾਣਾ ਲੈਣ ਲਈ ਬਾਹਰ ਗਏ ਜਦੋਂ ਆ ਕੇ ਦੇਖਿਆ ਤਾਂ ਅਜੇ ਕੁਮਾਰ ਦੀ ਲਾਸ਼ ਖੂਨ ਨਾਲ ਲਥਪਥ ਪਈ ਸੀ। ਦੇਖਣ ਤੋਂ ਲੱਗਦਾ ਸੀ ਕਿ ਉਸ ਨੇ ਕਟਰ ਨਾਲ ਛੇੜਛਾੜ ਕੀਤੀ ਅਤੇ ਕਟਰ ਟੁੱਟ ਕੇ ਉਸ ਦੇ ਗਲ ’ਤੇ ਲੱਗਿਆ। ਬਾਕੀ ਕੀ ਹੋਇਆ, ਸਬੰਧੀ ਉਸ ਨੂੰ ਕੁਝ ਨਹੀਂ ਪਤਾ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ’ਚ ਜੁਟ ਗਈ ਹੈ।

Gurminder Singh

This news is Content Editor Gurminder Singh